ਮਸ਼ਹੂਰ ‘ਅੰਬੇ ਬੇਕਰਜ਼’ ਛਿੰਦੀ ਦੀ ਹੱਟੀ ਜੈਤੋ ਵਿਖੇ ਚੋਰੀ ਮਸ਼ਹੂਰ ‘ਅੰਬੇ ਬੇਕਰਜ਼’ (ਛਿੰਦੀ ਦੀ ਹੱਟੀ) ਜੈਤੋ ਵਿਖੇ ਚੋਰੀਚੋਰ 20 ਹਜ਼ਾਰ ਦੀ ਨਕਦੀ, ਮੋਬਾਈਲ ਅਤੇ ਸੀਸੀਟੀਵੀ ਦਾ ਡੀਵੀਆਰ ਲੈ ਗਏ
Publish Date: Sat, 21 Nov 2026 03:36 PM (IST)
Updated Date: Sat, 21 Nov 2026 03:40 PM (IST)
ਚੋਰ 20 ਹਜ਼ਾਰ ਦੀ ਨਕਦੀ, ਮੋਬਾਈਲ ਤੇ ਸੀਸੀਟੀਵੀ ਦਾ ਡੀਵੀਆਰ ਲੈ ਗਏ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਇਸ ਵਾਰ ਚੋਰਾਂ ਨੇ ਸ਼ਹਿਰ ਦੇ ਭੀੜ-ਭੜੱਕੇ ਵਾਲੇ ਰੇਲਵੇ ਬਾਜ਼ਾਰ ਵਿੱਚ ਸਥਿਤ ਮਸ਼ਹੂਰ ਦੁਕਾਨ ‘ਅੰਬੇ ਬੇਕਰਜ਼’ (ਛਿੰਦੀ ਦੀ ਹੱਟੀ) ਨੂੰ ਆਪਣਾ ਨਿਸ਼ਾਨਾ ਬਣਾਇਆ। ਬੀਤੀ ਰਾਤ ਚੋਰ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਗੱਲੇ ਵਿੱਚ ਪਈ ਕਰੀਬ 20 ਹਜ਼ਾਰ ਰੁਪਏ ਦੀ ਨਕਦੀ, ਮੁਰੰਮਤ ਲਈ ਰੱਖਿਆ ਇੱਕ ਮੋਬਾਈਲ ਫੋਨ ਅਤੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਉਖਾੜ ਕੇ ਆਪਣੇ ਨਾਲ ਲੈ ਗਏ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਵਿੱਚ ਵਾਪਰੀ ਇਸ ਘਟਨਾ ਕਾਰਨ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਵਿੱਚ ਚਿੰਤਾ ਤੇ ਰੋਸ ਪਾਇਆ ਜਾ ਰਿਹਾ ਹੈ। ਦੁਕਾਨ ਦੇ ਮਾਲਕਾਂ ਵਿਕਾਸ ਬਾਂਸਲ ‘ਦੀਪੂ’ ਅਤੇ ਵਿਸ਼ਾਲ ਬਾਂਸਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਜਦੋਂ ਦੁਕਾਨ ਖੋਲ੍ਹਣ ਪਹੁੰਚੇ ਅਤੇ ਤਾਲੇ ਖੋਲ੍ਹ ਕੇ ਅੰਦਰ ਦਾਖ਼ਲ ਹੋਏ ਤਾਂ ਦੁਕਾਨ ਦੀਆਂ ਲਾਈਟਾਂ ਜਗਦੀਆਂ ਦੇਖ ਕੇ ਉਨ੍ਹਾਂ ਨੂੰ ਕੁਝ ਅਣਸੁਖਾਵਾਂ ਵਾਪਰਨ ਦਾ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਜਾਂਚ ਕੀਤੀ ਤਾਂ ਸਾਮਾਨ ਖਿਲਰਿਆ ਪਿਆ ਸੀ ਅਤੇ ਗੱਲੇ ਨੂੰ ਤੋੜ ਕੇ ਉਸ ਵਿੱਚ ਰੱਖੀ ਨਕਦੀ ਚੋਰੀ ਕੀਤੀ ਜਾ ਚੁੱਕੀ ਸੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਦੁਕਾਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਚੋਰ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਉਖਾੜ ਕੇ ਆਪਣੇ ਨਾਲ ਲੈ ਗਏ ਹਨ। ਇਸ ਤੋਂ ਇਲਾਵਾ ਮੁਰੰਮਤ ਲਈ ਰੱਖਿਆ ਇੱਕ ਮੋਬਾਈਲ ਫੋਨ ਵੀ ਚੋਰੀ ਕਰ ਲਿਆ ਗਿਆ, ਜੋ ਇੱਕ ਦਿਨ ਪਹਿਲਾਂ ਹੀ ਦੁਕਾਨ ਵਿੱਚ ਰੱਖਿਆ ਗਿਆ ਸੀ। ਦੁਕਾਨ ਮਾਲਕਾਂ ਵਿਕਾਸ ਬਾਂਸਲ ‘ਦੀਪੂ’ ਅਤੇ ਵਿਸ਼ਾਲ ਬਾਂਸਲ ਅਨੁਸਾਰ ਚੋਰ ਗੱਲੇ ਵਿੱਚ ਪਈ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਲੈ ਗਏ, ਜਿਸ ਵਿੱਚ 10, 20 ਅਤੇ 50 ਰੁਪਏ ਦੇ ਨੋਟਾਂ ਤੋਂ ਇਲਾਵਾ ਛੋਟੇ ਸਿੱਕੇ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ’ਤੇ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਘਟਨਾ ਸਬੰਧੀ ਲੋੜੀਂਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਘਟਨਾ ’ਤੇ ਗੰਭੀਰ ਚਿੰਤਾ ਅਤੇ ਰੋਸ ਪ੍ਰਗਟ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਪ੍ਰਦੀਪ ਸਿੰਗਲਾ, ਮੈਸਰਜ਼ ਪ੍ਰਵੀਨ ਕੁਮਾਰ ਐਂਡ ਕੰਪਨੀ ਦੇ ਮਾਲਕ ਪ੍ਰਵੀਨ ਕੁਮਾਰ ਜਿੰਦਲ, ਮੋਤੀ ਸਵੀਟ ਹਾਊਸ ਦੇ ਮਾਲਕ ਸੰਜੇ ਰਾਏ ‘ਕਾਕਾ ਜਿੰਦਲ’ ਸਮੇਤ ਹੋਰਨਾਂ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਇਸ ਤਰ੍ਹਾਂ ਬੇਖੌਫ਼ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਇਸੇ ਦੁਕਾਨ ਵਿੱਚ ਕਰੀਬ ਇੱਕ ਮਹੀਨਾ ਪਹਿਲਾਂ ਵੀ ਚੋਰੀ ਹੋਈ ਸੀ, ਜਿਸ ਦੌਰਾਨ ਕੁਝ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਸੀ। ਇੱਕ ਮਹੀਨੇ ਦੇ ਅੰਦਰ ਦੂਜੀ ਵਾਰ ਚੋਰੀ ਹੋਣ ਨਾਲ ਦੁਕਾਨਦਾਰਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਕੇ ਚੋਰਾਂ ਦੀ ਜਲਦ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਰੇਲਵੇ ਬਾਜ਼ਾਰ ਸਮੇਤ ਸ਼ਹਿਰ ਦੇ ਹੋਰਨਾਂ ਬਾਜ਼ਾਰਾਂ ਵਿੱਚ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਨਾਲ ਹੀ ਸ਼ਹਿਰ ਵਾਸੀਆਂ ਦਾ ਪੁਲਿਸ ਪ੍ਰਸ਼ਾਸਨ ਵਿੱਚ ਵਿਸ਼ਵਾਸ ਕਾਇਮ ਰਹਿ ਸਕਦਾ ਹੈ।