- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘੋੜਸਵਾਰੀ ਦੇ ਜੌਹਰਾਂ ਨੇ ਖੇਡ ਦਿਵਸ ’ਚ ਬੰਨ੍ਹਿਆ ਰੰਗ, ਨੰਨ੍ਹੇ ਖਿਡਾਰੀਆਂ ਤੋਂ ਸੀਨੀਅਰ ਵਿਦਿਆਰਥੀਆਂ ਤੱਕ ਦਿਖਾਇਆ ਦਮਖਮ

ਜਗਮੀਤ ਸਿੰਘ, ਪੰਜਾਬੀ ਜਾਗਰਣ, ਕੋਟਕਪੂਰਾ : ਮੈਦਾਨ ਵਿੱਚ ਦੌੜਦੇ ਬੱਚੇ, ਜਿੱਤ ਲਈ ਪੂਰੀ ਤਾਕਤ ਲਾਉਂਦੀਆਂ ਟੀਮਾਂ ਅਤੇ ਘੋੜਸਵਾਰੀ ਦੇ ਸ਼ਾਨਦਾਰ ਕਰਤੱਬਾਂ ਨੇ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦੇ ਸਾਲਾਨਾ ਖੇਡ ਦਿਵਸ ਨੂੰ ਯਾਦਗਾਰੀ ਬਣਾ ਦਿੱਤਾ। ਮੋਗਾ-ਕੋਟਕਪੂਰਾ ਰੋਡ ’ਤੇ ਪਿੰਡ ਪੰਜਗਰਾਈਂ ਕਲਾਂ ਨੇੜੇ ਸਥਿਤ ਸਕੂਲ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਨੂੰ ਸਿਰਫ਼ ਮੁਕਾਬਲਿਆਂ ਤੱਕ ਸੀਮਤ ਰੱਖਣ ਦੀ ਬਜਾਏ ਵਿਦਿਆਰਥੀਆਂ ਦੇ ਅਨੁਸ਼ਾਸਨ, ਟੀਮ ਵਰਕ, ਆਤਮ-ਵਿਸ਼ਵਾਸ ਅਤੇ ਸਰੀਰਕ ਸਮਰੱਥਾ ਨੂੰ ਸਾਹਮਣੇ ਲਿਆਉਣ ਦਾ ਮੰਚ ਬਣਾਇਆ ਗਿਆ। ਵਿਦਿਆਰਥੀਆਂ ਨੂੰ ਅਗਨੀ, ਪ੍ਰਿਥਵੀ, ਜਲ ਅਤੇ ਵਾਯੂ ਨਾਂ ਦੇ ਚਾਰ ਸਦਨਾਂ ਵਿੱਚ ਵੰਡਿਆ ਗਿਆ ਸੀ। ਇਨ੍ਹਾਂ ਸਦਨਾਂ ਦੇ ਖਿਡਾਰੀਆਂ ਵਿਚਕਾਰ ਹੋਏ ਮੁਕਾਬਲਿਆਂ ਦੌਰਾਨ ਜਿੱਤ ਹਾਸਲ ਕਰਨ ਲਈ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਵਿੱਚ ਘੋੜਸਵਾਰੀ ਮੁਕਾਬਲਾ ਅਤੇ ਘੋੜਸਵਾਰੀ ਦੇ ਵਿਸ਼ੇਸ਼ ਪ੍ਰਦਰਸ਼ਨ ਨੇ ਵਿਸ਼ੇਸ਼ ਖਿੱਚ ਪੈਦਾ ਕੀਤੀ। ਘੋੜਸਵਾਰੀ ਦੇ ਦਿਲਚਸਪ ਜੌਹਰਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਖੇਡ ਦਿਵਸ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਡ ਪੇਸ਼ਕਾਰੀਆਂ ਨੇ ਵੀ ਹਾਜ਼ਰੀਨ ਦੀ ਵਾਹ-ਵਾਹ ਖੱਟੀ। ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ਡਾ. ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਬਾਬਾ ਫਰੀਦ ਗਰੁੱਪ ਆਫ਼ ਕਾਲਜਿਜ਼, ਬਲਜੀਤ ਸਿੰਘ ਖੀਵਾ, ਚੇਅਰਮੈਨ ਚਨਾਬ ਗਰੁੱਪ ਆਫ਼ ਐਜੂਕੇਸ਼ਨ ਕੋਟਕਪੂਰਾ, ਡਾ. ਚੰਦਰ ਸ਼ੇਖਰ, ਸੇਵਾਮੁਕਤ ਮੁੱਖ ਮੈਡੀਕਲ ਅਫ਼ਸਰ ਅਤੇ ਪ੍ਰਧਾਨ ਆਰੋਗਿਆ ਭਾਰਤੀ ਪੰਜਾਬ, ਜਸਬੀਰ ਸਿੰਘ ਜੱਸੀ, ਜ਼ਿਲ੍ਹਾ ਗਾਈਡੈਂਸ ਅਤੇ ਕਾਊਂਸਲਰ, ਡਾ. ਗੁਰਵਿੰਦਰ ਸਿੰਘ ਮਹਿੰਦੀ ਰੱਤਾ, . ਸੁਖਰਾਜ ਸਿੰਘ ਨਿਆਮੀਵਾਲਾ, ਬਲਜਿੰਦਰ ਸਿੰਘ ਬੱਲੀ, ਹਰਪ੍ਰੀਤ ਸਿੰਘ ਛੰਨਾ, ਸੁਰਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ ਮੱਕੜ, ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਸਕੂਲ, ਅੰਗਰੇਜ਼ ਸਿੰਘ ਬਿੱਲੀ, ਸਾਬਕਾ ਸਰਪੰਚ ਸਮਾਲਸਰ ਅਤੇ ਅਮਿਤ ਸ਼ਰਮਾ ਨੇ ਸ਼ਿਰਕਤ ਕੀਤੀ। ਮਹਿਮਾਨਾਂ ਨੇ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਬੱਚਿਆਂ ਲਈ ਸਿੱਖਿਆ ਦੇ ਨਾਲ ਖੇਡਾਂ ਵਿੱਚ ਹਿੱਸਾ ਲੈਣਾ ਵੀ ਬੇਹੱਦ ਜ਼ਰੂਰੀ ਹੈ। ਖੇਡਾਂ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉੱਥੇ ਹੀ ਬੱਚਿਆਂ ਵਿੱਚ ਫੈਸਲੇ ਲੈਣ ਦੀ ਸਮਰੱਥਾ, ਅਗਵਾਈ ਦੇ ਗੁਣ, ਸਹਿਣਸ਼ੀਲਤਾ ਅਤੇ ਹਾਰ-ਜਿੱਤ ਨੂੰ ਸਹਿਜਤਾ ਨਾਲ ਸਵੀਕਾਰ ਕਰਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਆਪਣੀ ਸਮਰੱਥਾ ਅਨੁਸਾਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਕੂਲ ਦੀ ਡਾਇਰੈਕਟਰ ਸੀਮਾ ਸ਼ਰਮਾ, ਚੇਅਰਮੈਨ ਵਾਸੂ ਸ਼ਰਮਾ, ਚੇਅਰਪਰਸਨ ਰਕਸ਼ੰਦਾ, ਡਾਇਰੈਕਟਰ ਵਿਨੋਦ ਵਰਮਾ ਅਤੇ ਪ੍ਰਿੰਸੀਪਲ ਨੀਲਮ ਕੁਮਾਰੀ ਵਰਮਾ ਨੇ ਸਮਾਗਮ ਦੀ ਸਫ਼ਲਤਾ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਖੇਡਾਂ ਅਤੇ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ। ਸਮਾਗਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਅਤੇ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਅਤੇ ਸਕੂਲ ਸਟਾਫ਼ ਦੀ ਵੀ ਵਿਸ਼ੇਸ਼ ਭੂਮਿਕਾ ਰਹੀ।