- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਦਮ ਕਲੱਬ ਜੈਤੋ ਦਾ ਦੋ ਰੋਜ਼ਾ ਵਾਤਾਵਰਨ ਮੇਲਾ ਅਮਿੱਟ ਪੈੜਾਂ ਛੱਡਦਾ ਸੰਪੰਨ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਵਾਤਾਵਰਨ ਦੀ ਸੰਭਾਲ, ਕੁਦਰਤ ਨਾਲ ਸਾਂਝ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਹਰਿਆਵਲ ਭਰਪੂਰ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਉੱਦਮ ਕਲੱਬ ਜੈਤੋ ਵੱਲੋਂ ਦੀਵਾਲੀ ਦੇ ਸ਼ੁਭ ਮੌਕੇ ’ਤੇ 7 ਅਤੇ 8 ਨਵੰਬਰ ਨੂੰ ਸਥਾਨਕ ਰਾਮਲੀਲਾ ਗਰਾਊਂਡ ਵਿਖੇ ਲਗਾਇਆ ਗਿਆ ਦੋ ਰੋਜ਼ਾ ਵਾਤਾਵਰਨ ਮੇਲਾ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਇਸ ਮੇਲੇ ਨੂੰ ਸ਼ਹਿਰ ਵਾਸੀਆਂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਵੱਖ-ਵੱਖ ਪੌਦੇ ਖਰੀਦਣ ਦੇ ਨਾਲ ਵਾਤਾਵਰਨ ਸੰਭਾਲ ਸਬੰਧੀ ਜਾਣਕਾਰੀ ਹਾਸਲ ਕੀਤੀ। ਮੇਲੇ ਦੌਰਾਨ ਫੁੱਲਦਾਰ, ਸਜਾਵਟੀ ਅਤੇ ਫਲਦਾਰ ਪੌਦਿਆਂ ਦੀਆਂ ਵੱਖ-ਵੱਖ ਕਿਸਮਾਂ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਪਨੀਰੀਆਂ ਵੀ ਉਪਲਬਧ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਹਰਬਲ ਪੌਦਿਆਂ, ਉਨ੍ਹਾਂ ਦੀ ਵਰਤੋਂ ਅਤੇ ਮਨੁੱਖੀ ਜੀਵਨ ਵਿੱਚ ਮਹੱਤਤਾ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਮੇਲੇ ਵਿੱਚ ਵੱਖ-ਵੱਖ ਡਿਜ਼ਾਈਨਾਂ ਦੇ ਗਮਲਿਆਂ, ਜੈਵਿਕ ਖਾਣ-ਪੀਣ ਦੀਆਂ ਵਸਤਾਂ ਅਤੇ ਕੁਦਰਤੀ ਉਤਪਾਦਾਂ ਦੀਆਂ ਸਟਾਲਾਂ ਵੀ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਉੱਦਮ ਕਲੱਬ ਦੇ ਪ੍ਰਬੰਧਕਾਂ ਵੱਲੋਂ ਪੌਦਿਆਂ ਦੀ ਵਿਕਰੀ ਬਿਨਾਂ ਕਿਸੇ ਮੁਨਾਫ਼ੇ ਦੇ, ਸਿਰਫ਼ ਲਾਗਤ ਦੇ ਆਧਾਰ ’ਤੇ ਕੀਤੀ ਗਈ। ਕਲੱਬ ਦਾ ਮੁੱਖ ਉਦੇਸ਼ ਵਪਾਰਕ ਲਾਭ ਕਮਾਉਣਾ ਨਹੀਂ, ਸਗੋਂ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ, ਘਰਾਂ ਅਤੇ ਆਲੇ-ਦੁਆਲੇ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਲਈ ਪ੍ਰੇਰਿਤ ਕਰਨਾ ਸੀ। ਇਸ ਉਪਰਾਲੇ ਸਦਕਾ ਸੈਂਕੜੇ ਲੋਕਾਂ ਨੇ ਪੌਦੇ ਖਰੀਦ ਕੇ ਹਰਿਆਵਲ ਵਧਾਉਣ ਦੇ ਸੰਦੇਸ਼ ਨੂੰ ਅੱਗੇ ਤੋਰਿਆ। ਮੇਲੇ ਦੌਰਾਨ ਸਬ-ਡਵੀਜ਼ਨ ਜੈਤੋ ਦੇ ਡੀ.ਐੱਸ.ਪੀ. ਇਕਬਾਲ ਸਿੰਘ ਸੰਧੂ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਨਿਰਮਲਾ ਦੇਵੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਪੌਦੇ ਪ੍ਰਾਪਤ ਕੀਤੇ। ਇਸ ਮੌਕੇ ਕਲੱਬ ਵੱਲੋਂ ਲੋਕਾਂ ਨੂੰ ਦੀਵਾਲੀ ਮੌਕੇ ਪਟਾਕਿਆਂ ਅਤੇ ਪ੍ਰਦੂਸ਼ਣ ਦੀ ਬਜਾਏ ਪੌਦੇ ਲਗਾ ਕੇ ਕੁਦਰਤ ਨਾਲ ਸਾਂਝ ਪਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਵਾਤਾਵਰਨ ਮੇਲੇ ਨੂੰ ਸਫ਼ਲ ਬਣਾਉਣ ਵਿੱਚ ਉੱਦਮ ਕਲੱਬ ਦੇ ਪ੍ਰਧਾਨ ਗੁਰਜੰਗ ਸਿੰਘ ਸੇਖੋਂ, ਚੇਅਰਮੈਨ ਰੇਸ਼ਮ ਸਿੰਘ ਬਰਾੜ, ਮੀਤ ਪ੍ਰਧਾਨ ਜਗਦੇਵ ਸਿੰਘ ‘ਗੋਰਾ ਢੱਲਾ’, ਜਨਰਲ ਸਕੱਤਰ ਸਵਰਨਜੀਤ ਸਿੰਘ, ਮੀਡੀਆ ਇੰਚਾਰਜ ਪ੍ਰਮੋਦ ਧੀਰ, ਮਾਸਟਰ ਸੁਰਿੰਦਰ ਪਾਲ ਸਿੰਘ ਝੱਖੜਵਾਲਾ, ਡਾਕਟਰ ਬਲਜੀਤ ਸਿੰਘ, ਮਾਸਟਰ ਹਰਜਿੰਦਰ ਸਿੰਘ, ਜਗਜੀਤ ਸਿੰਘ, ਜਸਮਨ ਸਿੰਘ ਢੱਲਾ, ਮਹਿੰਦਰ ਸਿੰਘ ਭਰੀ, ਗੁਰਸਾਹਿਬ ਸਿੰਘ ਲਾਡੀ, ਕੁਲਦੀਪ ਸਿੰਘ, ਅਮਰ ਸਿੰਘ ਸਿੱਧੂ, ਜਗਦੇਵ ਸਿੰਘ, ਜਸਵਿੰਦਰ ਸਿੰਘ ਜੋਨੀ, ਗੁਰਲਾਲ ਸਿੰਘ, ਸਤਪਾਲ ਸਦਿਓੜਾ, ਅਮਨਦੀਪ ਸਿੰਘ ਅਤੇ ਡਾਕਟਰ ਤਰਸੇਮ ਸਿੰਘ ਸੇਖੋਂ ਸਮੇਤ ਸਮੂਹ ਮੈਂਬਰਾਂ ਨੇ ਅਹਿਮ ਯੋਗਦਾਨ ਪਾਇਆ। ਕਲੱਬ ਦੇ ਇਸ ਉਪਰਾਲੇ ਦੀ ਇਲਾਕਾ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ। ਇਹ ਮੇਲਾ ਲੋਕਾਂ ਨੂੰ ਇਹ ਸੁਨੇਹਾ ਦੇਣ ਵਿੱਚ ਸਫ਼ਲ ਰਿਹਾ ਕਿ ਵਾਤਾਵਰਨ ਦੀ ਸੰਭਾਲ ਸਿਰਫ਼ ਕਿਸੇ ਇੱਕ ਸੰਸਥਾ ਦੀ ਨਹੀਂ, ਸਗੋਂ ਸਮਾਜ ਦੇ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ।