2027 ਲਈ ਜੈਤੋ ਤੋਂ ਮੁਹੰਮਦ ਸਦੀਕ ਦੀ ਦਾਅਵੇਦਾਰੀ ਚਰਚਾ ’ਚ 2027 ਲਈ ਜੈਤੋ ਤੋਂ ਮੁਹੰਮਦ ਸਦੀਕ ਦੀ ਦਾਅਵੇਦਾਰੀ ਚਰਚਾ ਵਿੱਚ
Publish Date: Sun, 22 Nov 2026 03:36 PM (IST)
Updated Date: Sun, 22 Nov 2026 03:40 PM (IST)
ਲੋਕ ਗਾਇਕੀ ਤੋਂ ਸੰਸਦ ਤੱਕ ਦਾ ਸਫ਼ਰ, ਹਲਕੇ ਨਾਲ ਪੁਰਾਣਾ ਨਾਤਾ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬੀ ਮਾਂ ਬੋਲੀ, ਸੱਭਿਆਚਾਰ ਅਤੇ ਲੋਕ ਗਾਇਕੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਵਿਸ਼ਵ ਪ੍ਰਸਿੱਧ ਲੋਕ ਗਾਇਕ, ਉੱਘੇ ਅਦਾਕਾਰ ਅਤੇ ਦੋਗਾਣਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਇੱਕ ਵਾਰ ਫਿਰ ਵਿਧਾਨ ਸਭਾ ਹਲਕਾ ਜੈਤੋ ਦੀ ਸਿਆਸਤ ਵਿੱਚ ਚਰਚਾ ਦਾ ਕੇਂਦਰ ਬਣੇ ਹੋਏ ਹਨ। ਆਪਣੀ ਮਿੱਠਬੋਲੜੀ ਸ਼ਖ਼ਸੀਅਤ, ਮਿਲਾਪੜੇ ਸੁਭਾਅ, ਸਾਦਗੀ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਰੱਖਣ ਦੀ ਪਛਾਣ ਵਾਲੇ ਮੁਹੰਮਦ ਸਦੀਕ ਦਾ ਨਾਂ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜੈਤੋ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਦਾਅਵੇਦਾਰਾਂ ਵਿੱਚ ਸਭ ਤੋਂ ਉੱਪਰਲੇ ਸਥਾਨ ਤੇ ਗਿਣਿਆ ਜਾ ਰਿਹਾ ਹੈ। ਉਨ੍ਹਾਂ ਦਾ ਲੰਮਾ ਸਿਆਸੀ ਤਜਰਬਾ, ਹਲਕੇ ਨਾਲ ਪੁਰਾਣੀ ਸਾਂਝ ਅਤੇ ਹਾਲੀਆ ਸਿਆਸੀ ਸਰਗਰਮੀਆਂ ਉਨ੍ਹਾਂ ਦੀ ਦਾਅਵੇਦਾਰੀ ਨੂੰ ਮੁੜ ਚਰਚਾ ਵਿੱਚ ਲਿਆ ਰਹੀਆਂ ਹਨ। ਮੁਹੰਮਦ ਸਦੀਕ ਦਾ ਜੈਤੋ ਹਲਕੇ ਨਾਲ ਸਿਆਸੀ ਅਤੇ ਸਮਾਜਿਕ ਨਾਤਾ ਕਾਫ਼ੀ ਪੁਰਾਣਾ ਹੈ। ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਅਤੇ ਜਥੇਬੰਦਕ ਸਿਆਸਤ ਦਾ ਲੰਮਾ ਤਜਰਬਾ ਹਾਸਲ ਹੈ। ਸਿਆਸਤ ਨੂੰ ਸਿਰਫ਼ ਚੋਣਾਂ ਤੱਕ ਸੀਮਤ ਰੱਖਣ ਦੀ ਬਜਾਏ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੇ ਮਸਲਿਆਂ ਨੂੰ ਤਰਜੀਹ ਦੇਣਾ, ਆਮ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣਾ ਅਤੇ ਪਾਰਟੀ ਵਰਕਰਾਂ ਨਾਲ ਨਿੱਜੀ ਸੰਪਰਕ ਬਣਾਈ ਰੱਖਣਾ ਉਨ੍ਹਾਂ ਦੀ ਕਾਰਜਸ਼ੈਲੀ ਦੇ ਅਹਿਮ ਪਹਿਲੂ ਰਹੇ ਹਨ। ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਜੈਤੋ ਹਲਕੇ ਤੋਂ ਚੋਣ ਲੜੀ ਸੀ। ਭਾਵੇਂ ਉਸ ਸਮੇਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੇ ਹਲਕੇ ਨਾਲ ਆਪਣਾ ਸਿਆਸੀ ਅਤੇ ਸਮਾਜਿਕ ਸੰਪਰਕ ਬਰਕਰਾਰ ਰੱਖਿਆ। ਸਾਲ 2017 ਤੋਂ 2022 ਤੱਕ ਉਨ੍ਹਾਂ ਨੇ ਜੈਤੋ ਹਲਕੇ ਦੇ ਕਾਂਗਰਸ ਪਾਰਟੀ ਇੰਚਾਰਜ ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਤਾਲਮੇਲ ਬਣਾਈ ਰੱਖਦਿਆਂ ਜਥੇਬੰਦਕ ਗਤੀਵਿਧੀਆਂ ਨੂੰ ਸਰਗਰਮ ਰੱਖਣ ਲਈ ਯਤਨ ਕੀਤੇ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮੁਹੰਮਦ ਸਦੀਕ ਨੇ ਫ਼ਰੀਦਕੋਟ ਸੰਸਦੀ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਵੱਡੀ ਜਿੱਤ ਦਰਜ ਕਰਕੇ ਸੰਸਦ ਮੈਂਬਰ ਵਜੋਂ ਆਪਣੀ ਪਛਾਣ ਹੋਰ ਮਜ਼ਬੂਤ ਕੀਤੀ। ਇਨ੍ਹਾਂ ਚੋਣਾਂ ਦੌਰਾਨ ਫ਼ਰੀਦਕੋਟ ਸੰਸਦੀ ਹਲਕੇ ਅਧੀਨ ਆਉਂਦੇ ਨੌਂ ਵਿਧਾਨ ਸਭਾ ਹਲਕਿਆਂ ਵਿੱਚੋਂ ਜੈਤੋ ਹਲਕੇ ਤੋਂ ਉਨ੍ਹਾਂ ਨੂੰ ਸਭ ਤੋਂ ਵੱਧ, ਕਰੀਬ 19 ਹਜ਼ਾਰ ਵੋਟਾਂ ਦੀ ਲੀਡ ਮਿਲੀ ਸੀ। ਇਹ ਲੀਡ ਹਲਕੇ ਵਿੱਚ ਉਨ੍ਹਾਂ ਪ੍ਰਤੀ ਲੋਕਾਂ ਦੇ ਸਮਰਥਨ ਦਾ ਅਹਿਮ ਪ੍ਰਗਟਾਵਾ ਮੰਨੀ ਜਾਂਦੀ ਹੈ। ਆਪਣੇ ਸੰਸਦੀ ਕਾਰਜਕਾਲ ਦੌਰਾਨ ਵੀ ਉਨ੍ਹਾਂ ਨੇ ਜੈਤੋ ਹਲਕੇ ਦੇ ਵਿਕਾਸ ਨਾਲ ਸਬੰਧਤ ਮਸਲਿਆਂ ਨੂੰ ਤਰਜੀਹ ਦਿੱਤੀ। ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਲਿਆਉਣ ਅਤੇ ਵੱਖ-ਵੱਖ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੇ ਯਤਨ ਕੀਤੇ। ਹਲਕੇ ਦੇ ਵਿਕਾਸ ਲਈ ਗ੍ਰਾਂਟਾਂ ਮੁਹੱਈਆ ਕਰਵਾਉਣ ਵਾਸਤੇ ਕੀਤੀ ਗਈ ਪੈਰਵੀ ਉਨ੍ਹਾਂ ਦੇ ਸੰਸਦੀ ਕਾਰਜਕਾਲ ਦਾ ਅਹਿਮ ਪਹਿਲੂ ਰਹੀ। ਸਾਲ 2021 ਦੀਆਂ ਜੈਤੋ ਨਗਰ ਕੌਂਸਲ ਚੋਣਾਂ ਦੌਰਾਨ ਵੀ ਮੁਹੰਮਦ ਸਦੀਕ ਨੇ ਆਪਣੀ ਸਿਆਸੀ ਸੂਝ-ਬੂਝ, ਨਿਰਪੱਖ ਸੋਚ ਅਤੇ ਮਜ਼ਬੂਤ ਅਗਵਾਈ ਦਾ ਸਬੂਤ ਦਿੱਤਾ। ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਪਹਿਲ ਦਿੱਤੀ। ਉਨ੍ਹਾਂ ਦੀ ਪਹੁੰਚ ਇਹ ਰਹੀ ਕਿ ਕਿਸੇ ਵੀ ਵਿਰੋਧੀ ਪਾਰਟੀ ਦੇ ਉਮੀਦਵਾਰ ਨਾਲ ਧੱਕੇਸ਼ਾਹੀ ਨਾ ਹੋਵੇ, ਕਿਸੇ ਦੇ ਨਾਮਜ਼ਦਗੀ ਕਾਗਜ਼ ਨਾ ਖੋਹੇ ਜਾਣ, ਕਿਸੇ ਨੂੰ ਕਾਗਜ਼ ਦਾਖ਼ਲ ਕਰਨ ਤੋਂ ਨਾ ਰੋਕਿਆ ਜਾਵੇ ਅਤੇ ਕਿਸੇ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਦੀ ਕੋਸ਼ਿਸ਼ ਨਾ ਹੋਵੇ। ਉਨ੍ਹਾਂ ਦੀ ਅਗਵਾਈ ਅਤੇ ਪਾਰਟੀ ਵਰਕਰਾਂ ਦੀ ਮਿਹਨਤ ਸਦਕਾ ਕਾਂਗਰਸ ਪਾਰਟੀ ਦੇ ਸੱਤ ਕੌਂਸਲਰ ਜਿੱਤ ਕੇ ਨਗਰ ਕੌਂਸਲ ਵਿੱਚ ਪਹੁੰਚੇ। ਮੁਹੰਮਦ ਸਦੀਕ ਦੀ ਮੌਜੂਦਾ ਸਿਆਸੀ ਸਰਗਰਮੀ ਦਾ ਇੱਕ ਹੋਰ ਅਹਿਮ ਪ੍ਰਗਟਾਵਾ 16 ਨਵੰਬਰ ਨੂੰ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਵਾਨੀ ਸੰਭਾਲ ਸਾਈਕਲ ਯਾਤਰਾ ਹਲਕਾ ਜੈਤੋ ਦੇ ਪਿੰਡ ਬਹਿਬਲ ਕਲਾਂ (ਨਿਆਮੀਵਾਲਾ) ਵਿਖੇ ਪਹੁੰਚੀ। ਇਸ ਮੌਕੇ ਮੁਹੰਮਦ ਸਦੀਕ ਦੀ ਅਗਵਾਈ ਹੇਠ ਹੋਏ ਵਿਸ਼ਾਲ ਇਕੱਠ ਨੇ ਸਿਆਸੀ ਹਲਕਿਆਂ ਦਾ ਧਿਆਨ ਖਿੱਚਿਆ। ਇਕੱਠ ਵਿੱਚ ਪਾਰਟੀ ਆਗੂਆਂ, ਵਰਕਰਾਂ ਅਤੇ ਇਲਾਕੇ ਦੇ ਲੋਕਾਂ ਦੀ ਵੱਡੀ ਸ਼ਮੂਲੀਅਤ ਨੂੰ ਹਲਕੇ ਵਿੱਚ ਉਨ੍ਹਾਂ ਦੇ ਮਜ਼ਬੂਤ ਲੋਕ ਸੰਪਰਕ ਅਤੇ ਜਥੇਬੰਦਕ ਪਕੜ ਦੇ ਪੱਖ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਚਰਨਜੀਤ ਸਿੰਘ ਚੰਨੀ ਵੱਲੋਂ ਮੁਹੰਮਦ ਸਦੀਕ ਨੂੰ ਵਿਸ਼ੇਸ਼ ਤੌਰ ਤੇ ਥਾਪੜਾ ਦੇਣਾ ਵੀ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਉਨ੍ਹਾਂ ਦੇ ਬਿਹਤਰ ਤਾਲਮੇਲ ਅਤੇ ਜੈਤੋ ਹਲਕੇ ਵਿੱਚ ਉਨ੍ਹਾਂ ਦੀ ਸਿਆਸੀ ਅਹਿਮੀਅਤ ਦੇ ਪੱਖ ਤੋਂ ਦੇਖਿਆ ਜਾ ਰਿਹਾ ਹੈ। ਹੁਣ ਜਦੋਂ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ ਤਾਂ ਜੈਤੋ ਹਲਕੇ ਤੋਂ ਮੁਹੰਮਦ ਸਦੀਕ ਦੀ ਦਾਅਵੇਦਾਰੀ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੰਸਦ ਮੈਂਬਰ ਵਜੋਂ ਤਜਰਬਾ, ਹਲਕੇ ਦੇ ਪਾਰਟੀ ਇੰਚਾਰਜ ਵਜੋਂ ਨਿਭਾਈ ਜ਼ਿੰਮੇਵਾਰੀ, ਲੋਕ ਸਭਾ ਚੋਣਾਂ ਵਿੱਚ ਜੈਤੋ ਤੋਂ ਮਿਲੀ ਕਰੀਬ 19 ਹਜ਼ਾਰ ਵੋਟਾਂ ਦੀ ਲੀਡ, ਵਿਕਾਸ ਕਾਰਜਾਂ ਲਈ ਕੀਤੀ ਪੈਰਵੀ, ਨਗਰ ਕੌਂਸਲ ਚੋਣਾਂ ਦੌਰਾਨ ਨਿਭਾਈ ਭੂਮਿਕਾ ਅਤੇ ਚੰਨੀ ਦੀ ਸਾਈਕਲ ਯਾਤਰਾ ਦੌਰਾਨ ਹੋਇਆ ਵਿਸ਼ਾਲ ਇਕੱਠ ਉਨ੍ਹਾਂ ਦੀ ਦਾਅਵੇਦਾਰੀ ਦੇ ਅਹਿਮ ਆਧਾਰ ਵਜੋਂ ਚਰਚਿਤ ਹਨ। ਹਾਲਾਂਕਿ ਕਾਂਗਰਸ ਪਾਰਟੀ ਵੱਲੋਂ 2027 ਦੀਆਂ ਚੋਣਾਂ ਲਈ ਉਮੀਦਵਾਰ ਬਾਰੇ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਂਡ ਨੇ ਹੀ ਕਰਨਾ ਹੈ, ਪਰ ਮੌਜੂਦਾ ਸਿਆਸੀ ਹਾਲਾਤ ਵਿੱਚ ਮੁਹੰਮਦ ਸਦੀਕ ਦਾ ਨਾਂ ਸੰਭਾਵੀ ਦਾਅਵੇਦਾਰਾਂ ਵਿੱਚ ਸਭ ਤੋਂ ਅੱਗੇ ਗਿਣਿਆ ਜਾ ਰਿਹਾ ਹੈ। ਲੋਕ ਗਾਇਕੀ ਦੇ ਮੰਚ ਤੋਂ ਸੰਸਦ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਮੁਹੰਮਦ ਸਦੀਕ ਦੀ ਅਗਲੀ ਸਿਆਸੀ ਪਾਰੀ ਤੇ ਜੈਤੋ ਦੇ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।