ਜਨਮ ਦਿਨ ਮੌਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੰਡੀਆਂ ਕਾਪੀਆਂ ਤੇ ਸਟੇਸ਼ਨਰੀ ਜਨਮ ਦਿਨ ਮੌਕੇ ਗੋਪਾਲ ਕ੍ਰਿਸ਼ਨ ਬਰਗਾੜੀ ਨੇ ਤਿੰਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੰਡੀਆਂ ਕਾਪੀਆਂ ਤੇ ਸਟੇਸ਼ਨਰੀ
Publish Date: Thu, 19 Nov 2026 03:19 PM (IST)
Updated Date: Thu, 19 Nov 2026 03:21 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜਨਮ ਦਿਨ ਨੂੰ ਸਿਰਫ਼ ਨਿੱਜੀ ਖੁਸ਼ੀ ਤੱਕ ਸੀਮਤ ਰੱਖਣ ਦੀ ਬਜਾਏ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਨਾਲ ਮਨਾਉਣ ਦੀ ਪਿਰਤ ਨੂੰ ਅੱਗੇ ਵਧਾਉਂਦਿਆਂ ਬਰਗਾੜੀ ਦੇ ਉੱਘੇ ਸਮਾਜ ਸੇਵੀ ਗੋਪਾਲ ਕ੍ਰਿਸ਼ਨ ਬਰਗਾੜੀ ਵੱਲੋਂ ਇਸ ਸਾਲ ਵੀ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਬਰਗਾੜੀ ਸਰਕਲ ਦੇ ਤਿੰਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲਾਂ ਦੇ ਵਿਦਿਆਰਥੀਆਂ ਲਈ ਕਾਪੀਆਂ ਅਤੇ ਹੋਰ ਲੋੜੀਂਦਾ ਸਟੇਸ਼ਨਰੀ ਦਾ ਸਾਮਾਨ ਭੇਜਿਆ ਗਿਆ। ਉਨ੍ਹਾਂ ਦੇ ਇਸ ਨੇਕ ਉਪਰਾਲੇ ਦੀ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਜਗਸੀਰ ਸਿੰਘ ਬਰਗਾੜੀ, ਖੁਸ਼ਦੀਪ ਮਿੱਤਲ, ਚਾਹਤ ਗਰਗ, ਜੀਵਨ ਕੁਮਾਰ ਅਤੇ ਜਤਿੰਦਰ ਕੁਮਾਰ ਨੇ ਦੱਸਿਆ ਕਿ ਗੋਪਾਲ ਕ੍ਰਿਸ਼ਨ ਬਰਗਾੜੀ ਭਾਵੇਂ ਰੁਜ਼ਗਾਰ ਅਤੇ ਪਰਿਵਾਰਕ ਕਾਰਨਾਂ ਕਰਕੇ ਕੈਨੇਡਾ ਵਿੱਚ ਰਹਿੰਦੇ ਹਨ, ਪਰ ਆਪਣੇ ਪਿੰਡ ਅਤੇ ਇਲਾਕੇ ਨਾਲ ਉਨ੍ਹਾਂ ਦਾ ਮੋਹ ਹਮੇਸ਼ਾ ਬਰਕਰਾਰ ਰਿਹਾ ਹੈ। ਉਹ ਹਰ ਸਾਲ ਆਪਣੇ ਜਨਮ ਦਿਨ ਨੂੰ ਸਮਾਜ ਸੇਵਾ ਨਾਲ ਜੋੜਦਿਆਂ ਬਰਗਾੜੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਨਰਸਰੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਕਾਪੀਆਂ ਅਤੇ ਹੋਰ ਸਟੇਸ਼ਨਰੀ ਭੇਜਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿੱਖਿਆ ਵਿੱਚ ਯੋਗਦਾਨ ਪਾਉਣਾ ਅਤੇ ਉਨ੍ਹਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਣਾ ਸਮਾਜ ਲਈ ਬਹੁਤ ਹੀ ਪ੍ਰੇਰਨਾਦਾਇਕ ਕਾਰਜ ਹੈ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ (1) ਦੇ ਇੰਚਾਰਜ ਕੁਲਦੀਪ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ (2) ਦੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਬਰਾੜ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਂਚ ਬਰਗਾੜੀ ਦੀ ਮੁੱਖ ਅਧਿਆਪਕਾ ਕੁਲਵਿੰਦਰ ਕੌਰ ਨੇ ਗੋਪਾਲ ਕ੍ਰਿਸ਼ਨ ਬਰਗਾੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਮਾਜ ਵਿੱਚ ਸੇਵਾ, ਸਹਿਯੋਗ ਅਤੇ ਸਾਂਝ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਦੇ ਸਮਰੱਥ ਵਿਅਕਤੀਆਂ ਨੂੰ ਵੀ ਅਜਿਹੇ ਕਾਰਜਾਂ ਤੋਂ ਪ੍ਰੇਰਨਾ ਲੈ ਕੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਬੀਪੀਈਓ ਜੈਤੋ ਜਗਤਾਰ ਸਿੰਘ ਮਾਨ ਨੇ ਵੀ ਗੋਪਾਲ ਕ੍ਰਿਸ਼ਨ ਬਰਗਾੜੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰਹਿਣ ਦੀ ਆਸ ਪ੍ਰਗਟਾਈ। ਇਸ ਮੌਕੇ ਅਧਿਆਪਕ ਬੂਟਾ ਸਿੰਘ, ਜਗਦੀਪ ਸਿੰਘ, ਰਾਜਵਿੰਦਰ ਕੌਰ, ਰਾਜਨਦੀਪ ਕੌਰ, ਅਮਨਦੀਪ ਕੌਰ, ਵੀਰਪਾਲ ਕੌਰ, ਦੇਵਰਾਜ, ਰਾਜਿੰਦਰ ਸਿੰਘ, ਸ੍ਰੀ ਚੰਦ, ਹਰਦੀਪ ਕੌਰ, ਗੁਰਪ੍ਰੀਤ ਕੌਰ, ਮਹਿੰਦਰ ਕੌਰ, ਸਾਕਸ਼ੀ ਗਰਗ, ਮਨਪ੍ਰੀਤ ਕੌਰ, ਸਰੋਜ ਕੌਰ, ਚਰਨਜੀਤ ਕੌਰ, ਹਰਨੇਕ ਬਰਗਾੜੀ, ਰਾਮ ਬਹਾਦਰ, ਜਸਵਿੰਦਰ ਬਰਗਾੜੀ, ਸ਼ਿੰਦਰ ਕੌਰ ਅਤੇ ਕੁਲਵਿੰਦਰ ਕੌਰ ਨੇ ਵੀ ਗੋਪਾਲ ਕ੍ਰਿਸ਼ਨ ਬਰਗਾੜੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ।