- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ਪੁਲਿਸ ਨੇ 100 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕੀਤੇ ਗ੍ਰਿਫ਼ਤਾਰ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਵਿੱਚ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਿਟੀ ਪੁਲਿਸ ਨੇ ਦੋ ਨੌਜਵਾਨਾਂ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਹੈਰੋਇਨ ਤੋਂ ਇਲਾਵਾ ਇਕ ਸਿਲਵਰ ਰੰਗ ਦਾ ਕੰਪਿਊਟਰ ਕੰਡਾ ਵੀ ਬਰਾਮਦ ਕੀਤਾ ਹੈ। ਮੁੱਢਲੀ ਜਾਂਚ ਦੌਰਾਨ ਦੋਵਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਸਾਹਮਣੇ ਆਇਆ ਹੈ, ਜਿਸ ਕਾਰਨ ਪੁਲਿਸ ਹੁਣ ਇਸ ਮਾਮਲੇ ਨੂੰ ਨਸ਼ਾ ਤਸਕਰੀ ਦੇ ਹੋਰ ਸੰਭਾਵਿਤ ਨੈੱਟਵਰਕ ਨਾਲ ਜੋੜ ਕੇ ਜਾਂਚ ਰਹੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ 11 ਨਵੰਬਰ ਨੂੰ ਸਹਾਇਕ ਥਾਣੇਦਾਰ ਚਮਕੌਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਪੁਲਿਸ ਪਾਰਟੀ ਜੁਬਲੀ ਚੌਕ ਤੋਂ ਕੋਟਕਪੂਰਾ ਰੋਡ ਵੱਲ ਸਰਹਿੰਦ ਨਹਿਰ ਦੇ ਨਾਲ ਲੱਗਦੀ ਅੰਦਰੂਨੀ ਪਟੜੀ ਰਾਹੀਂ ਜਾ ਰਹੀ ਸੀ। ਜਦੋਂ ਉਹ ਡੋਗਰ ਬਸਤੀ ਵੱਲ ਜਾਂਦੇ ਕੱਚੇ ਰਸਤੇ ਦੇ ਮੋੜ ਨੇੜੇ ਪੁੱਜੇ ਤਾਂ ਉੱਥੇ ਦੋ ਨੌਜਵਾਨ ਬੈਠੇ ਇਕ ਕਾਲੇ ਰੰਗ ਦੇ ਮੋਮੀ ਲਿਫ਼ਾਫ਼ੇ ਦੀ ਫਰੋਲਾ-ਫਰਾਲੀ ਕਰਦੇ ਦਿਖਾਈ ਦਿੱਤੇ। ਪੁਲਿਸ ਪਾਰਟੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਦੋਵੇਂ ਨੌਜਵਾਨ ਘਬਰਾ ਗਏ ਅਤੇ ਆਪਣੇ ਕੋਲ ਮੌਜੂਦ ਲਿਫ਼ਾਫ਼ਾ ਸੁੱਟ ਕੇ ਉੱਥੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਲਿਫ਼ਾਫ਼ੇ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਇਕ ਪਾਰਦਰਸ਼ੀ ਲਿਫ਼ਾਫ਼ੇ ਵਿੱਚ ਪੈਕ ਕੀਤੀ ਹੈਰੋਇਨ ਅਤੇ ਸਿਲਵਰ ਰੰਗ ਦਾ ਕੰਪਿਊਟਰ ਕੰਡਾ ਮਿਲਿਆ। ਜਾਂਚ ਦੌਰਾਨ ਬਰਾਮਦ ਨਸ਼ੀਲੇ ਪਦਾਰਥ ਦਾ ਵਜ਼ਨ 100 ਗ੍ਰਾਮ ਪਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਪਛਾਣ ਸੰਦੀਪ ਸਿੰਘ ਉਰਫ਼ ਸੈਂਡੀ ਪੁੱਤਰ ਗੁਰਜੰਟ ਸਿੰਘ, ਵਾਸੀ ਗਲੀ ਨੰਬਰ ਇਕ, ਦਸ਼ਮੇਸ਼ ਨਗਰ, ਫ਼ਰੀਦਕੋਟ ਅਤੇ ਰੋਬਿਨ ਸਿੰਘ ਉਰਫ਼ ਘੁੱਦਾ ਪੁੱਤਰ ਮੈਥਿਊਨ, ਵਾਸੀ ਗੇਟ ਨੰਬਰ ਪੰਜ ਨੇੜੇ, ਛਾਉਣੀ, ਪਿੰਡ ਕੰਮੇਆਣਾ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਵਾਂ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਜਾਂਚ ਕਰਨ ’ਤੇ ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਸੰਗੀਨ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਮਾਮਲੇ ਸਬੰਧੀ ਥਾਣਾ ਸਿਟੀ ਫ਼ਰੀਦਕੋਟ ਵਿਖੇ ਮੁਕੱਦਮਾ ਨੰਬਰ 609, ਮਿਤੀ 11 ਨਵੰਬਰ 2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਬੀ/61/85 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਮੁਲਜ਼ਮਾਂ ਕੋਲ ਹੈਰੋਇਨ ਕਿੱਥੋਂ ਆਈ ਸੀ ਅਤੇ ਇਸ ਤਸਕਰੀ ਦੇ ਧੰਦੇ ਵਿੱਚ ਉਨ੍ਹਾਂ ਨਾਲ ਹੋਰ ਕੌਣ-ਕੌਣ ਜੁੜਿਆ ਹੋਇਆ ਹੈ। ਫ਼ਰੀਦਕੋਟ ਪੁਲਿਸ ਨੇ ਕਿਹਾ ਹੈ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।