ਗ੍ਰੀਨ ਸਕੂਲ ਦੇ ਬੱਚਿਆਂ ਨੇ ਜੰਗਲ ਦੀ ਗੋਦ ’ਚੋਂ ਸਿੱਖਿਆ ਕੁਦਰਤ ਸੰਭਾਲਣ ਦਾ ਸਬਕ ਗ੍ਰੀਨ ਸਕੂਲ ਦੀਆਂ ਵਿਦਿਆਰਥਣਾਂ ਨੇ ਜੰਗਲ ਦੀ ਗੋਦ ’ਚੋਂ ਸਿੱਖਿਆ ਕੁਦਰਤ ਸੰਭਾਲਣ ਦਾ ਸਬਕ
Publish Date: Sat, 21 Nov 2026 03:31 PM (IST)
Updated Date: Sat, 21 Nov 2026 03:34 PM (IST)
ਵਿਦਿਆਰਥਣਾਂ ਨੇ ਜੰਗਲੀ ਜੀਵਨ ਤੇ ਵਾਤਾਵਰਨ ਸੰਭਾਲ ਬਾਰੇ ਹਾਸਲ ਕੀਤਾ ਵਿਹਾਰਕ ਗਿਆਨ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ ਦੀਆਂ ਅੱਠ ਵਿਦਿਆਰਥਣਾਂ ਨੇ ਹੁਸ਼ਿਆਰਪੁਰ ਦੀ ਤੱਖਣੀ-ਰਹਿਮਾਪੁਰ ਜੰਗਲੀ ਜੀਵ ਸੈਂਚੁਰੀ ਵਿਖੇ ਲਗਾਏ ਤਿੰਨ ਰੋਜ਼ਾ ਕੁਦਰਤ ਕੈਂਪ ਵਿੱਚ ਭਾਗ ਲਿਆ। ਲਗਾਤਾਰ ਤੀਜੇ ਸਾਲ ਗ੍ਰੀਨ ਸਕੂਲ ਦਾ ਮਾਣ ਹਾਸਲ ਕਰਨ ਵਾਲੇ ਸਕੂਲ ਦੀਆਂ ਇਨ੍ਹਾਂ ਵਿਦਿਆਰਥਣਾਂ ਨੇ ਕੈਂਪ ਦੌਰਾਨ ਕੁਦਰਤੀ ਵਾਤਾਵਰਣ, ਜੈਵ-ਵਿਭਿੰਨਤਾ ਅਤੇ ਜੰਗਲੀ ਜੀਵਾਂ ਦੀ ਸੰਭਾਲ ਬਾਰੇ ਵਿਹਾਰਕ ਜਾਣਕਾਰੀ ਹਾਸਲ ਕੀਤੀ। 17 ਤੋਂ 19 ਨਵੰਬਰ ਤੱਕ ਲਗਾਏ ਗਏ ਇਸ ਕੈਂਪ ਲਈ ਜ਼ਿਲ੍ਹੇ ਦੇ ਛੇ ਗ੍ਰੀਨ ਸਕੂਲਾਂ ਦੀ ਚੋਣ ਕੀਤੀ ਗਈ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਸ਼ਲ ਦੇ ਉਪਰਾਲੇ ਸਦਕਾ ਵਾਤਾਵਰਣ ਸਿੱਖਿਆ ਪ੍ਰੋਗਰਾਮ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਏ ਇਸ ਕੈਂਪ ਵਿੱਚ ਪ੍ਰਭਜੋਤ ਕੌਰ, ਵੀਰਾ ਕੌਰ, ਕੋਮਲਪ੍ਰੀਤ ਕੌਰ, ਖੁਸ਼ੀ ਕੌਰ, ਨਵਜੋਤ ਕੌਰ, ਅਨਮੋਲਦੀਪ ਕੌਰ, ਖੁਸ਼ਪ੍ਰੀਤ ਕੌਰ ਅਤੇ ਸਹਿਜਪ੍ਰੀਤ ਕੌਰ ਨੇ ਪ੍ਰਿੰਸੀਪਲ ਮਨਿੰਦਰ ਕੌਰ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ। ਹੁਸ਼ਿਆਰਪੁਰ ਤੋਂ ਲਗਭਗ 20 ਕਿਲੋਮੀਟਰ ਦੂਰ ਸ਼ਿਵਾਲਿਕ ਪਹਾੜੀਆਂ ਵਿੱਚ ਸਥਿਤ 382 ਹੈਕਟੇਅਰ ਵਿੱਚ ਫੈਲੀ ਇਸ ਸੈਂਚੁਰੀ ਵਿੱਚ ਵਿਦਿਆਰਥਣਾਂ ਨੂੰ ਕੁਦਰਤ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਖ਼ੈਰ, ਸ਼ੀਸ਼ਮ, ਅਰਜੁਨ, ਆਂਵਲਾ ਅਤੇ ਪਿੱਪਲ ਸਮੇਤ ਵੱਖ-ਵੱਖ ਕਿਸਮਾਂ ਦੇ ਰੁੱਖਾਂ ਬਾਰੇ ਜਾਣਿਆ। ਇਸ ਤੋਂ ਇਲਾਵਾ ਕੱਕੜ, ਪਾੜ੍ਹਾ, ਜੰਗਲੀ ਸੂਰ, ਗਿੱਦੜ, ਜੰਗਲੀ ਬਿੱਲੀ, ਨਿਓਲਾ ਅਤੇ ਭਾਰਤੀ ਪੈਂਗੋਲਿਨ ਵਰਗੇ ਜੀਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪੰਛੀ ਨਿਰੀਖਣ ਦੌਰਾਨ ਕਲੀਜ ਫੀਜ਼ੈਂਟ ਸਮੇਤ ਵੱਖ-ਵੱਖ ਪੰਛੀਆਂ ਨੂੰ ਦੇਖਣਾ ਵੀ ਉਨ੍ਹਾਂ ਲਈ ਖ਼ਾਸ ਅਨੁਭਵ ਰਿਹਾ। ਕੈਂਪ ਦੌਰਾਨ ਲੀਫ਼ ਜ਼ੂ, ਮੱਡ ਵਾਕ ਅਤੇ ਟ੍ਰੀ ਹੱਗਿੰਗ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਰਾਹੀਂ ਵਿਦਿਆਰਥਣਾਂ ਨੇ ਪੱਤਿਆਂ ਨਾਲ ਜਾਨਵਰਾਂ ਦੀਆਂ ਆਕ੍ਰਿਤੀਆਂ ਬਣਾਉਣ, ਮਿੱਟੀ ਨਾਲ ਜੁੜਨ ਅਤੇ ਰੁੱਖਾਂ ਦੀ ਮਹੱਤਤਾ ਨੂੰ ਸਮਝਣ ਦਾ ਅਨੁਭਵ ਪ੍ਰਾਪਤ ਕੀਤਾ। ਵਾਈਲਡ ਲਾਈਫ਼ ਕੋਚ ਡਾ. ਅਮਨਦੀਪ ਸਿੰਘ ਨੇ ਔਸ਼ਧੀ ਪੌਦਿਆਂ, ਜੰਗਲੀ ਜੀਵਾਂ ਦੇ ਵਿਹਾਰ ਅਤੇ ਕੁਦਰਤੀ ਚਿਕਿਤਸਾ ਬਾਰੇ ਜਾਣਕਾਰੀ ਦਿੱਤੀ। ਕੈਂਪ ਸੰਚਾਲਕ ਟੀਮ ਦੇ ਮੈਂਬਰ ਅਸ਼ੀਮ ਕੁਮਾਰ, ਗਿਤੇਸ਼ ਨਾਰੰਗ, ਸੁਰਿੰਦਰ ਕੁਮਾਰ ਅਤੇ ਗਗਨਦੀਪ ਸਿੰਘ ਨੇ ਵੀ ਵੱਖ-ਵੱਖ ਗਤੀਵਿਧੀਆਂ ਵਿੱਚ ਮਾਰਗਦਰਸ਼ਨ ਕੀਤਾ। ਬੱਚਿਆਂ ਨੂੰ ਕੁਦਰਤ ਦੇ ਪਹਿਰੇਦਾਰ ਬਣਾਉਣਾ ਸਕੂਲ ਦਾ ਉਦੇਸ਼ : ਮਨਿੰਦਰ ਕੌਰ ਪ੍ਰਿੰਸੀਪਲ ਮਨਿੰਦਰ ਕੌਰ ਨੇ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੁਦਰਤ ਪ੍ਰਤੀ ਜ਼ਿੰਮੇਵਾਰ ਬਣਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਰੁੱਖਾਂ ਨਾਲ ਦੋਸਤੀ ਕਰਨਾ ਸਿੱਖ ਜਾਂਦੇ ਹਨ, ਉਹ ਕੁਦਰਤ ਦੇ ਦੁਸ਼ਮਣ ਨਹੀਂ ਬਣ ਸਕਦੇ। ਅਜਿਹੇ ਕੈਂਪ ਬੱਚਿਆਂ ਨੂੰ ਕਿਤਾਬੀ ਗਿਆਨ ਤੋਂ ਅੱਗੇ ਲਿਜਾ ਕੇ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਇਸ ਉਪਰਾਲੇ ਲਈ ਸਿੱਖਿਆ ਵਿਭਾਗ ਅਤੇ ਕੈਂਪ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਵਿਦਿਆਰਥਣਾਂ ਆਪਣੇ ਤਜਰਬੇ ਹੋਰਨਾਂ ਬੱਚਿਆਂ ਨਾਲ ਸਾਂਝੇ ਕਰਕੇ ਵਾਤਾਵਰਣ ਸੰਭਾਲ ਵਿੱਚ ਯੋਗਦਾਨ ਪਾਉਣਗੀਆਂ।