ਪਰਾਲੀ ਦੇ ਧੂੰਏਂ ਤੇ ਧੂੜ-ਮਿੱਟੀ ਨੇ ਵਿਗਾੜਿਆ ਮੌਸਮ ਦਾ ਮਿਜ਼ਾਜ ਪਰਾਲੀ ਦੇ ਧੂੰਏਂ ਅਤੇ ਧੂੜ-ਮਿੱਟੀ ਨੇ ਵਿਗਾੜਿਆ ਮੌਸਮ ਦਾ ਮਿਜ਼ਾਜ
Publish Date: Mon, 16 Nov 2026 04:46 PM (IST)
Updated Date: Mon, 16 Nov 2026 04:48 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਝੋਨੇ ਦੀ ਕਟਾਈ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਪੰਜਾਬ ਸਮੇਤ ਗੁਆਂਢੀ ਸੂਬਿਆਂ ਵਿੱਚ ਪਰਾਲੀ ਨੂੰ ਲਾਈ ਜਾ ਰਹੀ ਅੱਗ ਅਤੇ ਖੇਤਾਂ ਵਿੱਚੋਂ ਉੱਡ ਰਹੀ ਧੂੜ-ਮਿੱਟੀ ਕਾਰਨ ਵਾਤਾਵਰਨ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਦਾ ਨਜ਼ਰ ਆ ਰਿਹਾ ਹੈ। ਹਾਲਾਤ ਇਹ ਹਨ ਕਿ ਦਿਨ ਚੜ੍ਹਦਿਆਂ ਹੀ ਆਸਮਾਨ ਵਿੱਚ ਧੂੰਏਂ ਅਤੇ ਧੂੜ ਦੀ ਸੰਘਣੀ ਪਰਤ ਛਾ ਜਾਂਦੀ ਹੈ, ਜਿਸ ਕਾਰਨ ਦੂਰ ਤੱਕ ਦੇ ਦ੍ਰਿਸ਼ ਧੁੰਦਲੇ ਦਿਖਾਈ ਦਿੰਦੇ ਹਨ। ਸੂਰਜ ਦੀ ਚਮਕ ਵੀ ਇਸ ਧੂੰਏਂ ਦੇ ਗੁਬਾਰ ਵਿੱਚ ਫਿੱਕੀ ਪੈ ਰਹੀ ਹੈ ਅਤੇ ਦਿਨ ਵੇਲੇ ਵੀ ਸ਼ਾਮ ਵਰਗਾ ਮਾਹੌਲ ਬਣਿਆ ਹੋਇਆ ਮਹਿਸੂਸ ਹੁੰਦਾ ਹੈ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਸੜਕਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਧੂੰਏਂ ਤੇ ਧੂੜ-ਮਿੱਟੀ ਦੀ ਪਰਤ ਕਾਰਨ ਧੁੰਦ ਵਰਗਾ ਭੁਲੇਖਾ ਪੈ ਰਿਹਾ ਹੈ। ਇਸ ਸਥਿਤੀ ਨੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋ ਰਹੀ ਹੈ, ਜਦਕਿ ਵਾਹਨ ਚਾਲਕਾਂ ਨੂੰ ਵੀ ਦੂਰ ਤੱਕ ਸਾਫ਼ ਦਿਖਾਈ ਨਾ ਦੇਣ ਕਾਰਨ ਆਵਾਜਾਈ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਇਸ ਵਾਰ ਪਰਾਲੀ ਪ੍ਰਬੰਧਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਕਿਸਾਨਾਂ ਨੇ ਵਾਤਾਵਰਨ ਦੀ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕੀਤਾ ਹੈ। ਕਈ ਅਗਾਂਹਵਧੂ ਕਿਸਾਨਾਂ ਵੱਲੋਂ ਪਰਾਲੀ ਦੀਆਂ ਗੱਠਾਂ ਬਣਵਾ ਕੇ ਇਸ ਦਾ ਸੁਚੱਜਾ ਪ੍ਰਬੰਧਨ ਕੀਤਾ ਗਿਆ ਹੈ। ਇਹ ਕਿਸਾਨ ਵਾਤਾਵਰਨ ਦੀ ਸੁਰੱਖਿਆ ਲਈ ਸ਼ਲਾਘਾਯੋਗ ਉਪਰਾਲੇ ਕਰ ਰਹੇ ਹਨ। ਪਰ ਇਸ ਦੇ ਬਾਵਜੂਦ ਕੁਝ ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਉਣ ਕਾਰਨ ਉਨ੍ਹਾਂ ਕਿਸਾਨਾਂ ਦੇ ਯਤਨਾਂ ’ਤੇ ਵੀ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ, ਜੋ ਪਰਾਲੀ ਦਾ ਨਿਪਟਾਰਾ ਬਿਨਾਂ ਅੱਗ ਲਗਾਏ ਕਰ ਰਹੇ ਹਨ। ਲੋੜ ਹੈ ਕਿ ਕਿਸਾਨਾਂ, ਪ੍ਰਸ਼ਾਸਨ ਅਤੇ ਆਮ ਲੋਕਾਂ ਵੱਲੋਂ ਮਿਲ ਕੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਾਂਝੇ ਯਤਨ ਕੀਤੇ ਜਾਣ। ਸਿਹਤ ਲਈ ਖ਼ਤਰੇ ਦੀ ਘੰਟੀ ਬਣਿਆ ਪ੍ਰਦੂਸ਼ਿਤ ਵਾਤਾਵਰਨ ਇਸ ਸਬੰਧੀ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਹਵਾ ਦੀ ਖ਼ਰਾਬ ਗੁਣਵੱਤਾ ਦਮੇ ਅਤੇ ਸਾਹ ਦੀਆਂ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਗੰਭੀਰ ਸਮੱਸਿਆ ਪੈਦਾ ਕਰ ਸਕਦੀ ਹੈ। ਹਵਾ ਵਿੱਚ ਮੌਜੂਦ ਧੂੰਏਂ ਅਤੇ ਬਾਰੀਕ ਧੂੜ ਦੇ ਕਣ ਸਾਹ ਰਾਹੀਂ ਸਰੀਰ ਅੰਦਰ ਦਾਖ਼ਲ ਹੋ ਕੇ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹਨ। ਇਸ ਕਾਰਨ ਖੰਘ, ਸਾਹ ਚੜ੍ਹਨਾ, ਛਾਤੀ ਵਿੱਚ ਜਕੜਨ ਅਤੇ ਅੱਖਾਂ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਛੋਟੇ ਬੱਚੇ, ਬਜ਼ੁਰਗ ਅਤੇ ਪਹਿਲਾਂ ਤੋਂ ਸਾਹ, ਦਿਲ ਜਾਂ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀ ਪ੍ਰਦੂਸ਼ਿਤ ਹਵਾ ਦੀ ਲਪੇਟ ਵਿੱਚ ਜਲਦੀ ਆ ਸਕਦੇ ਹਨ। ਲੰਮੇ ਸਮੇਂ ਤੱਕ ਪ੍ਰਦੂਸ਼ਿਤ ਹਵਾ ਵਿੱਚ ਰਹਿਣ ਨਾਲ ਫੇਫੜਿਆਂ ਅਤੇ ਦਿਲ ਦੀ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਦਮੇ ਦੀ ਸਮੱਸਿਆ ਵਧਣ, ਫੇਫੜਿਆਂ ਦੀ ਕਾਰਜਕੁਸ਼ਲਤਾ ਘਟਣ, ਦਿਲ ਦੇ ਰੋਗਾਂ ਅਤੇ ਸਟ੍ਰੋਕ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਦਾ ਖ਼ਤਰਾ ਵੀ ਵਧ ਸਕਦਾ ਹੈ। ਧੂੰਏਂ ਤੇ ਪ੍ਰਦੂਸ਼ਣ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਦੌਰਾਨ ਖੁੱਲ੍ਹੇ ਵਿੱਚ ਸੈਰ ਕਰਨ, ਸਾਈਕਲਿੰਗ ਅਤੇ ਦੌੜਨ ਤੋਂ ਪਰਹੇਜ਼ ਕੀਤਾ ਜਾਵੇ। ਬਹੁਤ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਜਾਂਦੇ ਸਮੇਂ ਚੰਗੀ ਤਰ੍ਹਾਂ ਫਿੱਟ ਹੋਣ ਵਾਲਾ ਐੱਨ-95 ਮਾਸਕ ਵਰਤਿਆ ਜਾਵੇ। ਘਰਾਂ ਅਤੇ ਆਲੇ-ਦੁਆਲੇ ਧੂੜ ਉੱਡਣ ਤੋਂ ਰੋਕਣ ਲਈ ਲੋੜ ਅਨੁਸਾਰ ਪਾਣੀ ਦਾ ਛਿੜਕਾਅ ਕੀਤਾ ਜਾਵੇ। ਸਾਹ ਅਤੇ ਦਮੇ ਦੇ ਮਰੀਜ਼ ਆਪਣੀਆਂ ਨਿਰਧਾਰਤ ਦਵਾਈਆਂ ਅਤੇ ਇਨਹੇਲਰ ਹਮੇਸ਼ਾ ਆਪਣੇ ਕੋਲ ਰੱਖਣ ਅਤੇ ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈਆਂ ਦੀ ਵਰਤੋਂ ਕਰਨ। ਇਸ ਤੋਂ ਇਲਾਵਾ ਪਾਰਕਾਂ, ਖਾਲੀ ਥਾਵਾਂ ਅਤੇ ਖੇਤਾਂ ਵਿੱਚ ਇਕੱਠੇ ਹੋਏ ਘਾਹ, ਪੱਤਿਆਂ ਅਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਉਨ੍ਹਾਂ ਦਾ ਢੁੱਕਵਾਂ ਨਿਪਟਾਰਾ ਕੀਤਾ ਜਾਵੇ। ਵਾਤਾਵਰਨ ਦੀ ਸ਼ੁੱਧਤਾ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਕਿਉਂਕਿ ਸਾਫ਼ ਹਵਾ ਸਿਹਤਮੰਦ ਜੀਵਨ ਦੀ ਮੁੱਢਲੀ ਲੋੜ ਹੈ।