ਫ਼ਰੀਦਕੋਟ ਤੇ ਕੋਟਕਪੂਰਾ ਦੀ ਸੁਰੱਖਿਆ ਲਈ ਲੱਗਣਗੇ 110 ਹਾਈਟੈੱਕ ਸੀਸੀਟੀਵੀ ਕੈਮਰੇ ਫ਼ਰੀਦਕੋਟ ਤੇ ਕੋਟਕਪੂਰਾ ਦੀ ਸੁਰੱਖਿਆ ਲਈ ਲੱਗਣਗੇ 110 ਹਾਈਟੈੱਕ ਸੀਸੀਟੀਵੀ ਕੈਮਰੇ, 56 ਲੱਖ ਰੁਪਏ ਹੋਣਗੇ ਖ਼ਰਚ
Publish Date: Sun, 22 Nov 2026 04:04 PM (IST)
Updated Date: Sun, 22 Nov 2026 04:07 PM (IST)
ਕੋਟਕਪੂਰਾ ’ਚ 21 ਲੱਖ ਦੀ ਲਾਗਤ ਨਾਲ ਲੱਗਣਗੇ 40 ਕੈਮਰੇ, ਫ਼ਰੀਦਕੋਟ ’ਚ 35 ਲੱਖ ਨਾਲ 70 ਕੈਮਰੇ ਲਗਾਉਣ ਦੀ ਯੋਜਨਾ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਜ਼ਿਲ੍ਹੇ ਦੇ ਦੋ ਪ੍ਰਮੁੱਖ ਸ਼ਹਿਰਾਂ ਫ਼ਰੀਦਕੋਟ ਅਤੇ ਕੋਟਕਪੂਰਾ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਨੱਥ ਪਾਉਣ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਧੁਨਿਕ ਨਿਗਰਾਨੀ ਪ੍ਰਬੰਧ ਸਥਾਪਤ ਕਰਨ ਦੀ ਯੋਜਨਾ ਉਲੀਕੀ ਗਈ ਹੈ। ਪੰਜਾਬ ਸਰਕਾਰ ਦੀ ਇਸ ਯੋਜਨਾ ਤਹਿਤ ਦੋਵਾਂ ਸ਼ਹਿਰਾਂ ਵਿੱਚ ਕੁੱਲ 56 ਲੱਖ ਰੁਪਏ ਦੀ ਲਾਗਤ ਨਾਲ 110 ਹਾਈਟੈੱਕ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਨ੍ਹਾਂ ਕੈਮਰਿਆਂ ਰਾਹੀਂ ਸ਼ਹਿਰਾਂ ਦੇ ਪ੍ਰਮੁੱਖ ਚੌਕਾਂ, ਭੀੜ-ਭੜੱਕੇ ਵਾਲੇ ਬਾਜ਼ਾਰਾਂ, ਜਨਤਕ ਥਾਵਾਂ ਅਤੇ ਸ਼ਹਿਰਾਂ ਵਿੱਚ ਦਾਖ਼ਲ ਹੋਣ ਵਾਲੇ ਮੁੱਖ ਰਸਤਿਆਂ ਤੇ ਨਿਗਰਾਨੀ ਰੱਖੀ ਜਾਵੇਗੀ। ਇਸ ਪ੍ਰਾਜੈਕਟ ਤਹਿਤ ਕੋਟਕਪੂਰਾ ਸ਼ਹਿਰ ਵਿੱਚ 21 ਲੱਖ ਰੁਪਏ ਦੀ ਲਾਗਤ ਨਾਲ 40 ਕੈਮਰੇ ਲਗਾਏ ਜਾਣਗੇ, ਜਦਕਿ ਜ਼ਿਲ੍ਹਾ ਹੈੱਡਕੁਆਰਟਰ ਫ਼ਰੀਦਕੋਟ ਵਿੱਚ 35 ਲੱਖ ਰੁਪਏ ਖ਼ਰਚ ਕਰਕੇ 70 ਕੈਮਰੇ ਸਥਾਪਤ ਕੀਤੇ ਜਾਣਗੇ। ਇਸ ਤਰ੍ਹਾਂ ਦੋਵਾਂ ਸ਼ਹਿਰਾਂ ਵਿੱਚ ਸੁਰੱਖਿਆ ਦੇ ਨਜ਼ਰੀਏ ਤੋਂ ਇੱਕ ਸਾਂਝਾ ਨਿਗਰਾਨੀ ਨੈੱਟਵਰਕ ਤਿਆਰ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਿਆ ਜਾ ਰਿਹਾ ਹੈ। ਕੋਟਕਪੂਰਾ ਵਿੱਚ ਲਗਾਏ ਜਾਣ ਵਾਲੇ 40 ਕੈਮਰਿਆਂ ਦੀ ਪਹੁੰਚ ਸ਼ਹਿਰ ਦੇ ਕਈ ਅਹਿਮ ਅਤੇ ਸੰਵੇਦਨਸ਼ੀਲ ਸਥਾਨਾਂ ਤੱਕ ਹੋਵੇਗੀ। ਇਨ੍ਹਾਂ ਵਿੱਚ ਢੋਡਾ ਚੌਕ, ਪੁਰਾਣੀ ਅਨਾਜ ਮੰਡੀ, ਸਿੱਖਾਂਵਾਲਾ ਰੋਡ, ਬੱਸ ਅੱਡਾ, ਜੈਤੋ ਚੁੰਗੀ, ਮਾਲ ਗੋਦਾਮ ਰੋਡ, ਹਰੀਨੌ ਰੋਡ, ਫੇਰੂਮਾਨ ਚੌਕ, ਜੋੜੀਆਂ ਚੱਕੀਆਂ, ਦੁਆਰੇਆਣਾ ਰੋਡ ਅਤੇ ਡੇਰਾ ਸੱਚਾ ਸੌਦਾ ਸਮੇਤ ਹੋਰ ਪ੍ਰਮੁੱਖ ਸਥਾਨ ਸ਼ਾਮਲ ਹਨ। ਇੱਥੇ ਕੈਮਰੇ ਲਗਾਉਣ ਦਾ ਕੰਮ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ੁਰੂ ਕਰਵਾਇਆ ਜਾ ਚੁੱਕਾ ਹੈ। ਜ਼ਿਲ੍ਹਾ ਹੈੱਡਕੁਆਰਟਰ ਫ਼ਰੀਦਕੋਟ ਵਿੱਚ ਵੀ ਇਸ ਯੋਜਨਾ ਤਹਿਤ 70 ਸੀਸੀਟੀਵੀ ਕੈਮਰੇ ਲਗਾਉਣ ਦੀ ਤਿਆਰੀ ਹੈ। ਇਨ੍ਹਾਂ ਲਈ ਕਿਲ੍ਹਾ ਚੌਕ, ਬੱਸ ਅੱਡਾ, ਬਾਬਾ ਫ਼ਰੀਦ ਸਥਾਨ ਦੇ ਨੇੜੇ, ਜੁਬਲੀ ਸਿਨੇਮਾ ਚੌਕ, ਪੁਰਾਣੀ ਅਨਾਜ ਮੰਡੀ, ਡਾਲਫਿਨ ਚੌਕ, ਸਾਦਿਕ ਚੌਕ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਆਸ-ਪਾਸ ਦੇ ਇਲਾਕਿਆਂ ਸਮੇਤ ਹੋਰ ਮਹੱਤਵਪੂਰਨ ਥਾਵਾਂ ਦੀ ਚੋਣ ਕੀਤੀ ਗਈ ਹੈ। ਹਾਲਾਂਕਿ ਫ਼ਰੀਦਕੋਟ ਵਿੱਚ ਕੈਮਰੇ ਲਗਾਉਣ ਦਾ ਕੰਮ ਅਜੇ ਸ਼ੁਰੂ ਹੋਣਾ ਬਾਕੀ ਹੈ। ਐੱਸਐੱਸਪੀ ਦਫ਼ਤਰ ਤੋਂ ਹੋਵੇਗੀ ਪੂਰੇ ਨੈੱਟਵਰਕ ਦੀ ਨਿਗਰਾਨੀ ਇਸ ਪ੍ਰਾਜੈਕਟ ਦਾ ਇੱਕ ਅਹਿਮ ਪਹਿਲੂ ਇਹ ਹੈ ਕਿ ਦੋਵਾਂ ਸ਼ਹਿਰਾਂ ਵਿੱਚ ਲੱਗਣ ਵਾਲੇ ਕੈਮਰਿਆਂ ਦੀ ਨਿਗਰਾਨੀ ਲਈ ਐੱਸਐੱਸਪੀ ਦਫ਼ਤਰ ਵਿਖੇ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਜਾਵੇਗਾ। ਇਸ ਰਾਹੀਂ ਪੁਲਿਸ ਅਧਿਕਾਰੀ ਵੱਖ-ਵੱਖ ਇਲਾਕਿਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਸਕਣਗੇ। ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਅਪਰਾਧਿਕ ਘਟਨਾ ਦੀ ਸੂਰਤ ਵਿੱਚ ਕੈਮਰਿਆਂ ਦੀ ਫੁਟੇਜ ਜਾਂਚ ਲਈ ਅਹਿਮ ਸਬੂਤ ਸਾਬਤ ਹੋ ਸਕਦੀ ਹੈ। ਇਸ ਤੋਂ ਇਲਾਵਾ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਆਉਣ-ਜਾਣ ਦੇ ਰਸਤਿਆਂ ਦਾ ਪਤਾ ਲਗਾਉਣ ਵਿੱਚ ਵੀ ਪੁਲਿਸ ਨੂੰ ਮਦਦ ਮਿਲੇਗੀ। ਬਾਜ਼ਾਰਾਂ ਦੀ ਸੁਰੱਖਿਆ ਲਈ ਲੰਬੇ ਸਮੇਂ ਤੋਂ ਉੱਠ ਰਹੀ ਸੀ ਮੰਗ ਸ਼ਹਿਰਾਂ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵੱਲੋਂ ਲੰਬੇ ਸਮੇਂ ਤੋਂ ਪ੍ਰਮੁੱਖ ਬਾਜ਼ਾਰਾਂ ਅਤੇ ਜਨਤਕ ਥਾਵਾਂ ਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ। ਦੁਕਾਨਦਾਰਾਂ ਦਾ ਮੰਨਣਾ ਹੈ ਕਿ ਚੋਰੀ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਅਜਿਹੀ ਨਿਗਰਾਨੀ ਪ੍ਰਣਾਲੀ ਬੇਹੱਦ ਲਾਹੇਵੰਦ ਸਾਬਤ ਹੋ ਸਕਦੀ ਹੈ। ਖ਼ਾਸ ਕਰਕੇ ਸ਼ਹਿਰਾਂ ਦੇ ਦਾਖ਼ਲਾ ਅਤੇ ਬਾਹਰ ਜਾਣ ਵਾਲੇ ਰਸਤਿਆਂ ਤੇ ਕੈਮਰੇ ਲੱਗਣ ਨਾਲ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਆਵਾਜਾਈ ਬਾਰੇ ਜਾਣਕਾਰੀ ਹਾਸਲ ਕਰਨੀ ਆਸਾਨ ਹੋਵੇਗੀ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਦੇ ਸਰਵਪੱਖੀ ਵਿਕਾਸ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਲੱਗਣ ਨਾਲ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਸ਼ਰਾਰਤੀ ਅਨਸਰਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਵਿੱਚ ਮਦਦ ਮਿਲੇਗੀ। ਸ਼ਹਿਰ ਵਾਸੀਆਂ ਨੇ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਉਮੀਦ ਪ੍ਰਗਟਾਈ ਕਿ ਫ਼ਰੀਦਕੋਟ ਵਿੱਚ ਵੀ ਕੈਮਰੇ ਲਗਾਉਣ ਦਾ ਕੰਮ ਜਲਦੀ ਸ਼ੁਰੂ ਹੋਵੇਗਾ। ਉਨ੍ਹਾਂ ਮੁਤਾਬਕ ਆਧੁਨਿਕ ਨਿਗਰਾਨੀ ਪ੍ਰਣਾਲੀ ਨਾਲ ਨਾ ਸਿਰਫ਼ ਅਪਰਾਧਾਂ ਦੀ ਜਾਂਚ ਵਿੱਚ ਮਦਦ ਮਿਲੇਗੀ, ਸਗੋਂ ਆਮ ਲੋਕਾਂ, ਦੁਕਾਨਦਾਰਾਂ ਅਤੇ ਵਪਾਰੀਆਂ ਵਿੱਚ ਸੁਰੱਖਿਆ ਦੀ ਭਾਵਨਾ ਵੀ ਮਜ਼ਬੂਤ ਹੋਵੇਗੀ।