- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮੂਲੀ ਤਕਰਾਰ ਤੋਂ ਬਾਅਦ ਦੁਕਾਨਦਾਰ ਦੇ ਪਰਿਵਾਰ ’ਤੇ ਹਮਲਾ, ਪਿਓ-ਪੁੱਤ ਸਮੇਤ ਕਈ ਜ਼ਖ਼ਮੀ

ਸ਼ਿਵ ਕੁਮਾਰ ਸ਼ਰਮਾ, ਫ਼ਰੀਦਕੋਟ: ਸਥਾਨਕ ਪੁਰਾਣੀ ਅਨਾਜ ਮੰਡੀ ਵਿੱਚ ਬੁੱਧਵਾਰ ਦੇਰ ਸ਼ਾਮ ਮਾਮੂਲੀ ਤਕਰਾਰ ਤੋਂ ਸ਼ੁਰੂ ਹੋਇਆ ਵਿਵਾਦ ਹਿੰਸਕ ਝੜਪ ਵਿੱਚ ਬਦਲ ਗਿਆ। ਦੋਸ਼ ਹੈ ਕਿ ਕੁਝ ਵਿਅਕਤੀਆਂ ਨੇ ਇੱਕ ਦੁਕਾਨਦਾਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਹਮਲਾਵਰਾਂ ਵੱਲੋਂ ਰਿਵਾਲਵਰ ਦੇ ਬੱਟ ਨਾਲ ਵਾਰ ਕਰਨ ਅਤੇ ਗੋਲੀ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਦੋਸ਼ ਲਗਾਏ ਗਏ ਹਨ। ਇਹ ਸਾਰੀ ਘਟਨਾ ਮੰਡੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਘਟਨਾ ਦੇ ਵਿਰੋਧ ਵਿੱਚ ਵੀਰਵਾਰ ਸਵੇਰੇ ਪੁਰਾਣੀ ਅਨਾਜ ਮੰਡੀ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਗਟਾਇਆ। ਇਸ ਕਾਰਨ ਕਰੀਬ ਤਿੰਨ ਘੰਟੇ ਤੱਕ ਮੰਡੀ ਵਿੱਚ ਕਾਰੋਬਾਰ ਠੱਪ ਰਿਹਾ। ਬਾਅਦ ਵਿੱਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡੀਐੱਸਪੀ ਤਰਲੋਚਨ ਸਿੰਘ ਵੱਲੋਂ ਪੀੜਤ ਪਰਿਵਾਰ ਅਤੇ ਵਪਾਰੀਆਂ ਨੂੰ ਮਾਮਲੇ ਵਿੱਚ ਨਿਰਪੱਖ ਜਾਂਚ ਤੇ ਢੁੱਕਵੀਂ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਦਿੱਤੀਆਂ। ਪੀੜਤ ਦੁਕਾਨਦਾਰ ਅਮਿਤ ਸੇਠੀ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਰੀਬ ਸੱਤ ਵਜੇ ਉਸ ਦੇ ਪੁੱਤਰ ਐਕਟਿਵਾ ਅਤੇ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਜਾ ਰਹੇ ਸਨ। ਇਸੇ ਦੌਰਾਨ ਤਿੰਨ ਨੌਜਵਾਨ ਇੱਕ ਮੋਟਰਸਾਈਕਲ ’ਤੇ ਸਾਹਮਣੇ ਤੋਂ ਆ ਰਹੇ ਸਨ। ਪੁਰਾਣੀ ਅਨਾਜ ਮੰਡੀ ਰੋਡ ’ਤੇ ਦੋਵੇਂ ਵਾਹਨਾਂ ਦੇ ਨੇੜਿਓਂ ਲੰਘਣ ਸਮੇਂ ਇੱਕ ਮੋਟਰਸਾਈਕਲ ਫਿਸਲ ਗਿਆ। ਹਾਲਾਂਕਿ ਦੋਵਾਂ ਵਾਹਨਾਂ ਵਿਚਕਾਰ ਟੱਕਰ ਨਹੀਂ ਹੋਈ, ਪਰ ਇਸ ਗੱਲ ਨੂੰ ਲੈ ਕੇ ਨੌਜਵਾਨਾਂ ਨੇ ਉਸ ਦੇ ਪੁੱਤਰਾਂ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਅਮਿਤ ਸੇਠੀ ਅਨੁਸਾਰ ਉਸ ਦੇ ਪੁੱਤਰਾਂ ਨੇ ਨੌਜਵਾਨਾਂ ਨੂੰ ਗਾਲੀ-ਗਲੋਚ ਕਰਨ ਤੋਂ ਰੋਕਦਿਆਂ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ। ਜਦੋਂ ਉਸ ਨੇ ਦੂਰੋਂ ਪੁੱਤਰਾਂ ਨੂੰ ਨੌਜਵਾਨਾਂ ਨਾਲ ਉਲਝਿਆ ਦੇਖਿਆ ਤਾਂ ਉਹ ਮੌਕੇ ’ਤੇ ਪਹੁੰਚ ਗਿਆ। ਉਸ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਇੱਕ ਨੌਜਵਾਨ ਨੇ ਉਸ ਦਾ ਕਾਲਰ ਫੜ ਲਿਆ। ਜਦੋਂ ਉਸ ਦੇ ਪੁੱਤਰ ਨੇ ਇਸ ਦਾ ਵਿਰੋਧ ਕੀਤਾ ਤਾਂ ਨੌਜਵਾਨ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਦੇ ਜਵਾਬ ਵਿੱਚ ਉਸ ਨੇ ਵੀ ਨੌਜਵਾਨ ਨੂੰ ਥੱਪੜ ਮਾਰਿਆ। ਇਸ ਦੌਰਾਨ ਨੌਜਵਾਨ ਦੀ ਟੀ-ਸ਼ਰਟ ਵੀ ਫਟ ਗਈ ਅਤੇ ਮੁੱਢਲੀ ਤਕਰਾਰ ਤੋਂ ਬਾਅਦ ਦੂਜੀ ਧਿਰ ਦੇ ਨੌਜਵਾਨ ਉੱਥੋਂ ਚਲੇ ਗਏ। ਅਮਿਤ ਸੇਠੀ ਨੇ ਦੋਸ਼ ਲਗਾਇਆ ਕਿ ਮੁੱਢਲੀ ਤਕਰਾਰ ਤੋਂ ਕੁਝ ਸਮੇਂ ਬਾਅਦ ਦੂਜੀ ਧਿਰ ਦੇ 10 ਤੋਂ ਵੱਧ ਵਿਅਕਤੀ ਗੱਡੀਆਂ ਵਿੱਚ ਸਵਾਰ ਹੋ ਕੇ ਉਸ ਦੀ ਦੁਕਾਨ ’ਤੇ ਪਹੁੰਚ ਗਏ। ਉਨ੍ਹਾਂ ਕੋਲ ਰਿਵਾਲਵਰ ਵੀ ਸੀ। ਮੁਲਜ਼ਮਾਂ ਨੇ ਦੁਕਾਨ ’ਤੇ ਪਹੁੰਚਦਿਆਂ ਹੀ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੇ ਤਾਏ ਦਾ ਪੁੱਤਰ, ਗੌਰਵ ਰੱਖੜਾ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਹਮਲੇ ਦੀ ਲਪੇਟ ਵਿੱਚ ਆ ਗਏ। ਉਸ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਉਸ ਦੇ ਪੁੱਤਰ ਜੈ ਸੇਠੀ ਦੇ ਸਿਰ ’ਤੇ ਰਿਵਾਲਵਰ ਦੇ ਬੱਟ ਨਾਲ ਵਾਰ ਕੀਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਮਲੇ ਦੌਰਾਨ ਉਸ ਦੀ ਆਪਣੀ ਅੱਖ ’ਤੇ ਵੀ ਸੱਟ ਲੱਗੀ। ਹਮਲਾਵਰਾਂ ਵੱਲੋਂ ਗੋਲੀ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਦੋਸ਼ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਪੁਰਾਣੀ ਅਨਾਜ ਮੰਡੀ ਦੇ ਵਪਾਰੀਆਂ ਵਿੱਚ ਰੋਸ ਪਾਇਆ ਗਿਆ। ਵਪਾਰ ਐਸੋਸੀਏਸ਼ਨ ਦੇ ਸੱਦੇ ’ਤੇ ਵੀਰਵਾਰ ਸਵੇਰੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਪਾਰੀ ਇਕੱਠੇ ਹੋਏ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਉਠਾਈ। ਕਰੀਬ 11 ਵਜੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡੀਐੱਸਪੀ ਤਰਲੋਚਨ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਵਪਾਰੀਆਂ ਅਤੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਮਾਮਲੇ ਵਿੱਚ ਢੁੱਕਵੀਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪੁਲਿਸ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਵਪਾਰੀਆਂ ਨੇ ਕਰੀਬ 11:30 ਵਜੇ ਆਪਣੀਆਂ ਦੁਕਾਨਾਂ ਖੋਲ੍ਹ ਦਿੱਤੀਆਂ।