- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲ ਮਜ਼ਦੂਰੀ : ਸ਼ੌਕ ਨਹੀਂ, ਪਰਿਵਾਰਕ ਮਜ਼ਬੂਰੀ ਦਾ ਬੋਝ ਢੋ ਰਿਹਾ ਹੈ ਬਚਪਨ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਬਚਪਨ ਜ਼ਿੰਦਗੀ ਦਾ ਉਹ ਅਨਮੋਲ ਸਮਾਂ ਹੁੰਦਾ ਹੈ, ਜਦੋਂ ਨੰਨ੍ਹੇ ਹੱਥਾਂ ਵਿੱਚ ਕਿਤਾਬਾਂ, ਮੋਢਿਆਂ ’ਤੇ ਸਕੂਲੀ ਬਸਤੇ ਅਤੇ ਅੱਖਾਂ ਵਿੱਚ ਸੁਨਹਿਰੀ ਭਵਿੱਖ ਦੇ ਸੁਪਨੇ ਹੁੰਦੇ ਹਨ। ਇਹ ਉਮਰ ਖੇਡਣ, ਪੜ੍ਹਨ, ਹੱਸਣ-ਮੁਸਕਰਾਉਣ ਅਤੇ ਜ਼ਿੰਦਗੀ ਨੂੰ ਸਮਝਣ ਦੀ ਹੁੰਦੀ ਹੈ, ਪਰ ਸਾਡੇ ਸਮਾਜ ਦੀ ਇੱਕ ਕੌੜੀ ਹਕੀਕਤ ਇਹ ਵੀ ਹੈ ਕਿ ਅੱਜ ਵੀ ਅਨੇਕਾਂ ਮਾਸੂਮਾਂ ਦਾ ਬਚਪਨ ਗਰੀਬੀ ਅਤੇ ਪਰਿਵਾਰਕ ਮਜ਼ਬੂਰੀਆਂ ਦੀ ਭੇਟ ਚੜ੍ਹ ਰਿਹਾ ਹੈ। ਜਿਨ੍ਹਾਂ ਹੱਥਾਂ ਵਿੱਚ ਕਲਮ ਹੋਣੀ ਚਾਹੀਦੀ ਹੈ, ਉਨ੍ਹਾਂ ਹੱਥਾਂ ਵਿੱਚ ਚਾਹ ਦੇ ਗਲਾਸ, ਜੂਠੇ ਭਾਂਡੇ ਅਤੇ ਮਜ਼ਦੂਰੀ ਦੇ ਸੰਦ ਹਨ। ਕੋਈ ਹੋਟਲਾਂ ਵਿੱਚ ਭਾਂਡੇ ਮਾਂਜ ਰਿਹਾ ਹੈ, ਕੋਈ ਚਾਹ ਦੀਆਂ ਦੁਕਾਨਾਂ ’ਤੇ ਕੰਮ ਕਰ ਰਿਹਾ ਹੈ ਅਤੇ ਕੋਈ ਕੂੜੇ ਦੇ ਢੇਰਾਂ ਵਿੱਚੋਂ ਕਬਾੜ ਇਕੱਠਾ ਕਰਕੇ ਆਪਣੇ ਪਰਿਵਾਰ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਵਿੱਚ ਲੱਗਾ ਹੋਇਆ ਹੈ। ਇਨ੍ਹਾਂ ਬੱਚਿਆਂ ਲਈ ਬਚਪਨ ਹੁਣ ਖੇਡਾਂ ਅਤੇ ਸੁਪਨਿਆਂ ਦਾ ਨਾਂ ਨਹੀਂ, ਸਗੋਂ ਰੋਜ਼ਾਨਾ ਦੀ ਰੋਜ਼ੀ-ਰੋਟੀ ਦੀ ਜੱਦੋ-ਜਹਿਦ ਬਣ ਕੇ ਰਹਿ ਗਿਆ ਹੈ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਵਸ 14 ਨਵੰਬਰ ਨੂੰ ਹਰ ਸਾਲ ‘ਬਾਲ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਭਰ ਦੇ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਸਮਾਗਮ ਕਰਵਾਏ ਜਾਂਦੇ ਹਨ। ਬੱਚਿਆਂ ਦੇ ਅਧਿਕਾਰਾਂ, ਸਿੱਖਿਆ, ਸਿਹਤ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਦੀਆਂ ਗੱਲਾਂ ਹੁੰਦੀਆਂ ਹਨ। ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ ’ਤੇ ਬੱਚਿਆਂ ਦੀ ਭਲਾਈ ਲਈ ਵੱਡੇ-ਵੱਡੇ ਦਾਅਵੇ ਵੀ ਕੀਤੇ ਜਾਂਦੇ ਹਨ। ਪਰ ਇਨ੍ਹਾਂ ਸਮਾਗਮਾਂ ਅਤੇ ਦਾਅਵਿਆਂ ਤੋਂ ਕੋਹਾਂ ਦੂਰ ਅਜਿਹੇ ਮਾਸੂਮ ਵੀ ਹਨ, ਜਿਨ੍ਹਾਂ ਨੂੰ ਨਾ ਤਾਂ ‘ਬਾਲ ਦਿਵਸ’ ਦੀ ਮਹੱਤਤਾ ਦਾ ਪਤਾ ਹੈ ਅਤੇ ਨਾ ਹੀ ਇਸ ਦਿਨ ਨੂੰ ਮਨਾਉਣ ਦੀ ਕੋਈ ਵਿਹਲ। ਉਨ੍ਹਾਂ ਲਈ ਤਾਂ ਹਰ ਸਵੇਰ ਨਵੀਂ ਮਜ਼ਦੂਰੀ ਅਤੇ ਹਰ ਸ਼ਾਮ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਦੀ ਇੱਕ ਹੋਰ ਕੋਸ਼ਿਸ਼ ਲੈ ਕੇ ਆਉਂਦੀ ਹੈ। ਬਾਲ ਮਜ਼ਦੂਰੀ ਦੇ ਪਿੱਛੇ ਅਕਸਰ ਗਰੀਬੀ, ਬੇਰੁਜ਼ਗਾਰੀ ਅਤੇ ਪਰਿਵਾਰਾਂ ਦੀ ਮਾੜੀ ਆਰਥਿਕ ਹਾਲਤ ਵਰਗੇ ਕਾਰਨ ਜ਼ਿੰਮੇਵਾਰ ਹੁੰਦੇ ਹਨ। ਕਈ ਪਰਿਵਾਰਾਂ ਦੀ ਆਮਦਨ ਇੰਨੀ ਸੀਮਤ ਹੁੰਦੀ ਹੈ ਕਿ ਘਰ ਦੇ ਵੱਡਿਆਂ ਦੀ ਕਮਾਈ ਨਾਲ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਪਰਿਵਾਰ ਦੀ ਆਰਥਿਕ ਤੰਗੀ ਦਾ ਅਸਰ ਮਾਸੂਮ ਬੱਚਿਆਂ ਦੇ ਜੀਵਨ ’ਤੇ ਵੀ ਪੈਂਦਾ ਹੈ ਅਤੇ ਉਹ ਛੋਟੀ ਉਮਰ ਵਿੱਚ ਹੀ ਕੰਮ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਕੋਈ ਚਾਹ ਦੀ ਦੁਕਾਨ ’ਤੇ ਗਾਹਕਾਂ ਨੂੰ ਚਾਹ ਵਰਤਾਉਂਦਾ ਨਜ਼ਰ ਆਉਂਦਾ ਹੈ, ਕੋਈ ਹੋਟਲ ਵਿੱਚ ਜੂਠੇ ਭਾਂਡੇ ਮਾਂਜਦਾ ਹੈ, ਕੋਈ ਮੀਟ ਦੀ ਦੁਕਾਨ ਜਾਂ ਰੇਹੜੀ ’ਤੇ ਕੰਮ ਕਰਦਾ ਹੈ ਅਤੇ ਕੋਈ ਛੋਟੀ ਉਮਰ ਵਿੱਚ ਹੀ ਦਿਹਾੜੀਦਾਰ ਬਣ ਕੇ ਪਰਿਵਾਰ ਦੀ ਆਮਦਨ ਵਿੱਚ ਹਿੱਸਾ ਪਾਉਣ ਲਈ ਮਜ਼ਬੂਰ ਹੈ। ਇਹ ਬੱਚੇ ਕਿਸੇ ਸ਼ੌਕ ਜਾਂ ਆਪਣੀ ਇੱਛਾ ਨਾਲ ਮਜ਼ਦੂਰੀ ਨਹੀਂ ਕਰ ਰਹੇ, ਸਗੋਂ ਹਾਲਾਤਾਂ ਦੀ ਮਾਰ ਨੇ ਉਨ੍ਹਾਂ ਤੋਂ ਉਨ੍ਹਾਂ ਦਾ ਬਚਪਨ ਖੋਹ ਲਿਆ ਹੈ। ਜਿਨ੍ਹਾਂ ਨੰਨ੍ਹੇ ਹੱਥਾਂ ਨੇ ਕਾਗਜ਼ਾਂ ’ਤੇ ਸੁਪਨਿਆਂ ਦੀਆਂ ਤਸਵੀਰਾਂ ਉਲੀਕਣੀਆਂ ਸਨ, ਉਹ ਅੱਜ ਮਿਹਨਤ-ਮਜ਼ਦੂਰੀ ਕਰਕੇ ਘਰ ਦਾ ਖ਼ਰਚ ਚਲਾਉਣ ਵਿੱਚ ਲੱਗੇ ਹੋਏ ਹਨ।
ਸਕੂਲੀ ਬਸਤਿਆਂ ਦੀ ਥਾਂ ਮੋਢਿਆਂ ’ਤੇ ਕੂੜੇ ਦੇ ਗੱਟੇ
ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਸਵੇਰ ਵੇਲੇ ਇੱਕ ਅਜਿਹੀ ਤਸਵੀਰ ਵੀ ਦੇਖਣ ਨੂੰ ਮਿਲਦੀ ਹੈ, ਜੋ ਸਮਾਜ ਦੀ ਸੰਵੇਦਨਸ਼ੀਲਤਾ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਜਦੋਂ ਇੱਕ ਪਾਸੇ ਸਕੂਲ ਜਾਣ ਵਾਲੇ ਬੱਚੇ ਸਾਫ਼-ਸੁਥਰੀ ਵਰਦੀ ਪਾ ਕੇ ਮੋਢਿਆਂ ’ਤੇ ਬਸਤੇ ਲਟਕਾਈ ਘਰਾਂ ਤੋਂ ਨਿਕਲਦੇ ਹਨ, ਤਾਂ ਦੂਜੇ ਪਾਸੇ ਕਈ ਮਾਸੂਮ ਬੱਚੇ ਮੋਢਿਆਂ ’ਤੇ ਕੂੜਾ ਇਕੱਠਾ ਕਰਨ ਵਾਲੇ ਗੱਟੇ ਪਾ ਕੇ ਗਲੀਆਂ ਅਤੇ ਕੂੜੇਦਾਨਾਂ ਵੱਲ ਰੁਖ ਕਰਦੇ ਹਨ। ਸਾਰਾ ਦਿਨ ਗਲੀਆਂ, ਸੜਕਾਂ, ਕੂੜੇ ਦੇ ਢੇਰਾਂ ਅਤੇ ਕੂੜੇਦਾਨਾਂ ਵਿੱਚੋਂ ਪਲਾਸਟਿਕ, ਕਬਾੜ ਅਤੇ ਹੋਰ ਵੇਚਣਯੋਗ ਸਮਾਨ ਇਕੱਠਾ ਕਰਨਾ ਹੀ ਇਨ੍ਹਾਂ ਬੱਚਿਆਂ ਦੀ ਰੋਜ਼ਾਨਾ ਦੀ ਰੁਟੀਨ ਬਣ ਚੁੱਕੀ ਹੈ। ਸਵੇਰ ਤੋਂ ਸ਼ਾਮ ਤੱਕ ਚੱਲਣ ਵਾਲੀ ਇਸ ਮਿਹਨਤ ਤੋਂ ਬਾਅਦ ਜਦੋਂ ਸੂਰਜ ਢਲਦਾ ਹੈ ਤਾਂ ਇਹ ਬੱਚੇ ਇਕੱਠਾ ਕੀਤਾ ਸਮਾਨ ਵੇਚ ਕੇ ਕੁਝ ਪੈਸੇ ਕਮਾਉਂਦੇ ਹਨ। ਇਨ੍ਹਾਂ ਪੈਸਿਆਂ ਨਾਲ ਹੀ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਯੋਗਦਾਨ ਪਾਉਂਦੇ ਹਨ।
ਕਾਨੂੰਨ ਤਾਂ ਬਣੇ, ਪਰ ਜ਼ਮੀਨੀ ਹਕੀਕਤ ਅਜੇ ਵੀ ਚਿੰਤਾਜਨਕ
ਭਾਰਤ ਵਿੱਚ ਬਾਲ ਮਜ਼ਦੂਰੀ ਨੂੰ ਰੋਕਣ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਕਈ ਕਾਨੂੰਨੀ ਪ੍ਰਬੰਧ ਕੀਤੇ ਗਏ ਹਨ। ਬੱਚਿਆਂ ਨੂੰ ਸਿੱਖਿਆ ਨਾਲ ਜੋੜਨ, ਸ਼ੋਸ਼ਣ ਤੋਂ ਬਚਾਉਣ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਵੱਖ-ਵੱਖ ਯੋਜਨਾਵਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਪੰਜਾਬ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਛੋਟੀ ਉਮਰ ਦੇ ਬੱਚਿਆਂ ਦਾ ਦੁਕਾਨਾਂ, ਹੋਟਲਾਂ, ਚਾਹ ਦੀਆਂ ਦੁਕਾਨਾਂ ਅਤੇ ਹੋਰ ਕੰਮਕਾਜੀ ਥਾਵਾਂ ’ਤੇ ਕੰਮ ਕਰਨਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਸਥਿਤੀ ਇਸ ਗੱਲ ਦੀ ਲੋੜ ਨੂੰ ਉਜਾਗਰ ਕਰਦੀ ਹੈ ਕਿ ਬਾਲ ਮਜ਼ਦੂਰੀ ਵਿਰੁੱਧ ਬਣੇ ਕਾਨੂੰਨਾਂ ਨੂੰ ਸਿਰਫ਼ ਕਾਗਜ਼ਾਂ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ। ਸਬੰਧਤ ਵਿਭਾਗਾਂ ਵੱਲੋਂ ਸਮੇਂ-ਸਮੇਂ ’ਤੇ ਜਾਂਚ ਕੀਤੀ ਜਾਵੇ ਅਤੇ ਬਾਲ ਮਜ਼ਦੂਰੀ ਕਰਵਾਉਣ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਹਾਲਾਂਕਿ ਇਸ ਸਮੱਸਿਆ ਦਾ ਹੱਲ ਸਿਰਫ਼ ਕਾਨੂੰਨੀ ਕਾਰਵਾਈ ਤੱਕ ਸੀਮਤ ਨਹੀਂ ਹੋ ਸਕਦਾ। ਜਦੋਂ ਤੱਕ ਗਰੀਬ ਪਰਿਵਾਰਾਂ ਦੀ ਆਰਥਿਕ ਹਾਲਤ ਸੁਧਾਰਨ, ਬਾਲਗਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਲੋੜਵੰਦ ਪਰਿਵਾਰਾਂ ਨੂੰ ਬਣਦਾ ਆਰਥਿਕ ਸਹਾਰਾ ਦੇਣ ਲਈ ਠੋਸ ਕਦਮ ਨਹੀਂ ਚੁੱਕੇ ਜਾਂਦੇ, ਉਦੋਂ ਤੱਕ ਬਾਲ ਮਜ਼ਦੂਰੀ ਦੀਆਂ ਜੜ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚੁਣੌਤੀ ਬਣਿਆ ਰਹੇਗਾ।
ਕਾਗਜ਼ੀ ਸਮਾਗਮਾਂ ਤੋਂ ਅੱਗੇ ਵਧ ਕੇ ਬੱਚਿਆਂ ਦਾ ਭਵਿੱਖ ਸੰਵਾਰਨ ਦੀ ਲੋੜ
ਜੈਤੋ ਸ਼ਹਿਰ ਦੇ ਕੁਝ ਬੁੱਧੀਜੀਵੀ ਵਰਗ ਨਾਲ ਸਬੰਧਤ ਲੋਕਾਂ ਦਾ ਕਹਿਣਾ ਹੈ ਕਿ ‘ਬਾਲ ਦਿਵਸ’ ਮਨਾਉਣ ਦਾ ਅਸਲ ਮਕਸਦ ਸਿਰਫ਼ ਸਮਾਗਮ ਕਰਵਾਉਣਾ, ਭਾਸ਼ਣ ਦੇਣਾ ਜਾਂ ਬੱਚਿਆਂ ਨੂੰ ਤੋਹਫ਼ੇ ਵੰਡਣਾ ਨਹੀਂ ਹੋਣਾ ਚਾਹੀਦਾ, ਸਗੋਂ ਉਨ੍ਹਾਂ ਬੱਚਿਆਂ ਤੱਕ ਪਹੁੰਚਣਾ ਹੋਣਾ ਚਾਹੀਦਾ ਹੈ, ਜਿਨ੍ਹਾਂ ਦਾ ਬਚਪਨ ਗਰੀਬੀ ਅਤੇ ਪਰਿਵਾਰਕ ਮਜ਼ਬੂਰੀਆਂ ਦੀ ਭੇਟ ਚੜ੍ਹ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਪਰਿਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਆਰਥਿਕ ਸਥਿਤੀ ਸੁਧਾਰਨ ਲਈ ਉਪਰਾਲੇ ਕਰਨ ਅਤੇ ਮਜ਼ਦੂਰੀ ਕਰ ਰਹੇ ਬੱਚਿਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ। ਉਨ੍ਹਾਂ ਅਨੁਸਾਰ ਹਰ ਬੱਚੇ ਨੂੰ ਸਿੱਖਿਆ, ਸਿਹਤ, ਸੁਰੱਖਿਆ ਅਤੇ ਸਨਮਾਨ ਨਾਲ ਜੀਵਨ ਬਤੀਤ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਕਿਸੇ ਵੀ ਬੱਚੇ ਨੂੰ ਆਪਣੇ ਪਰਿਵਾਰ ਦੀ ਗਰੀਬੀ ਕਾਰਨ ਆਪਣੇ ਸੁਪਨਿਆਂ ਦਾ ਗਲਾ ਘੁੱਟਣ ਲਈ ਮਜ਼ਬੂਰ ਨਹੀਂ ਹੋਣਾ ਚਾਹੀਦਾ। ਲੋੜ ਇਸ ਗੱਲ ਦੀ ਹੈ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਅਸਲ ਹੱਕਦਾਰ ਪਰਿਵਾਰਾਂ ਤੱਕ ਪਹੁੰਚੇ ਅਤੇ ਸਮਾਜ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਅਜਿਹੇ ਬੱਚਿਆਂ ਦੀ ਮਦਦ ਲਈ ਅੱਗੇ ਆਵੇ।