ਸ਼੍ਰੀ ਅਗਰਵਾਲ ਸਭਾ ਜੈਤੋ ਵੱਲੋਂ ਪੰਜ ਕੌਂਸਲਰਾਂ ਤੇ ਕਲਾਕਾਰ ਦਾ ਸਨਮਾਨ ਸ਼੍ਰੀ ਅਗਰਵਾਲ ਸਭਾ ਜੈਤੋ ਵੱਲੋਂ ਪੰਜ ਕੌਂਸਲਰਾਂ ਅਤੇ ਕਲਾਕਾਰ ਦਾ ਸਨਮਾਨ
Publish Date: Sun, 15 Nov 2026 03:28 PM (IST)
Updated Date: Sun, 15 Nov 2026 03:30 PM (IST)
ਪੰਜ ਨੁਮਾਇੰਦਿਆਂ ਦਾ ਇੱਕੋ ਸਮੇਂ ਚੁਣਿਆ ਜਾਣਾ ਭਾਈਚਾਰੇ ਲਈ ਮਾਣ ਵਾਲੀ ਗੱਲ : ਮੁਕੇਸ਼ ਗੋਇਲ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸ਼੍ਰੀ ਅਗਰਵਾਲ ਸਭਾ ਜੈਤੋ ਵੱਲੋਂ ਅਗਰਵਾਲ ਭਵਨ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਹਾਲ ਹੀ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਚੁਣੇ ਗਏ ਪੰਜ ਅਗਰਵਾਲ ਕੌਂਸਲਰਾਂ ਅਤੇ ਕਲਾ ਦੇ ਖੇਤਰ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵਾਲੇ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਭਾਈਚਾਰੇ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣਾ ਅਤੇ ਸਮਾਜਿਕ ਤੇ ਸੱਭਿਆਚਾਰਕ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੀ ਹੌਸਲਾ-ਅਫ਼ਜ਼ਾਈ ਕਰਨਾ ਸੀ। ਸਮਾਰੋਹ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ ਅਤੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ‘ਬਿੱਟੂ ਬਾਦਲ’ ਨੇ ਕੀਤੀ। ਇਸ ਮੌਕੇ ਸਭਾ ਦੇ ਸਹਿ-ਸਕੱਤਰ ਰਮੇਸ਼ ਬਾਂਸਲ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ। ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ‘ਬਿੱਟੂ ਬਾਦਲ’ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਮੁੱਚੇ ਅਗਰਵਾਲ ਭਾਈਚਾਰੇ ਲਈ ਬੇਹੱਦ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਭਾਈਚਾਰੇ ਦੇ ਨੁਮਾਇੰਦੇ ਰਾਜਨੀਤੀ ਅਤੇ ਕਲਾ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਚੁਣੇ ਗਏ ਕੌਂਸਲਰ ਸ਼ਹਿਰ ਦੇ ਵਿਕਾਸ ਅਤੇ ਲੋਕ ਸੇਵਾ ਦੇ ਕਾਰਜਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਭਾਈਚਾਰੇ ਦੇ ਮੈਂਬਰਾਂ ਨੂੰ ਆਪਸੀ ਸਲਾਹ-ਮਸ਼ਵਰੇ ਅਤੇ ਸਹਿਯੋਗ ਨਾਲ ਅੱਗੇ ਵਧਣ ਦਾ ਸੱਦਾ ਵੀ ਦਿੱਤਾ। ਸਨਮਾਨ ਸਮਾਰੋਹ ਦੌਰਾਨ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੀ ਨਿਰਮਲਾ ਦੇਵੀ ਪਤਨੀ ਧਰਮਪਾਲ ਗਰਗ (ਪ੍ਰਧਾਨ), ਡਾ. ਹਰੀਸ਼ ਚੰਦਰ ਗੋਇਲ ਪੁੱਤਰ ਬਾਬੂ ਰਾਮ ਗੋਇਲ (ਸਾਬਕਾ ਪ੍ਰਧਾਨ), ਤੁਲਸੀ ਰਾਮ ਬਾਂਸਲ ਪੁੱਤਰ ਕਸਤੂਰੀ ਲਾਲ ਬਾਂਸਲ, ਪ੍ਰਿਯੰਕਾ ਗਰਗ ਪਤਨੀ ਐਡਵੋਕੇਟ ਅਮਿਤ ਕੁਮਾਰ ‘ਗੋਲਡੂ ਮਿੱਤਲ’ ਅਤੇ ਪਰਵੀਨ ਗਰਗ ਪਤਨੀ ਸੁਰਿੰਦਰ ਗਰਗ (ਸੇਵਾਮੁਕਤ ਆਰ.ਏ.) ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਜੈਤੋ ਦੇ ਸੀਨੀਅਰ ਕਲਾਕਾਰ ਅਨਿਲ ਮਿੱਤਲ ਨੂੰ ਹਾਲ ਹੀ ਵਿੱਚ ਹੋਈ ਰਾਮਲੀਲਾ ਦੌਰਾਨ ਉਨ੍ਹਾਂ ਵੱਲੋਂ ਨਿਭਾਈ ਗਈ ਸ਼ਾਨਦਾਰ ਭੂਮਿਕਾ ਲਈ ਸਨਮਾਨ ਦਿੱਤਾ ਗਿਆ। ਸਭਾ ਦੇ ਅਹੁਦੇਦਾਰਾਂ ਨੇ ਸਾਰੀਆਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਅੰਗ-ਵਸਤਰ ਭੇਟ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਸਭਾ ਦੇ ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਉਨ੍ਹਾਂ ਨੇ ਧਾਰਮਿਕ ਸਵਾਲ-ਜਵਾਬ ਰਾਹੀਂ ਹਾਜ਼ਰ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਸਹੀ ਤੇ ਵਧੀਆ ਜਵਾਬ ਦੇਣ ਵਾਲਿਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਵੀ ਕੀਤਾ। ਸਮਾਗਮ ਦੇ ਅੰਤ ਵਿੱਚ ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਅਨੁਸਾਰ ਜੈਤੋ ਮੰਡੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਅਗਰਵਾਲ ਭਾਈਚਾਰੇ ਦੇ ਪੰਜ ਨੁਮਾਇੰਦੇ ਇੱਕੋ ਸਮੇਂ ਨਗਰ ਕੌਂਸਲ ਲਈ ਚੁਣੇ ਗਏ ਹਨ, ਜੋ ਸਮੁੱਚੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਭਾਈਚਾਰੇ ਦੀ ਏਕਤਾ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੀ ਅਗਰਵਾਲ ਸਭਾ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੀ ਹੈ ਅਤੇ ਆਪਣੀ ਸਮਰੱਥਾ ਅਨੁਸਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੀ ਹੈ। ਹਾਲਾਂਕਿ, ਸਭਾ ਵੱਲੋਂ ਕੀਤੀ ਜਾਂਦੀ ਸਹਾਇਤਾ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਕਿਸੇ ਲੋੜਵੰਦ ਵਿਅਕਤੀ ਦੀ ਪਛਾਣ ਜਨਤਕ ਕੀਤੀ ਜਾਂਦੀ ਹੈ, ਜਿਸ ਕਾਰਨ ਸਭਾ ਦੇ ਕਈ ਸਮਾਜ ਸੇਵੀ ਕਾਰਜ ਲੋਕਾਂ ਦੇ ਧਿਆਨ ਵਿੱਚ ਨਹੀਂ ਆਉਂਦੇ। ਉਨ੍ਹਾਂ ਸਮਾਗਮ ਵਿੱਚ ਸ਼ਾਮਲ ਸਮੂਹ ਮਹਿਮਾਨਾਂ ਅਤੇ ਭਾਈਚਾਰੇ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ। ਅੰਤ ਵਿੱਚ ਸਨਮਾਨਿਤ ਕੌਂਸਲਰਾਂ ਅਤੇ ਕਲਾਕਾਰ ਨੇ ਇਸ ਮਾਣ-ਸਨਮਾਨ ਲਈ ਸ਼੍ਰੀ ਅਗਰਵਾਲ ਸਭਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।