ਪੁੱਤਰ-ਨੂੰਹ ’ਤੇ ਪਿਤਾ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼, ਕੇਸ ਦਰਜ ਪਿੰਡ ਮੱਤਾ ’ਚ ਜਾਇਦਾਦ ਦੇ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਪੁੱਤਰ-ਨੂੰਹ ’ਤੇ ਪਿਤਾ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼
Publish Date: Tue, 24 Nov 2026 05:10 PM (IST)
Updated Date: Tue, 24 Nov 2026 05:13 PM (IST)
ਭੋਲ਼ਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜਾਇਦਾਦ ਆਪਣੇ ਨਾਂ ਕਰਵਾਉਣ ਅਤੇ ਪੈਸਿਆਂ ਦੀ ਮੰਗ ਨੂੰ ਲੈ ਕੇ ਪੈਦਾ ਹੋਇਆ ਪਰਿਵਾਰਕ ਵਿਵਾਦ ਆਖ਼ਰਕਾਰ ਇੱਕ ਬਜ਼ੁਰਗ ਦੀ ਮੌਤ ਦਾ ਕਾਰਨ ਬਣ ਗਿਆ। ਪਿੰਡ ਮੱਤਾ ਵਿੱਚ ਹਰਜਿੰਦਰ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਉਸ ਦੇ ਆਪਣੇ ਪੁੱਤਰ ਅਤੇ ਨੂੰਹ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕਤਲ ਦੀ ਸਾਜ਼ਿਸ਼ ਰਚਣ ਅਤੇ ਹੱਤਿਆ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਹਿਲਾਂ ਬਜ਼ੁਰਗ ਨੂੰ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਪਿਲਾਈਆਂ ਗਈਆਂ ਅਤੇ ਬੇਸੁੱਧ ਹੋਣ ਤੋਂ ਬਾਅਦ ਉਸ ਦਾ ਸਾਫ਼ੇ ਨਾਲ ਗਲਾ ਘੁੱਟ ਦਿੱਤਾ ਗਿਆ। ਮਾਮਲੇ ਦੀ ਸ਼ੁਰੂਆਤ 21 ਨਵੰਬਰ ਦੀ ਰਾਤ ਨੂੰ ਹਰਜਿੰਦਰ ਸਿੰਘ ਦੀ ਮੌਤ ਤੋਂ ਹੋਈ। ਉਸ ਦੀ ਧੀ ਸੁਖਪ੍ਰੀਤ ਕੌਰ ਪਤਨੀ ਬਲਰਾਜ ਸਿੰਘ ਵਾਸੀ ਪਿੰਡ ਬਰਕੰਦੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਭਰਾ ਹਰਵਿੰਦਰ ਸਿੰਘ ਉਰਫ਼ ਨਿੱਕਾ ਨੇ ਫੋਨ ਕਰ ਕੇ ਪਿਤਾ ਦੀ ਮੌਤ ਹੋਣ ਦੀ ਸੂਚਨਾ ਦਿੱਤੀ ਸੀ। ਉਸ ਨੇ ਦੱਸਿਆ ਸੀ ਕਿ ਹਰਜਿੰਦਰ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸੂਚਨਾ ਮਿਲਣ ’ਤੇ ਜਦੋਂ ਸੁਖਪ੍ਰੀਤ ਕੌਰ ਆਪਣੇ ਪੇਕੇ ਪਿੰਡ ਮੱਤਾ ਪਹੁੰਚੀ ਤਾਂ ਪਿਤਾ ਦੀ ਲਾਸ਼ ਦੇ ਗਲੇ ’ਤੇ ਨਿਸ਼ਾਨ ਦੇਖ ਕੇ ਉਸ ਨੂੰ ਮੌਤ ਦੇ ਕਾਰਨਾਂ ਬਾਰੇ ਸ਼ੱਕ ਹੋਇਆ। ਇਸ ਤੋਂ ਬਾਅਦ ਉਸ ਨੇ ਆਪਣੀ ਮਾਤਾ ਸੁਖਵਿੰਦਰ ਕੌਰ ਨਾਲ ਗੱਲਬਾਤ ਕੀਤੀ ਅਤੇ ਮਾਮਲੇ ਦੀ ਜਾਂਚ ਕਰਵਾਉਣ ਲਈ ਪੁਲਿਸ ਕੋਲ ਪਹੁੰਚ ਕੀਤੀ। -- ਪਰਿਵਾਰਕ ਝਗੜੇ ਤੋਂ ਬਾਅਦ ਬੁਲਾਏ ਸਾਥੀ ਸ਼ਿਕਾਇਤ ਵਿੱਚ ਲਾਏ ਗਏ ਦੋਸ਼ਾਂ ਅਨੁਸਾਰ 21 ਨਵੰਬਰ ਨੂੰ ਹਰਜਿੰਦਰ ਸਿੰਘ ਦਾ ਸਾਲਾ ਚਰਨਜੀਤ ਸਿੰਘ ਉਰਫ਼ ਚੂ ਵਾਸੀ ਜੈਤਸਰ ਮੰਡੀ ਵੀ ਘਰ ਆਇਆ ਹੋਇਆ ਸੀ। ਇਸ ਦੌਰਾਨ ਪਰਿਵਾਰਕ ਮਾਮਲਿਆਂ ਨੂੰ ਲੈ ਕੇ ਹਰਜਿੰਦਰ ਸਿੰਘ ਅਤੇ ਹੋਰਨਾਂ ਵਿਚਕਾਰ ਤਕਰਾਰ ਹੋ ਗਈ। ਦੋਸ਼ ਹੈ ਕਿ ਇਸ ਤੋਂ ਬਾਅਦ ਹਰਵਿੰਦਰ ਸਿੰਘ ਉਰਫ਼ ਨਿੱਕਾ ਨੇ ਆਪਣੇ ਦੋਸਤ ਧਰਮਿੰਦਰ ਸਿੰਘ ਉਰਫ਼ ਭਿੰਡਰ ਉਰਫ਼ ਬੱਕਰਾ ਅਤੇ ਇੱਕ ਹੋਰ ਅਣਪਛਾਤੇ ਨੌਜਵਾਨ ਨੂੰ ਵੀ ਉੱਥੇ ਬੁਲਾ ਲਿਆ। ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਸਾਰਿਆਂ ਨੇ ਕਥਿਤ ਤੌਰ ’ਤੇ ਮਿਲ ਕੇ ਹਰਜਿੰਦਰ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ। ਇਸ ਯੋਜਨਾ ਤਹਿਤ ਨੂੰਹ ਕੋਮਲ ਵੱਲੋਂ ਹਰਜਿੰਦਰ ਸਿੰਘ ਦੀ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਮਿਲਾਈਆਂ ਗਈਆਂ। ਚਾਹ ਪੀਣ ਤੋਂ ਬਾਅਦ ਜਦੋਂ ਉਹ ਬੇਸੁੱਧ ਹੋ ਗਿਆ ਤਾਂ ਰਾਤ ਕਰੀਬ 11.30 ਵਜੇ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਉਸ ਨੂੰ ਕਾਬੂ ਕਰ ਲਿਆ। ਦੋਸ਼ ਹੈ ਕਿ ਹਰਵਿੰਦਰ ਸਿੰਘ, ਚਰਨਜੀਤ ਸਿੰਘ, ਧਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀ ਨੇ ਬਜ਼ੁਰਗ ਦੀਆਂ ਲੱਤਾਂ ਅਤੇ ਬਾਹਾਂ ਫੜੀਆਂ, ਜਦਕਿ ਕੋਮਲ ਨੇ ਸਾਫ਼ੇ ਨਾਲ ਉਸ ਦਾ ਗਲਾ ਘੁੱਟ ਦਿੱਤਾ। ਇਸ ਕਾਰਨ ਹਰਜਿੰਦਰ ਸਿੰਘ ਦੀ ਮੌਤ ਹੋ ਗਈ। -- ਘਰ ਤੇ ਪੈਸਿਆਂ ਨੂੰ ਲੈ ਕੇ ਚੱਲ ਰਹੀ ਸੀ ਖਿੱਚੋਤਾਣ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਹਰਵਿੰਦਰ ਸਿੰਘ ਆਪਣੇ ਪਿਤਾ ਤੋਂ ਅਕਸਰ ਪੈਸਿਆਂ ਦੀ ਮੰਗ ਕਰਦਾ ਸੀ। ਇਸ ਤੋਂ ਇਲਾਵਾ ਉਹ ਪਿਤਾ ਦਾ ਘਰ ਵੀ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ, ਪਰ ਹਰਜਿੰਦਰ ਸਿੰਘ ਇਸ ਲਈ ਰਾਜ਼ੀ ਨਹੀਂ ਸੀ। ਇਸ ਗੱਲ ਨੂੰ ਲੈ ਕੇ ਪਿਓ-ਪੁੱਤਰ ਵਿਚਕਾਰ ਅਕਸਰ ਵਿਵਾਦ ਹੁੰਦਾ ਰਹਿੰਦਾ ਸੀ। ਪੁਲਿਸ ਰਿਪੋਰਟ ਵਿੱਚ ਇਸ ਜਾਇਦਾਦੀ ਵਿਵਾਦ ਅਤੇ ਪੈਸਿਆਂ ਦੀ ਮੰਗ ਨੂੰ ਹੀ ਕਤਲ ਪਿੱਛੇ ਮੁੱਖ ਰੰਜਿਸ਼ ਵਜੋਂ ਦਰਸਾਇਆ ਗਿਆ ਹੈ। -- ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਥਾਣਾ ਪੁਲਿਸ ਨੇ ਸੁਖਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਹਰਵਿੰਦਰ ਸਿੰਘ ਉਰਫ਼ ਨਿੱਕਾ, ਉਸ ਦੀ ਪਤਨੀ ਕੋਮਲ, ਚਰਨਜੀਤ ਸਿੰਘ ਉਰਫ਼ ਚੂ, ਧਰਮਿੰਦਰ ਸਿੰਘ ਉਰਫ਼ ਭਿੰਡਰ ਉਰਫ਼ ਬੱਕਰਾ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 103, 61(2), 191(3) ਅਤੇ 190 ਤਹਿਤ ਮੁਕੱਦਮਾ ਨੰਬਰ 272 ਦਰਜ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।