ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਾਚੀਨ ਫਤਿਹ ਚੰਦ ਮੰਦਰ ਜੈਤੋ ਵਿਖੇ ਟੇਕਿਆ ਮੱਥਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਾਚੀਨ ਫਤਿਹ ਚੰਦ ਮੰਦਰ ਜੈਤੋ ਵਿਖੇ ਟੇਕਿਆ ਮੱਥਾ
Publish Date: Fri, 13 Nov 2026 03:43 PM (IST)
Updated Date: Fri, 13 Nov 2026 03:45 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜੈਤੋ ਮੰਡੀ ਦੇ ਪ੍ਰਾਚੀਨ ਅਤੇ ਇਤਿਹਾਸਕ ਫਤਿਹ ਚੰਦ ਮੰਦਰ ਵਿਖੇ ਗੋਵਰਧਨ ਪੂਜਾ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਭਗਵਾਨ ਗੋਵਰਧਨ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਮੁੱਖ ਯਜਮਾਨ ਵਜੋਂ ਪੂਰੀ ਧਾਰਮਿਕ ਮਰਿਆਦਾ ਅਨੁਸਾਰ ਪੂਜਾ-ਅਰਚਨਾ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮੰਦਰ ਪਹੁੰਚਣ ਤੇ ਮੰਡੀ ਨਿਵਾਸੀਆਂ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਭਗਵਾਨ ਗੋਵਰਧਨ ਦਾ ਦੁੱਧ, ਦਹੀਂ, ਘਿਓ, ਖੰਡ, ਸ਼ਹਿਦ ਅਤੇ ਗੰਗਾ ਜਲ ਨਾਲ ਵਿਧੀ-ਵਿਧਾਨ ਅਨੁਸਾਰ ਅਭਿਸ਼ੇਕ ਕੀਤਾ ਗਿਆ। ਇਸ ਪਵਿੱਤਰ ਮੌਕੇ ਮੰਦਰ ਵਿੱਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੇ ਹਾਜ਼ਰੀ ਭਰ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮੁੱਚਾ ਮੰਦਰ ਭਗਤੀਮਈ ਮਾਹੌਲ ਅਤੇ ਧਾਰਮਿਕ ਉਤਸ਼ਾਹ ਨਾਲ ਗੂੰਜ ਉੱਠਿਆ। ਇਸ ਮੌਕੇ ਧਾਰਮਿਕ ਆਗੂ ਪੰਡਿਤ ਸੁਸ਼ੀਲ ਕੁਮਾਰ ਸ਼ਰਮਾ ਨੇ ਗੋਵਰਧਨ ਪੂਜਾ ਦੀ ਧਾਰਮਿਕ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਭਗਵਾਨ ਸ਼੍ਰੀਮਨ ਨਾਰਾਇਣ ਗੋਵਰਧਨ ਦੇ ਰੂਪ ਵਿੱਚ ਵ੍ਰਿੰਦਾਵਨ ਵਿਖੇ ਵਿਰਾਜਮਾਨ ਹਨ। ਉਨ੍ਹਾਂ ਕਿਹਾ ਕਿ ਦਵਾਪਰ ਯੁੱਗ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਨੇ ਕੁਦਰਤ ਦੀ ਸੰਭਾਲ, ਗਊ ਪਾਲਣ ਅਤੇ ਸਮੁੱਚੀ ਸ੍ਰਿਸ਼ਟੀ ਦੇ ਕਲਿਆਣ ਦਾ ਸੰਦੇਸ਼ ਦਿੰਦਿਆਂ ਇੰਦਰ ਦੀ ਪੂਜਾ ਦੀ ਥਾਂ ਗੋਵਰਧਨ ਪੂਜਾ ਦੀ ਪਰੰਪਰਾ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਇਸ ਨਾਲ ਸਬੰਧਤ ਪੌਰਾਣਿਕ ਕਥਾ ਵੀ ਸੰਗਤ ਨਾਲ ਸਾਂਝੀ ਕੀਤੀ। ਪੰਡਿਤ ਸੁਸ਼ੀਲ ਕੁਮਾਰ ਸ਼ਰਮਾ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਪ੍ਰਾਪਤ ਕਰਨ ਲਈ ਭਗਤੀ ਗੀਤਾਂ ਦਾ ਸਰਵਣ, ਕੀਰਤਨ, ਸਿਮਰਨ, ਪੂਜਾ-ਪਾਠ, ਮਨੁੱਖਤਾ ਦੀ ਸੇਵਾ ਅਤੇ ਆਪਣੇ ਕਰਮਾਂ ਨੂੰ ਪਰਮਾਤਮਾ ਨੂੰ ਸਮਰਪਿਤ ਕਰਨਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਭਗਵਾਨ ਨੂੰ ਭੋਗ ਲਗਾਉਣ ਉਪਰੰਤ ਪ੍ਰਾਪਤ ਹੋਣ ਵਾਲਾ ਪ੍ਰਸਾਦ ਸ਼ਰਧਾ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ, ਜਿਸ ਨੂੰ ਛਕਣ ਨਾਲ ਮਨ ਅਤੇ ਆਤਮਾ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ। ਸਮਾਗਮ ਦੇ ਅੰਤ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੈਂਕੜੇ ਸ਼ਰਧਾਲੂਆਂ ਦੇ ਨਾਲ ਬੈਠ ਕੇ ਅੰਨਕੂਟ ਦਾ ਪ੍ਰਸਾਦ ਛਕਿਆ। ਇਹ ਧਾਰਮਿਕ ਸਮਾਗਮ ਆਪਸੀ ਭਾਈਚਾਰੇ, ਸ਼ਰਧਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੋਇਆ ਸ਼ਰਧਾਪੂਰਵਕ ਸੰਪੰਨ ਹੋਇਆ। ਇਸ ਮੌਕੇ ਆਮ ਆਦਮੀ ਪਾਰਟੀ ਯੂਥ ਵਿੰਗ ਜੈਤੋ ਸ਼ਹਿਰੀ ਦੇ ਪ੍ਰਧਾਨ ਨੰਬਰਦਾਰ ਧਰਮਿੰਦਰਪਾਲ ਸਿੰਘ ਤੋਤਾ , ਰਾਜੀਵ ਗੋਇਲ ਬਿੱਟੂ ਬਾਦਲ ਆਦਿ ਹਾਜ਼ਰ ਸਨ।