- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਤਾਵਰਨ ਦੀ ਸੰਭਾਲ ਸਿਰਫ਼ ਸਮਾਜਿਕ ਨਹੀਂ, ਸਾਡੀ ਅਧਿਆਤਮਿਕ ਜ਼ਿੰਮੇਵਾਰੀ ਵੀ : ਸਾਧਵੀ ਸੰਗਲਤਾ ਭਾਰਤੀ

ਜਗਮੀਤ ਸਿੰਘ, ਪੰਜਾਬੀ ਜਾਗਰਣ ਕੋਟਕਪੂਰਾ : ਵਧ ਰਹੇ ਪ੍ਰਦੂਸ਼ਣ ਅਤੇ ਕੁਦਰਤੀ ਸਰੋਤਾਂ ਦੇ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਵਾਤਾਵਰਨ ਦੀ ਸੰਭਾਲ ਕਰਨਾ ਅੱਜ ਸਮੇਂ ਦੀ ਵੱਡੀ ਲੋੜ ਬਣ ਗਿਆ ਹੈ। ਸਾਫ਼ ਹਵਾ, ਸ਼ੁੱਧ ਪਾਣੀ ਅਤੇ ਹਰਿਆਵਲ ਤੋਂ ਬਿਨਾਂ ਸਿਹਤਮੰਦ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਕੁਦਰਤ ਦੀ ਰੱਖਿਆ ਨੂੰ ਮਨੁੱਖ ਆਪਣੇ ਜੀਵਨ ਦਾ ਹਿੱਸਾ ਬਣਾਏ। ਇਹ ਸੰਦੇਸ਼ ਦਿਵਯ ਜੋਯਤੀ ਜਾਗ੍ਰਿਤੀ ਸੰਸਥਾਨ ਦੇ ਮੋਗਾ ਰੋਡ ਸਥਿਤ ਕੋਟਕਪੂਰਾ ਆਸ਼ਰਮ ਵਿਖੇ ਕਰਵਾਏ ਗਏ ਸਤਿਸੰਗ ਦੌਰਾਨ ਸਾਧਵੀ ਸੰਗਲਤਾ ਭਾਰਤੀ ਨੇ ਦਿੱਤਾ। ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਸੰਗਲਤਾ ਭਾਰਤੀ ਨੇ ਕਿਹਾ ਕਿ ਸੰਸਥਾਨ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ਸੰਰਕਸ਼ਣ ਤਹਿਤ ਲੋਕਾਂ ਨੂੰ ਵਾਤਾਵਰਨ ਦੀ ਮਹੱਤਤਾ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰੇਕ ਨਾਗਰਿਕ ਨੂੰ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ, ਪਾਣੀ ਦੀ ਬਰਬਾਦੀ, ਰੁੱਖਾਂ ਦੀ ਕਟਾਈ ਅਤੇ ਕੁਦਰਤੀ ਸਰੋਤਾਂ ਦੀ ਬੇਲੋੜੀ ਵਰਤੋਂ ਵਾਤਾਵਰਨ ਦੇ ਸੰਤੁਲਨ ਨੂੰ ਵਿਗਾੜ ਰਹੀ ਹੈ। ਇਨ੍ਹਾਂ ਸਮੱਸਿਆਵਾਂ ਦਾ ਹੱਲ ਸਿਰਫ਼ ਸਰਕਾਰੀ ਯਤਨਾਂ ਨਾਲ ਸੰਭਵ ਨਹੀਂ, ਇਸ ਲਈ ਲੋਕਾਂ ਨੂੰ ਵੀ ਆਪਣੀਆਂ ਆਦਤਾਂ ਵਿੱਚ ਤਬਦੀਲੀ ਲਿਆਉਣੀ ਪਵੇਗੀ। ਰੁੱਖ ਲਗਾਉਣ, ਪਾਣੀ ਦੀ ਬੱਚਤ ਕਰਨ, ਸਫ਼ਾਈ ਰੱਖਣ ਅਤੇ ਪ੍ਰਦੂਸ਼ਣ ਘਟਾਉਣ ਵਾਲੇ ਤਰੀਕੇ ਅਪਣਾਉਣ ਨਾਲ ਕੁਦਰਤ ਦੀ ਸੰਭਾਲ ਵਿੱਚ ਅਹਿਮ ਯੋਗਦਾਨ ਪਾਇਆ ਜਾ ਸਕਦਾ ਹੈ। ਸਾਧਵੀ ਸੰਗਲਤਾ ਭਾਰਤੀ ਨੇ ਕਿਹਾ ਕਿ ਅਧਿਆਤਮਿਕਤਾ ਦਾ ਸਬੰਧ ਕੇਵਲ ਮਨੁੱਖ ਦੇ ਨਿੱਜੀ ਜੀਵਨ ਨਾਲ ਨਹੀਂ, ਸਗੋਂ ਸਮੁੱਚੀ ਕੁਦਰਤ ਅਤੇ ਜੀਵ-ਜੰਤੂਆਂ ਪ੍ਰਤੀ ਉਸ ਦੇ ਵਿਹਾਰ ਨਾਲ ਵੀ ਹੈ। ਜਿਹੜਾ ਮਨੁੱਖ ਕੁਦਰਤ ਨਾਲ ਪਿਆਰ ਕਰਦਾ ਹੈ, ਉਹ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਵੀ ਸਮਝਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਰੱਖਿਆ ਕਰਨਾ ਮਨੁੱਖ ਦਾ ਨੈਤਿਕ ਅਤੇ ਅਧਿਆਤਮਿਕ ਫਰਜ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਮਨੁੱਖ ਨੂੰ ਆਪਣੇ ਅੰਦਰ ਪ੍ਰੇਮ, ਦਇਆ, ਸੇਵਾ, ਨਿਮਰਤਾ ਅਤੇ ਪਰਉਪਕਾਰ ਵਰਗੇ ਗੁਣ ਵਿਕਸਿਤ ਕਰਨੇ ਚਾਹੀਦੇ ਹਨ। ਬ੍ਰਹਮਗਿਆਨ ਰਾਹੀਂ ਮਨੁੱਖ ਆਪਣੇ ਅੰਦਰਲੇ ਅਗਿਆਨਤਾ ਅਤੇ ਨਕਾਰਾਤਮਕ ਵਿਚਾਰਾਂ ਦੇ ਹਨੇਰੇ ਨੂੰ ਦੂਰ ਕਰਕੇ ਜੀਵਨ ਨੂੰ ਸਹੀ ਦਿਸ਼ਾ ਦੇ ਸਕਦਾ ਹੈ। ਸਮਾਗਮ ਦੇ ਅੰਤ ਵਿੱਚ ਵਿਸ਼ਵ ਸ਼ਾਂਤੀ, ਮਨੁੱਖਤਾ ਦੀ ਭਲਾਈ ਅਤੇ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕੀਤੀ ਗਈ।