ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦੇ ਬੱਚਿਆਂ ਨੇ ਦਿਖਾਈ ਕਲਾ ਦੀ ਝਲਕ ਡਾਂਸ ਦੀਆਂ ਪੇਸ਼ਕਾਰੀਆਂ ਰਾਹੀਂ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਈ ਕਲਾ ਦੀ ਝਲਕ
Publish Date: Thu, 12 Nov 2026 03:36 PM (IST)
Updated Date: Thu, 12 Nov 2026 03:39 PM (IST)
ਜਗਮੀਤ ਸਿੰਘ, ਪੰਜਾਬੀ ਜਾਗਰਣ ਕੋਟਕਪੂਰਾ: ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਸਰਗਰਮੀਆਂ ਨਾਲ ਜੋੜਨ ਦੇ ਉਦੇਸ਼ ਨਾਲ ਮੋਗਾ ਰੋਡ ਤੇ ਪਿੰਡ ਪੰਜਗਰਾਈਂ ਕਲਾਂ ਨੇੜੇ ਸਥਿਤ ਇੰਟਰਨੈਸ਼ਨਲ ਮਿਲੇਨੀਅਮ ਸਕੂਲ, ਕੋਟਕਪੂਰਾ ਵਿਖੇ ਵਿਸ਼ੇਸ਼ ਡਾਂਸ ਗਤੀਵਿਧੀ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸੰਗੀਤਕ ਧੁਨਾਂ ਤੇ ਨ੍ਰਿਤ ਦੀਆਂ ਪੇਸ਼ਕਾਰੀਆਂ ਰਾਹੀਂ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਗਤੀਵਿਧੀ ਦੌਰਾਨ ਬੱਚਿਆਂ ਦਾ ਉਤਸ਼ਾਹ ਅਤੇ ਮੰਚ ਤੇ ਪੇਸ਼ਕਾਰੀ ਕਰਨ ਦਾ ਆਤਮਵਿਸ਼ਵਾਸ ਦੇਖਣਯੋਗ ਸੀ। ਵਿਦਿਆਰਥੀਆਂ ਨੇ ਸੰਗੀਤ ਦੀ ਤਾਲ ਨਾਲ ਕਦਮ ਮਿਲਾਉਂਦਿਆਂ ਆਪਣੀ ਕਲਾ ਅਤੇ ਰਚਨਾਤਮਕ ਸੋਚ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀਆਂ ਪੇਸ਼ਕਾਰੀਆਂ ਨੇ ਨਾ ਸਿਰਫ਼ ਸਮਾਗਮ ਨੂੰ ਰੌਣਕ ਬਖ਼ਸ਼ੀ, ਸਗੋਂ ਇਹ ਵੀ ਦਰਸਾਇਆ ਕਿ ਸਕੂਲੀ ਸਿੱਖਿਆ ਦੇ ਨਾਲ ਬੱਚਿਆਂ ਦੀਆਂ ਰੁਚੀਆਂ ਨੂੰ ਮੌਕਾ ਦੇਣਾ ਕਿੰਨਾ ਜ਼ਰੂਰੀ ਹੈ। ਇਸ ਉਪਰਾਲੇ ਦਾ ਮਕਸਦ ਵਿਦਿਆਰਥੀਆਂ ਅੰਦਰ ਮੌਜੂਦ ਝਿਜਕ ਨੂੰ ਦੂਰ ਕਰਨਾ, ਆਤਮਵਿਸ਼ਵਾਸ ਵਧਾਉਣਾ ਅਤੇ ਉਨ੍ਹਾਂ ਨੂੰ ਮੰਚ ਤੇ ਆਪਣੀ ਯੋਗਤਾ ਦਿਖਾਉਣ ਲਈ ਉਤਸ਼ਾਹਿਤ ਕਰਨਾ ਸੀ। ਇਸ ਨਾਲ ਬੱਚਿਆਂ ਨੂੰ ਸਰੀਰਕ ਸਰਗਰਮੀ ਦੇ ਨਾਲ-ਨਾਲ ਆਪਸੀ ਤਾਲਮੇਲ ਅਤੇ ਅਨੁਸ਼ਾਸਨ ਦੀ ਮਹੱਤਤਾ ਸਮਝਣ ਦਾ ਵੀ ਮੌਕਾ ਮਿਲਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਾਸੂ ਸ਼ਰਮਾ ਅਤੇ ਡਾਇਰੈਕਟਰ ਰਕਸ਼ੰਦਾ ਸ਼ਰਮਾ ਨੇ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਸਿੱਖਿਆ ਤੱਕ ਸੀਮਤ ਰੱਖਣਾ ਨਹੀਂ, ਸਗੋਂ ਉਨ੍ਹਾਂ ਦੀਆਂ ਵੱਖ-ਵੱਖ ਰੁਚੀਆਂ ਅਤੇ ਹੁਨਰਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਨਾਚ, ਸੰਗੀਤ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਬੱਚਿਆਂ ਦੇ ਮਾਨਸਿਕ, ਸਰੀਰਕ ਅਤੇ ਸਮਾਜਿਕ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਸਕੂਲ ਵੱਲੋਂ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਉਪਰਾਲਾ ਕੀਤਾ ਜਾਂਦਾ ਰਹੇਗਾ।