- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਦੀ 'ਜਵਾਨੀ ਸੰਭਾਲ ਯਾਤਰਾ' ਦੌਰਾਨ ਫ਼ਰੀਦਕੋਟ ਵਿੱਚ ਧੜੇਬੰਦੀ ਖੁੱਲ੍ਹ ਕੇ ਆਈ ਸਾਹਮਣੇ

ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਦੇ ਰਾਜਾ ਵੜਿੰਗ ਧੜੇ ਦੇ ਆਗੂਆਂ ਨੇ ਚਰਨਜੀਤ ਚੰਨੀ ਦੀ ਯਾਤਰਾ ਤੋਂ ਬਣਾਈ ਦੂਰੀ
ਜਗਮੀਤ ਸਿੰਘ. ਪੰਜਾਬੀ ਜਾਗਰਣ ਫ਼ਰੀਦਕੋਟ : ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੱਢੀ ਜਾ ਰਹੀ 'ਜਵਾਨੀ ਸੰਭਾਲ ਯਾਤਰਾ' ਦੌਰਾਨ ਜ਼ਿਲ੍ਹੇ ਭਰ ਵਿੱਚ ਕਾਂਗਰਸ ਦੀ ਧੜੇਬੰਦੀ ਸਪੱਸ਼ਟ ਤੌਰ 'ਤੇ ਸਾਹਮਣੇ ਆਈ। ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਪਾਰਟੀ ਅੰਦਰ ਧੜੇਬੰਦੀ ਹੋਣ ਦੀ ਗੱਲ ਨੂੰ ਨਕਾਰ ਦਿੱਤਾ, ਪਰ ਦੂਜੇ ਪਾਸੇ ਰਾਜਾ ਵੜਿੰਗ ਧੜੇ ਦੇ ਜ਼ਿਲ੍ਹੇ ਦੇ ਸਾਰੇ ਆਗੂਆਂ ਨੇ ਇਸ ਯਾਤਰਾ ਤੋਂ ਦੂਰੀ ਬਣਾਈ ਰੱਖੀ। ਇਸੇ ਦੌਰਾਨ ਫ਼ਰੀਦਕੋਟ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਚੰਨੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਇਸ ਯਾਤਰਾ ਦੌਰਾਨ ਜਿੱਥੇ ਵੀ ਲੋਕਾਂ ਨੂੰ ਸੰਬੋਧਨ ਕੀਤਾ, ਉੱਥੇ ਆਪਣੇ ਧੜੇ ਦੇ ਆਗੂਆਂ ਨੂੰ ਅਸਿੱਧੇ ਤੌਰ 'ਤੇ ਉਮੀਦਵਾਰ ਵਜੋਂ ਪੇਸ਼ ਕਰਦਿਆਂ ਉਨ੍ਹਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਜਦਕਿ ਅਜੇ ਤੱਕ ਕਾਂਗਰਸ ਵੱਲੋਂ ਉਮੀਦਵਾਰਾਂ ਦੀਆਂ ਟਿਕਟਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਧੜੇਬੰਦੀ ਦਾ ਆਲਮ ਇਹ ਸੀ ਕਿ ਕਾਂਗਰਸ ਦੇ ਹੀ ਪ੍ਰੋਗਰਾਮ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਗੈਰ-ਹਾਜ਼ਰ ਰਹੇ। ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਬਾਬਾ ਫ਼ਰੀਦ ਯੂਨੀਵਰਸਿਟੀ ਵਿੱਚ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਵਿੱਚ ਨਕਲ ਦੇ ਮਾਮਲੇ ਨੂੰ ਲੈ ਕੇ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਯੂਨੀਵਰਸਿਟੀ ਦੇ ਸਾਹਮਣੇ ਧਰਨਾ ਦੇਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਉਸ ਸਮੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਧੜੇ ਦੇ ਆਗੂ ਤਾਂ ਪਹੁੰਚੇ ਸਨ, ਪਰ ਜ਼ਿਲ੍ਹਾ ਪ੍ਰਧਾਨ ਬੱਬੂ ਬਰਾੜ ਉੱਥੇ ਵੀ ਨਹੀਂ ਪਹੁੰਚੇ ਸਨ। ਸੋਮਵਾਰ ਨੂੰ ਇਸ ਯਾਤਰਾ ਦੌਰਾਨ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ। ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਤਾਂ ਪਹੁੰਚੇ, ਪਰ ਜ਼ਿਲ੍ਹਾ ਪ੍ਰਧਾਨ ਗੈਰ-ਹਾਜ਼ਰ ਰਹੇ। ਗੌਰਤਲਬ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨਾਂ ਦੌਰਾਨ ਆਪਣੇ ਧੜੇ ਦੇ ਆਗੂਆਂ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਤੱਕ ਕੀਤੀ, ਪਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਰਾਜਾ ਵੜਿੰਗ ਧੜੇ ਦੇ ਆਗੂਆਂ ਦਾ ਜ਼ਿਕਰ ਤੱਕ ਨਹੀਂ ਕੀਤਾ। ਜਦੋਂ ਇਸ ਸਬੰਧੀ ਚੰਨੀ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕੋਈ ਧੜੇਬੰਦੀ ਨਹੀਂ ਹੈ। ਉਨ੍ਹਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਬੱਬੂ ਬਰਾੜ ਨੂੰ ਕੋਈ ਕੰਮ ਹੋਵੇਗਾ, ਇਸੇ ਕਰਕੇ ਉਹ ਨਹੀਂ ਪਹੁੰਚ ਸਕੇ।
'ਰੰਗਲਾ ਪੰਜਾਬ' ਨੂੰ ਬਣਾ ਦਿੱਤਾ 'ਚਿੱਟਾ ਪੰਜਾਬ'
ਫ਼ਰੀਦਕੋਟ ਵਿੱਚ ਆਪਣੇ ਸੰਬੋਧਨ ਦੌਰਾਨ ਚੰਨੀ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਬੋਲਬਾਲਾ ਹੈ ਅਤੇ ਹਾਲਾਤ ਇਹ ਹਨ ਕਿ ਨਸ਼ਿਆਂ ਦੀ ਹੋਮ ਡਿਲਿਵਰੀ ਹੋ ਰਹੀ ਹੈ। ਪੰਜਾਬ ਵਿੱਚ ਗੈਂਗਸਟਰਵਾਦ ਦਾ ਦੌਰ ਚੱਲ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਾ ਰੋਕਣ ਵਾਲਿਆਂ ਨੂੰ ਲਾਇਸੈਂਸ ਨਹੀਂ ਮਿਲਦੇ, ਜਦਕਿ ਨਸ਼ਾ ਵੇਚਣ ਵਾਲਿਆਂ ਨੂੰ ਲਾਇਸੈਂਸ ਦਿੱਤੇ ਜਾ ਰਹੇ ਹਨ। ਵਪਾਰੀਆਂ ਨੂੰ ਫਿਰੌਤੀ ਲਈ ਫੋਨ ਆ ਰਹੇ ਹਨ, ਪਰ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਦੌਰਾਨ ਉਨ੍ਹਾਂ ਨੇ ਫ਼ਰੀਦਕੋਟ ਦੀ ਵਿਧਾਇਕਾ 'ਤੇ ਵੀ ਤਨਜ਼ ਕੱਸਦਿਆਂ ਕਿਹਾ ਕਿ ਉਹ ਆਪਣੇ ਕੋਲ ਆਉਣ ਵਾਲੇ ਲੋਕਾਂ ਨਾਲ ਮਾੜਾ ਵਿਵਹਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਰੰਗਲਾ ਨਹੀਂ ਰਿਹਾ, ਸਗੋਂ ਚਿੱਟਾ ਪੰਜਾਬ ਬਣ ਗਿਆ ਹੈ। 'ਆਪ' ਸਰਕਾਰ ਨੇ ਰੰਗਲੇ ਪੰਜਾਬ ਨੂੰ ਚਿੱਟਾ ਪੰਜਾਬ ਬਣਾ ਦਿੱਤਾ ਹੈ ਅਤੇ ਹੁਣ ਪੰਜਾਬ ਵਿੱਚ ਸਿਰਫ਼ ਚਿੱਟਾ ਹੀ ਦਿਖਾਈ ਦਿੰਦਾ ਹੈ। ਚੰਨੀ ਨੇ ਔਰਤਾਂ ਨੂੰ ਮਿਲਣ ਵਾਲੇ 1000-1500 ਰੁਪਏ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਔਰਤਾਂ ਨੂੰ ਪੈਸਿਆਂ ਦਾ ਲਾਲਚ ਦੇ ਰਹੀ ਹੈ, ਪਰ ਜੇਕਰ ਸਾਡੇ ਪੁੱਤਰ ਹੀ ਨਾ ਰਹੇ ਤਾਂ ਇਨ੍ਹਾਂ ਪੈਸਿਆਂ ਦਾ ਕੀ ਫ਼ਾਇਦਾ ਹੋਵੇਗਾ। ਉਨ੍ਹਾਂ ਵਾਅਦਾ ਕੀਤਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਔਰਤਾਂ ਨੂੰ ਡੇਢ ਗੁਣਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦਲਿਤਾਂ ਨੂੰ ਅੱਗੇ ਵਧਦਾ ਨਹੀਂ ਦੇਖਣਾ ਚਾਹੁੰਦੀ। ਚੋਣਾਂ ਤੋਂ ਪਹਿਲਾਂ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸਿਰਫ਼ ਖ਼ੁਦ ਹੀ ਰਾਜ ਕੀਤਾ ਹੈ ਅਤੇ ਉਹ ਪੰਜਾਬ ਦੇ ਨਹੀਂ, ਸਗੋਂ ਦਿੱਲੀ ਵਾਲਿਆਂ ਦੇ ਮੁੱਖ ਮੰਤਰੀ ਹਨ।
ਸਾਈਕਲ ਯਾਤਰਾ 'ਤੇ ਰੋਮਾਣਾ ਨੇ ਕੱਸਿਆ ਤਨਜ਼
ਉਧਰ, ਇਸ ਯਾਤਰਾ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਤਨਜ਼ ਕੱਸਦਿਆਂ ਕਿਹਾ ਕਿ ਇਹ ਸਾਈਕਲ ਯਾਤਰਾ ਹੈ ਹੀ ਨਹੀਂ। ਚੰਨੀ ਨੇ ਫ਼ਰੀਦਕੋਟ ਵਿੱਚ ਇੱਕ ਮੀਟਰ ਵੀ ਸਾਈਕਲ ਨਹੀਂ ਚਲਾਇਆ। ਉਹ ਸਿਰਫ਼ ਕਾਰਾਂ ਵਿੱਚ ਹੀ ਘੁੰਮਦੇ ਰਹੇ ਅਤੇ ਇਸੇ ਕਾਰਨ ਉਨ੍ਹਾਂ ਨੂੰ ਲੋਕਾਂ ਵੱਲੋਂ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਵੀ ਚੰਨੀ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਅਤੇ ਅੱਜ ਵੀ ਸਾਈਕਲ ਯਾਤਰਾ ਦੇ ਨਾਂ 'ਤੇ ਲੋਕਾਂ ਨਾਲ ਠੱਗੀਆਂ ਕਰ ਰਹੇ ਹਨ। ਰੋਮਾਣਾ ਨੇ ਤਨਜ਼ ਕਰਦਿਆਂ ਕਿਹਾ ਕਿ ਚੰਨੀ ਦੀ ਸਾਈਕਲ ਦੇ ਅਗਲੇ ਟਾਇਰ ਦੀ ਹਵਾ ਪ੍ਰਗਟ ਸਿੰਘ ਨੇ ਅਤੇ ਪਿਛਲੇ ਟਾਇਰ ਦੀ ਹਵਾ ਰਾਜਾ ਵੜਿੰਗ ਨੇ ਕੱਢ ਦਿੱਤੀ ਹੈ। ਇਸੇ ਕਰਕੇ ਸਾਈਕਲ ਨੂੰ ਟਰੱਕ 'ਤੇ ਲੱਦ ਕੇ ਲਿਜਾਣਾ ਪਿਆ।