- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਪ ਸਿੰਘ ਵਾਲਾ ਦੇ ਤਿੰਨ ਮੈਡੀਕਲ ਸਟੋਰਾਂ ’ਤੇ ਸਿਹਤ ਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ ਵੱਲੋਂ ਛਾਪੇਮਾਰੀ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਣ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਮੈਡੀਕਲ ਸਟੋਰਾਂ ਦੀ ਨਿਗਰਾਨੀ ਵੀ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਸਿਹਤ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਪਿੰਡ ਦੀਪ ਸਿੰਘ ਵਾਲਾ ਵਿਖੇ ਅਚਨਚੇਤ ਚੈਕਿੰਗ ਕਰਦਿਆਂ ਤਿੰਨ ਮੈਡੀਕਲ ਸਟੋਰਾਂ ਦੇ ਰਿਕਾਰਡ ਅਤੇ ਦਵਾਈਆਂ ਦੇ ਸਟਾਕ ਦੀ ਜਾਂਚ ਕੀਤੀ। ਇਹ ਕਾਰਵਾਈ ਪਿੰਡ ਨੂੰ ਨਸ਼ਿਆਂ ਦੇ ਹੌਟ-ਸਪੌਟ ਖੇਤਰ ਵਜੋਂ ਧਿਆਨ ਵਿੱਚ ਰੱਖਦਿਆਂ ਕੀਤੀ ਗਈ। ਪੁਲਿਸ ਥਾਣਾ ਸਾਦਿਕ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਕੀਤੀ ਗਈ ਇਸ ਜਾਂਚ ਦੌਰਾਨ ਟੀਮ ਨੇ ਮੈਡੀਕਲ ਸਟੋਰਾਂ ਵਿੱਚ ਮੌਜੂਦ ਦਵਾਈਆਂ ਦੇ ਸਟਾਕ ਤੋਂ ਇਲਾਵਾ ਦਵਾਈਆਂ ਦੀ ਖ਼ਰੀਦ ਅਤੇ ਵਿਕਰੀ ਨਾਲ ਸਬੰਧਤ ਬਿੱਲਾਂ, ਰਜਿਸਟਰਾਂ ਅਤੇ ਹੋਰ ਦਸਤਾਵੇਜ਼ਾਂ ਦੀ ਪੜਤਾਲ ਕੀਤੀ। ਇਸ ਦੇ ਨਾਲ ਹੀ ਆਨਲਾਈਨ ਰਿਕਾਰਡ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦਵਾਈਆਂ ਦੀ ਖ਼ਰੀਦ-ਵੇਚ ਨਿਰਧਾਰਤ ਨਿਯਮਾਂ ਅਨੁਸਾਰ ਹੋ ਰਹੀ ਹੈ। ਵਿਭਾਗੀ ਜਾਂਚ ਦੌਰਾਨ ਤਿੰਨਾਂ ਮੈਡੀਕਲ ਫਰਮਾਂ ਵਿੱਚੋਂ ਕਿਸੇ ਕੋਲੋਂ ਵੀ ਨਸ਼ੀਲੀ, ਪਾਬੰਦੀਸ਼ੁਦਾ ਜਾਂ ਆਦਤ ਪਾਉਣ ਵਾਲੀ ਦਵਾਈ ਬਰਾਮਦ ਨਹੀਂ ਹੋਈ। ਹਾਲਾਂਕਿ ਇਕ ਮੈਡੀਕਲ ਫਰਮ ਦੇ ਆਨਲਾਈਨ ਰਿਕਾਰਡ ਦੀ ਜਾਂਚ ਦੌਰਾਨ ਕੁਝ ਆਮ ਤਕਨੀਕੀ ਖਾਮੀਆਂ ਸਾਹਮਣੇ ਆਈਆਂ। ਵਿਭਾਗ ਵੱਲੋਂ ਇਨ੍ਹਾਂ ਖਾਮੀਆਂ ਦਾ ਨੋਟਿਸ ਲੈਂਦਿਆਂ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਨਿਯਮਾਂ ਅਨੁਸਾਰ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਮੈਡੀਕਲ ਸਟੋਰ ਸੰਚਾਲਕਾਂ ਨੂੰ ਸਪੱਸ਼ਟ ਕੀਤਾ ਕਿ ਦਵਾਈਆਂ ਦੀ ਵਿਕਰੀ ਨਾਲ ਸਬੰਧਤ ਆਨਲਾਈਨ ਅਤੇ ਆਫ਼ਲਾਈਨ ਰਿਕਾਰਡ ਪੂਰੀ ਤਰ੍ਹਾਂ ਦਰੁਸਤ ਅਤੇ ਅਪਡੇਟ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਦਵਾਈਆਂ ਦੀ ਖ਼ਰੀਦ, ਸਟਾਕ ਅਤੇ ਵਿਕਰੀ ਸਬੰਧੀ ਸਾਰੇ ਲੋੜੀਂਦੇ ਦਸਤਾਵੇਜ਼ ਨਿਯਮਾਂ ਮੁਤਾਬਕ ਸੰਭਾਲ ਕੇ ਰੱਖੇ ਜਾਣ। ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਸ਼ਿਆਂ ਦੀ ਰੋਕਥਾਮ ਲਈ ਮੈਡੀਕਲ ਸਟੋਰਾਂ ਦੀ ਚੈਕਿੰਗ ਸਿਰਫ਼ ਇਕ ਦਿਨ ਦੀ ਕਾਰਵਾਈ ਤੱਕ ਸੀਮਤ ਨਹੀਂ ਰਹੇਗੀ, ਸਗੋਂ ਹੌਟ-ਸਪੌਟ ਖੇਤਰਾਂ ਵਿੱਚ ਅਜਿਹੀਆਂ ਅਚਨਚੇਤ ਜਾਂਚਾਂ ਅੱਗੇ ਵੀ ਜਾਰੀ ਰਹਿਣਗੀਆਂ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਡੀਕਲ ਸਟੋਰ ਸੰਚਾਲਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।