ਦੇਸੀ ਬੀਜਾਂ ਦੀ ਸੰਭਾਲ ਲਈ ਖੇਤੀ ਵਿਰਾਸਤ ਦੇ ਉਪਰਾਲੇ ਸ਼ਲਾਘਾਯੋਗ : ਸ਼ੈਲੇਂਦਰ ਕੌਰ ਦੇਸੀ ਬੀਜਾਂ ਦੀ ਸੰਭਾਲ ਲਈ ਖੇਤੀ ਵਿਰਾਸਤ ਦੇ ਉਪਰਾਲੇ ਸ਼ਲਾਘਾਯੋਗ : ਸ਼ੈਲੇਂਦਰ ਕੌਰ
Publish Date: Sat, 21 Nov 2026 03:16 PM (IST)
Updated Date: Sat, 21 Nov 2026 03:19 PM (IST)
ਦੇਸੀ ਬੀਜਾਂ ਦੀ ਸੰਭਾਲ ਲਈ ਖੇਤੀ ਵਿਰਾਸਤ ਦੇ ਉਪਰਾਲੇ ਸ਼ਲਾਘਾਯੋਗ : ਸ਼ੈਲੇਂਦਰ ਕੌਰ ਪੰਜਾਬ ਬਾਇਓਡਾਇਵਰਸਿਟੀ ਬੋਰਡ ਦੀ ਮੈਂਬਰ ਸਕੱਤਰ ਵੱਲੋਂ ਜੈਤੋ ਵਿਖੇ ਕਮਿਊਨਿਟੀ ਸੀਡ ਬੈਂਕ ਦਾ ਦੌਰਾ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਦੀ ਅਮੀਰ ਖੇਤੀ ਵਿਰਾਸਤ ਅਤੇ ਜੈਵਿਕ ਵਿਭਿੰਨਤਾ ਨੂੰ ਸੰਭਾਲਣ ਦੇ ਉਦੇਸ਼ ਨਾਲ ਖੇਤੀ ਵਿਰਾਸਤ ਮਿਸ਼ਨ ਵੱਲੋਂ ਪੰਜਾਬ ਬਾਇਓਡਾਇਵਰਸਿਟੀ ਬੋਰਡ ਦੇ ਸਹਿਯੋਗ ਨਾਲ ਜੈਤੋ ਵਿਖੇ ਸਥਾਪਤ ਕੀਤੇ ਗਏ ਕਮਿਊਨਿਟੀ ਸੀਡ ਬੈਂਕ ਦਾ ਪੰਜਾਬ ਬਾਇਓਡਾਇਵਰਸਿਟੀ ਬੋਰਡ ਦੀ ਮੈਂਬਰ ਸਕੱਤਰ ਸ਼ੈਲੇਂਦਰ ਕੌਰ ਨੇ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸੀਡ ਬੈਂਕ ਵਿੱਚ ਸੰਭਾਲ ਕੇ ਰੱਖੇ ਗਏ ਰਵਾਇਤੀ ਦੇਸੀ ਬੀਜਾਂ ਦੇ ਭੰਡਾਰ, ਉਨ੍ਹਾਂ ਦੇ ਰੱਖ-ਰਖਾਅ ਅਤੇ ਸੰਭਾਲ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਜਗਤਾਰ ਧਾਲੀਵਾਲ ਅਤੇ ਸੁਖਵਿੰਦਰ ਸਿੰਘ ਹੈਪੀ ਨੇ ਉਨ੍ਹਾਂ ਨੂੰ ਕਮਿਊਨਿਟੀ ਸੀਡ ਬੈਂਕ ਦੇ ਕੰਮਕਾਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵਾਇਤੀ ਬੀਜਾਂ ਦੀ ਚੋਣ, ਉਨ੍ਹਾਂ ਦੀ ਸ਼ੁੱਧਤਾ ਕਾਇਮ ਰੱਖਣ, ਸਾਂਭ-ਸੰਭਾਲ ਅਤੇ ਅਗਲੀ ਪੀੜ੍ਹੀ ਲਈ ਸੁਰੱਖਿਅਤ ਰੱਖਣ ਵਾਸਤੇ ਵਿਸ਼ੇਸ਼ ਪ੍ਰਕਿਰਿਆ ਅਪਣਾਈ ਜਾਂਦੀ ਹੈ। ਇਸ ਦੌਰਾਨ ਸ਼ੈਲੇਂਦਰ ਕੌਰ ਨੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਪ੍ਰਬੰਧਨ, ਹੱਥ ਖੱਡੀਆਂ ਰਾਹੀਂ ਕੱਪੜਾ ਤਿਆਰ ਕਰਨ ਅਤੇ ਮਿਲਟ (ਮੋਟੇ ਅਨਾਜ) ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪੰਜਾਬ ਬਾਇਓਡਾਇਵਰਸਿਟੀ ਬੋਰਡ ਦੇ ਜੁਆਇੰਟ ਡਾਇਰੈਕਟਰ ਡਾ. ਗੁਰਹਮਿੰਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਸ਼ੈਲੇਂਦਰ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਰਵਾਇਤੀ ਦੇਸੀ ਬੀਜਾਂ ਦੀ ਸੰਭਾਲ ਕਰਨਾ ਸਮੇਂ ਦੀ ਵੱਡੀ ਲੋੜ ਹੈ। ਕਿਸਾਨਾਂ ਨੂੰ ਦੇਸੀ ਬੀਜ ਤਿਆਰ ਕਰਨ ਲਈ ਉਤਸ਼ਾਹਿਤ ਕਰਨਾ, ਉਨ੍ਹਾਂ ਨੂੰ ਇਸ ਕਾਰਜ ਨਾਲ ਲਗਾਤਾਰ ਜੋੜੀ ਰੱਖਣਾ ਅਤੇ ਇਨ੍ਹਾਂ ਬੀਜਾਂ ਨੂੰ ਸੁਰੱਖਿਅਤ ਢੰਗ ਨਾਲ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਬਹੁਤ ਹੀ ਮਹੱਤਵਪੂਰਨ ਅਤੇ ਜ਼ਿੰਮੇਵਾਰੀ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਨੇ ਇਸ ਜ਼ਿੰਮੇਵਾਰੀ ਨੂੰ ਬਹੁਤ ਹੀ ਸੁਚੱਜੇ ਅਤੇ ਸਮਰਪਿਤ ਢੰਗ ਨਾਲ ਨਿਭਾਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਬਾਇਓਡਾਇਵਰਸਿਟੀ ਬੋਰਡ ਵੱਲੋਂ ਇਸ ਉਪਰਾਲੇ ਨੂੰ ਸੂਬੇ ਦੇ ਹੋਰਨਾਂ ਖੇਤਰਾਂ ਤੱਕ ਵੀ ਪਹੁੰਚਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸੇ ਤਰ੍ਹਾਂ ਦੇ ਬੀਜ ਵਿਰਾਸਤ ਕੇਂਦਰ ਸਥਾਪਤ ਕਰਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੋਰਡ ਸੂਬੇ ਦੀ ਜੈਵਿਕ ਵਿਭਿੰਨਤਾ ਨੂੰ ਬਹਾਲ ਰੱਖਣ, ਕੁਦਰਤੀ ਸਰੋਤਾਂ ਦੀ ਰਾਖੀ ਕਰਨ ਅਤੇ ਰਵਾਇਤੀ ਬਨਸਪਤੀ ਤੇ ਬੀਜ ਵਿਰਾਸਤ ਦੀ ਸੰਭਾਲ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਪਰੰਤ ਸ਼ੈਲੇਂਦਰ ਕੌਰ ਨੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਅਤੇ ਮਿਸ਼ਨ ਦੇ ਹੋਰਨਾਂ ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਕੁਦਰਤੀ ਖੇਤੀ, ਦੇਸੀ ਬੀਜਾਂ ਦੀ ਸੰਭਾਲ, ਜੈਵਿਕ ਵਿਭਿੰਨਤਾ ਦੀ ਸੁਰੱਖਿਆ ਅਤੇ ਕਿਸਾਨਾਂ ਦੀ ਭਲਾਈ ਲਈ ਮਿਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਇਨ੍ਹਾਂ ਉਪਰਾਲਿਆਂ ਨੂੰ ਵਾਤਾਵਰਨ ਦੀ ਸੁਰੱਖਿਆ ਅਤੇ ਖੇਤੀਬਾੜੀ ਦੇ ਟਿਕਾਊ ਭਵਿੱਖ ਲਈ ਅਹਿਮ ਕਰਾਰ ਦਿੱਤਾ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਸ਼ੈਲੇਂਦਰ ਕੌਰ ਵੱਲੋਂ ਬੀਜ ਵਿਰਾਸਤ ਕੇਂਦਰ ਦਾ ਦੌਰਾ ਕਰਨ ਅਤੇ ਮਿਸ਼ਨ ਦੇ ਕਾਰਜਾਂ ਦੀ ਸ਼ਲਾਘਾ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਸ਼ੁਰੂ ਤੋਂ ਹੀ ਪੰਜਾਬ ਦੇ ਰਵਾਇਤੀ ਦੇਸੀ ਬੀਜਾਂ ਦੀ ਸੰਭਾਲ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਮਿਸ਼ਨ ਨਾਲ ਜੁੜੇ ਕਿਸਾਨ ਕੁਦਰਤੀ ਖੇਤੀ ਕਰ ਰਹੇ ਹਨ ਅਤੇ ਦੇਸੀ ਬੀਜ ਇਸ ਖੇਤੀ ਪ੍ਰਣਾਲੀ ਦਾ ਅਹਿਮ ਆਧਾਰ ਹਨ। ਉਨ੍ਹਾਂ ਕਿਹਾ ਕਿ ਦੇਸੀ ਬੀਜਾਂ ਤੋਂ ਬਿਨਾਂ ਕੁਦਰਤੀ ਖੇਤੀ ਦੀ ਕਲਪਨਾ ਕਰਨੀ ਮੁਸ਼ਕਲ ਹੈ। ਮਿਸ਼ਨ ਆਉਣ ਵਾਲੇ ਸਮੇਂ ਵਿੱਚ ਇਸ ਮੁਹਿੰਮ ਨੂੰ ਹੋਰ ਵੱਡੇ ਪੱਧਰ ’ਤੇ ਫੈਲਾਉਣ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਨਾਲ ਜੋੜਨ ਲਈ ਵਚਨਬੱਧ ਹੈ।