ਸੁਰਗਾਪੁਰੀ ’ਚ ਗਰੀਬ ਪਰਿਵਾਰ ’ਤੇ ਟੁੱਟੀ ਮੁਸੀਬਤ, ਮਕਾਨ ਦੀ ਛੱਤ ਡਿੱਗੀ ਸੁਰਗਾਪੁਰੀ ’ਚ ਗਰੀਬ ਪਰਿਵਾਰ ’ਤੇ ਟੁੱਟੀ ਮੁਸੀਬਤ, ਮਕਾਨ ਦੀ ਛੱਤ ਡਿੱਗਣ ਨਾਲ ਡੇਢ ਲੱਖ ਦਾ ਨੁਕਸਾਨ
Publish Date: Wed, 25 Nov 2026 05:19 PM (IST)
Updated Date: Wed, 25 Nov 2026 05:22 PM (IST)
ਦੋ ਸਾਲ ਪਹਿਲਾਂ ਆਵਾਸ ਯੋਜਨਾ ਤਹਿਤ ਭਰੇ ਫਾਰਮ, ਨਹੀਂ ਮਿਲੀ ਸਹਾਇਤਾ ਜਗਮੀਤ ਸਿੰਘ, ਪੰਜਾਬੀ ਜਾਗਰਣ, ਫਰੀਦਕੋਟ : ਸੁਰਗਾਪੁਰੀ ਇਲਾਕੇ ਵਿੱਚ ਇੱਕ ਗਰੀਬ ਪਰਿਵਾਰ ਲਈ ਉਸ ਸਮੇਂ ਵੱਡੀ ਮੁਸੀਬਤ ਖੜ੍ਹੀ ਹੋ ਗਈ, ਜਦੋਂ ਅੱਜ ਸਵੇਰੇ ਅਚਾਨਕ ਮਕਾਨ ਦੀ ਛੱਤ ਡਿੱਗ ਪਈ। ਹਾਦਸੇ ਦੌਰਾਨ ਪਰਿਵਾਰ ਦਾ ਕੀਮਤੀ ਘਰੇਲੂ ਸਾਮਾਨ ਮਲਬੇ ਹੇਠ ਦੱਬ ਕੇ ਨੁਕਸਾਨਿਆ ਗਿਆ। ਖੁਸ਼ਕਿਸਮਤੀ ਨਾਲ ਘਟਨਾ ਸਮੇਂ ਕੋਈ ਵੀ ਵਿਅਕਤੀ ਮਲਬੇ ਦੀ ਲਪੇਟ ਵਿੱਚ ਨਹੀਂ ਆਇਆ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰਿਵਾਰ ਮੁਤਾਬਕ ਇਸ ਹਾਦਸੇ ਵਿੱਚ ਕਰੀਬ ਡੇਢ ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਪੀੜਤ ਨਿਰਮਲਾ ਦੇਵੀ ਪਤਨੀ ਸਵਰਗੀ ਅੰਗਰੇਜ਼ ਨੇ ਭਰੇ ਮਨ ਨਾਲ ਦੱਸਿਆ ਕਿ ਸਵੇਰੇ ਜਦੋਂ ਉਹ ਘਰ ਦੇ ਵਿਹੜੇ ਵਿੱਚ ਆਪਣੇ ਕੰਮਕਾਰ ਵਿੱਚ ਰੁੱਝੀ ਹੋਈ ਸੀ ਤਾਂ ਅਚਾਨਕ ਮਕਾਨ ਦੀ ਛੱਤ ਡਿੱਗ ਗਈ। ਛੱਤ ਡਿੱਗਣ ਦੀ ਆਵਾਜ਼ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਇਸ ਹਾਦਸੇ ਕਾਰਨ ਕਮਰੇ ਵਿੱਚ ਪਿਆ ਬੈੱਡ, ਅਲਮਾਰੀ, ਮੋਬਾਈਲ ਫੋਨ, ਟੈਲੀਵਿਜ਼ਨ ਅਤੇ ਹੋਰ ਘਰੇਲੂ ਸਾਮਾਨ ਮਲਬੇ ਹੇਠ ਆ ਕੇ ਨੁਕਸਾਨਿਆ ਗਿਆ। ਨਿਰਮਲਾ ਦੇਵੀ ਅਨੁਸਾਰ ਉਨ੍ਹਾਂ ਦਾ ਪਰਿਵਾਰ ਪਹਿਲਾਂ ਹੀ ਆਰਥਿਕ ਤੰਗੀ ਵਿੱਚੋਂ ਲੰਘ ਰਿਹਾ ਹੈ। ਬੱਚੇ ਮਿਹਨਤ-ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਚਲਾ ਰਹੇ ਹਨ। ਅਜਿਹੇ ਹਾਲਾਤ ਵਿੱਚ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਲਈ ਰਹਿਣ-ਸਹਿਣ ਅਤੇ ਘਰ ਦੀ ਮੁੜ ਉਸਾਰੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਕੋਲ ਇੰਨੇ ਸਾਧਨ ਨਹੀਂ ਹਨ ਕਿ ਆਪਣੇ ਪੱਧਰ ’ਤੇ ਮਕਾਨ ਦੀ ਮੁਰੰਮਤ ਜਾਂ ਮੁੜ ਉਸਾਰੀ ਕਰਵਾ ਸਕਣ। ਪੀੜਤ ਪਰਿਵਾਰ ਨੇ ਸਰਕਾਰੀ ਯੋਜਨਾਵਾਂ ਦੇ ਲਾਭ ਮਿਲਣ ਵਿੱਚ ਹੋ ਰਹੀ ਦੇਰੀ ’ਤੇ ਵੀ ਸਵਾਲ ਉਠਾਏ ਹਨ। ਨਿਰਮਲਾ ਦੇਵੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਬਣਵਾਉਣ ਲਈ ਕਰੀਬ ਦੋ ਸਾਲ ਪਹਿਲਾਂ ਲੋੜੀਂਦੇ ਫਾਰਮ ਭਰੇ ਗਏ ਸਨ, ਪਰ ਅਜੇ ਤੱਕ ਪਰਿਵਾਰ ਨੂੰ ਇਸ ਯੋਜਨਾ ਤਹਿਤ ਕੋਈ ਆਰਥਿਕ ਸਹਾਇਤਾ ਨਹੀਂ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਰਕਾਰੀ ਸਹਾਇਤਾ ਮਿਲ ਜਾਂਦੀ ਤਾਂ ਸ਼ਾਇਦ ਅੱਜ ਪਰਿਵਾਰ ਨੂੰ ਇਸ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪੈਂਦਾ। ਸੱਤ ਪਰਿਵਾਰਾਂ ਦੇ ਮਕਾਨ ਮਨਜ਼ੂਰ ਹੋਣ ਦੇ ਬਾਵਜੂਦ ਸਹਾਇਤਾ ਨਾ ਮਿਲਣ ਦਾ ਦੋਸ਼ ਇਸ ਸਬੰਧੀ ਵਾਰਡ ਨੰਬਰ 25 ਦੇ ਕੌਂਸਲਰ ਮਨਜਿੰਦਰ ਸਿੰਘ ਗੋਪੀ ਨੇ ਕਿਹਾ ਕਿ ਪੀੜਤ ਪਰਿਵਾਰ ਸਮੇਤ ਵਾਰਡ ਦੇ ਸੱਤ ਪਰਿਵਾਰਾਂ ਦੇ ਮਕਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਾਉਣ ਲਈ ਮਨਜ਼ੂਰ ਹੋਏ ਸਨ, ਪਰ ਇਸ ਦੇ ਬਾਵਜੂਦ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਯੋਜਨਾ ਦਾ ਲਾਭ ਸਮੇਂ ਸਿਰ ਨਾ ਮਿਲਣਾ ਚਿੰਤਾ ਦਾ ਵਿਸ਼ਾ ਹੈ। ਪੀੜਤ ਪਰਿਵਾਰ ਅਤੇ ਕੌਂਸਲਰ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ, ਛੱਤ ਡਿੱਗਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਪਰਿਵਾਰ ਨੂੰ ਮਕਾਨ ਦੀ ਮੁੜ ਉਸਾਰੀ ਲਈ ਤੁਰੰਤ ਆਰਥਿਕ ਸਹਾਇਤਾ ਦਿੱਤੀ ਜਾਵੇ। ਇਸ ਦੇ ਨਾਲ ਹੀ ਆਵਾਸ ਯੋਜਨਾ ਤਹਿਤ ਮਨਜ਼ੂਰ ਹੋਏ ਹੋਰ ਪਰਿਵਾਰਾਂ ਨੂੰ ਵੀ ਬਿਨਾਂ ਹੋਰ ਦੇਰੀ ਦੇ ਬਣਦਾ ਲਾਭ ਦੇਣ ਦੀ ਅਪੀਲ ਕੀਤੀ ਗਈ।