ਸੜਕ ਹਾਦਸਾ ਪੀੜਤਾਂ ਦੇ ਮਦਦਗਾਰਾਂ ਨੂੰ ਨਹੀਂ ਕੀਤਾ ਜਾਵੇਗਾ ਪਰੇਸ਼ਾਨ : ਬਾਠ ਸੜਕ ਹਾਦਸਾ ਪੀੜਤਾਂ ਦੇ ਮਦਦਗਾਰਾਂ ਨੂੰ ਨਹੀਂ ਕੀਤਾ ਜਾਵੇਗਾ ਪ੍ਰੇਸ਼ਾਨ : ਏਐੱਸਆਈ ਭੋਲਾ ਸਿੰਘ ਬਾਠ
Publish Date: Fri, 20 Nov 2026 03:52 PM (IST)
Updated Date: Fri, 20 Nov 2026 03:55 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸੜਕ ਹਾਦਸਿਆਂ ਦੌਰਾਨ ਜ਼ਖ਼ਮੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਅਤੇ ਆਮ ਲੋਕਾਂ ਨੂੰ ਹਾਦਸਾ ਪੀੜਤਾਂ ਦੀ ਮਦਦ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜੈਤੋ ਟਰੈਫਿਕ ਪੁਲਿਸ ਵੱਲੋਂ ਰਾਹ-ਵੀਰ ਸਕੀਮ ਤਹਿਤ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਸਥਾਨਕ ਟਰੱਕ ਯੂਨੀਅਨ ਵਿਖੇ ਟਰੱਕ ਮਾਲਕਾਂ, ਡਰਾਈਵਰਾਂ ਅਤੇ ਆਮ ਲੋਕਾਂ ਨੂੰ ਸੜਕ ਹਾਦਸਿਆਂ ਸਮੇਂ ਜ਼ਖ਼ਮੀਆਂ ਦੀ ਮਦਦ ਕਰਨ, ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਹ ਜਾਗਰੂਕਤਾ ਮੁਹਿੰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਦੇ ਹੁਕਮਾਂ, ਜ਼ਿਲ੍ਹਾ ਫ਼ਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਗੁਰਬੰਸ ਸਿੰਘ ਬੈਂਸ (ਪੀਪੀਐੱਸ) ਦੀਆਂ ਹਦਾਇਤਾਂ ਅਤੇ ਸਬ-ਡਵੀਜ਼ਨ ਜੈਤੋ ਦੇ ਡੀਐੱਸਪੀ ਇਕਬਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਹੈ। ਥਾਣਾ ਜੈਤੋ ਦੇ ਐੱਸਐੱਚਓ ਇੰਸਪੈਕਟਰ ਨਵਪ੍ਰੀਤ ਸਿੰਘ ਸੰਧੂ ਅਤੇ ਜੈਤੋ ਟਰੈਫਿਕ ਪੁਲਿਸ ਦੇ ਇੰਚਾਰਜ ਏਐੱਸਆਈ ਬਲਰਾਜ ਸਿੰਘ ਭੁੱਲਰ ਢੈਪਈ ਦੀ ਅਗਵਾਈ ਹੇਠ ਕਰਵਾਈ ਗਈ ਇਸ ਜਾਗਰੂਕਤਾ ਗਤੀਵਿਧੀ ਦੌਰਾਨ ਏਐੱਸਆਈ ਭੋਲਾ ਸਿੰਘ ਬਾਠ ਕਰੀਰਵਾਲੀ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਰਾਹ-ਵੀਰ ਸਕੀਮ ਤਹਿਤ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਵਾਲੇ ਮਦਦਗਾਰਾਂ ਨੂੰ ਪੁਲਿਸ ਵੱਲੋਂ ਬੇਲੋੜਾ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਬੇਲੋੜੀ ਪੁੱਛਗਿੱਛ ਵਿੱਚ ਉਲਝਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਸਰ ਸੜਕ ਹਾਦਸਿਆਂ ਸਮੇਂ ਲੋਕ ਪੁਲਿਸ ਕਾਰਵਾਈ ਜਾਂ ਕਾਨੂੰਨੀ ਉਲਝਣਾਂ ਦੇ ਡਰੋਂ ਜ਼ਖ਼ਮੀਆਂ ਦੀ ਮਦਦ ਕਰਨ ਤੋਂ ਗੁਰੇਜ਼ ਕਰਦੇ ਹਨ, ਜਿਸ ਕਾਰਨ ਕਈ ਵਾਰ ਜ਼ਖ਼ਮੀਆਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਪਾਉਂਦਾ। ਅਜਿਹੀ ਸੋਚ ਨੂੰ ਬਦਲਣ ਅਤੇ ਲੋਕਾਂ ਵਿੱਚ ਸਹਾਇਤਾ ਦੀ ਭਾਵਨਾ ਪੈਦਾ ਕਰਨ ਲਈ ਇਸ ਸਕੀਮ ਬਾਰੇ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੜਕ ਹਾਦਸਿਆਂ ਵਿੱਚ ਜ਼ਖ਼ਮੀਆਂ ਦੀ ਜਾਨ ਬਚਾਉਣ ਲਈ ਤੁਰੰਤ ਡਾਕਟਰੀ ਸਹਾਇਤਾ ਮਿਲਣੀ ਬਹੁਤ ਮਹੱਤਵਪੂਰਨ ਹੈ। ਯੋਗ ਮਦਦਗਾਰਾਂ ਨੂੰ ਭਾਰਤ ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ ਸਨਮਾਨਿਤ ਕਰਨ ਦੀ ਵੀ ਵਿਵਸਥਾ ਹੈ। ਏਐੱਸਆਈ ਭੋਲਾ ਸਿੰਘ ਬਾਠ ਕਰੀਰਵਾਲੀ ਨੇ ਟਰੱਕ ਡਰਾਈਵਰਾਂ ਅਤੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਤੇ ਸਫ਼ਰ ਦੌਰਾਨ ਕਿਸੇ ਵੀ ਹਾਦਸੇ ਦੀ ਸੂਰਤ ਵਿੱਚ ਮਨੁੱਖਤਾ ਦੇ ਨਾਤੇ ਜ਼ਖ਼ਮੀਆਂ ਦੀ ਮਦਦ ਲਈ ਅੱਗੇ ਆਉਣ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਨੇੜਲੇ ਹਸਪਤਾਲ ਪਹੁੰਚਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਦਸੇ ਸਮੇਂ ਜ਼ਖ਼ਮੀ ਦੀ ਮਦਦ ਕਰਨਾ ਸਿਰਫ਼ ਸਮਾਜਿਕ ਹੀ ਨਹੀਂ, ਸਗੋਂ ਮਨੁੱਖੀ ਫ਼ਰਜ਼ ਵੀ ਹੈ। ਲੋਕਾਂ ਦੇ ਸਹਿਯੋਗ ਅਤੇ ਸਮੇਂ ਸਿਰ ਕੀਤੀ ਮਦਦ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।