- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਦੇਵ ਜੀ ਦੇ ਵਾਤਾਵਰਨ ਸੰਭਾਲ ਅਤੇ ਸਾਦਗੀ ਦੇ ਸੰਦੇਸ਼ ਨੂੰ ਸਮਰਪਿਤ ਰਹੀ ਸਾਈਕਲਿੰਗ ਰਾਈਡ

ਸ਼ਿਵ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੀ ਬੀ 04 ਸਾਈਕਲਿੰਗ ਲਵਰਜ਼ ਸੋਸਾਇਟੀ ਵੱਲੋਂ ਸਾਈਕਲਿੰਗ ਰਾਹੀਂ ਸਿਹਤਮੰਦ ਜੀਵਨ ਅਤੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦੇਣ ਲਈ ਵਿਸ਼ੇਸ਼ ਗਰੁੱਪ ਰਾਈਡ ਕਰਵਾਈ ਗਈ। ਮੰਗਲਵਾਰ ਤੜਕਸਾਰ ਕਰਵਾਈ ਗਈ ਇਸ ਰਾਈਡ ਵਿੱਚ ਸੋਸਾਇਟੀ ਦੇ 25 ਮੈਂਬਰਾਂ ਤੋਂ ਇਲਾਵਾ ਬੀਐੱਸਐੱਫ ਹੈੱਡਕੁਆਰਟਰ ਫਰੀਦਕੋਟ ਦੇ ਚਾਰ ਰਾਈਡਰਾਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਫਰੀਦਕੋਟ ਤੋਂ ਸ਼ੁਰੂ ਹੋਈ ਇਹ ਸਾਈਕਲ ਰਾਈਡ ਚੰਦਬਾਜਾ ਤੱਕ ਪਹੁੰਚੀ ਅਤੇ ਉੱਥੋਂ ਵਾਪਸ ਫਰੀਦਕੋਟ ਆ ਕੇ ਸੰਪੰਨ ਹੋਈ। ਇਸ ਦੌਰਾਨ ਰਾਈਡਰਾਂ ਨੇ ਕੁੱਲ 30 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਸਾਂਝਾ ਕਰਨ ਦੇ ਨਾਲ-ਨਾਲ ਇਸ ਰਾਈਡ ਦਾ ਮਕਸਦ ਲੋਕਾਂ ਨੂੰ ਸਾਈਕਲਿੰਗ ਅਪਣਾਉਣ, ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਹੋਣ ਅਤੇ ਕੁਦਰਤੀ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਵੀ ਸੀ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਮਹਿਮੂਆਣਾ ਨੇ ਸਮੁੱਚੇ ਸਿੱਖ ਜਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ। ਉਨ੍ਹਾਂ ਕਿਹਾ ਕਿ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ ਗੁਰੂ ਸਾਹਿਬ ਵੱਲੋਂ ਦਰਸਾਏ ਜੀਵਨ ਦੇ ਅਜਿਹੇ ਸਿਧਾਂਤ ਹਨ, ਜਿਨ੍ਹਾਂ ਨੂੰ ਅਪਣਾ ਕੇ ਸਮਾਜ ਵਿੱਚ ਬਰਾਬਰੀ, ਸਦਭਾਵਨਾ ਅਤੇ ਸਾਦਗੀ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਗੁਰੂ ਸਾਹਿਬ ਦੀਆਂ ਉਦਾਸੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪੈਦਲ ਲੰਮੇ ਸਫ਼ਰ ਤੈਅ ਕਰਕੇ ਮਨੁੱਖਤਾ ਨੂੰ ਸੱਚ, ਸੇਵਾ ਅਤੇ ਕੁਦਰਤ ਨਾਲ ਪਿਆਰ ਕਰਨ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਕੁਦਰਤ ਦੀ ਮਹੱਤਤਾ ਸਮਝਾਈ ਸੀ। ਪਰ ਅੱਜ ਮਨੁੱਖ ਦੀਆਂ ਵਧਦੀਆਂ ਲੋੜਾਂ ਅਤੇ ਗੈਰ-ਜ਼ਿੰਮੇਵਾਰਾਨਾ ਜੀਵਨਸ਼ੈਲੀ ਕਾਰਨ ਹਵਾ ਤੇ ਪਾਣੀ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਰੁੱਖਾਂ ਦੀ ਕਟਾਈ ਨਾਲ ਪੰਛੀਆਂ ਦੇ ਕੁਦਰਤੀ ਆਵਾਸ ਵੀ ਖ਼ਤਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਿਰਫ਼ ਸਮਾਗਮਾਂ ਤੱਕ ਸੀਮਤ ਰੱਖਣ ਦੀ ਬਜਾਏ ਆਪਣੇ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਈਏ ਤਾਂ ਸਮਾਜ ਅਤੇ ਵਾਤਾਵਰਨ ਦੋਵਾਂ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਛੋਟੇ-ਛੋਟੇ ਸਫ਼ਰਾਂ ਲਈ ਵਾਹਨਾਂ ਦੀ ਬਜਾਏ ਸਾਈਕਲ ਦੀ ਵਰਤੋਂ ਕਰਨ ਅਤੇ ਸਾਦਗੀ ਭਰੀ ਜੀਵਨਸ਼ੈਲੀ ਅਪਣਾਉਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਮਿਲ ਸਕੇ। ਇਸ ਮੌਕੇ ਐਂਕਰ ਜੋਨੀ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਰਾਈਡ ਵਿੱਚ ਸ਼ਾਮਲ ਮੈਂਬਰਾਂ ਲਈ ਚਾਹ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਲੱਕੀ ਚੋਪੜਾ, ਲੱਕੀ ਆਪਟੀਕਲਜ਼ ਫਰੀਦਕੋਟ ਵੱਲੋਂ ਕੀਤਾ ਗਿਆ।