ਯੂਨੀਵਰਸਿਟੀ ਕਾਲਜ ਜੈਤੋ ਦਾ ਨਤੀਜਾ ਰਿਹਾ ਸ਼ਾਨਦਾਰ ਯੂਨੀਵਰਸਿਟੀ ਕਾਲਜ ਜੈਤੋ ਦੇ ਬੀ.ਕਾਮ. ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ, ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
Publish Date: Mon, 09 Nov 2026 03:54 PM (IST)
Updated Date: Mon, 09 Nov 2026 03:56 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਯੂਨੀਵਰਸਿਟੀ ਕਾਲਜ ਜੈਤੋ ਦੇ ਕਾਮਰਸ ਵਿਭਾਗ ਦੇ ਬੀ.ਕਾਮ. ਸਮੈਸਟਰ ਪਹਿਲਾ (ਦਸੰਬਰ 2025) ਦਾ ਪ੍ਰੀਖਿਆ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣਾਂ ਨੇ ਮਿਹਨਤ, ਲਗਨ ਅਤੇ ਅਣਥੱਕ ਯਤਨਾਂ ਸਦਕਾ ਸ਼ਾਨਦਾਰ ਅੰਕ ਹਾਸਲ ਕਰਕੇ ਕਾਲਜ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ। ਇਸ ਪ੍ਰਾਪਤੀ ਨਾਲ ਕਾਲਜ ਵਿੱਚ ਖ਼ੁਸ਼ੀ ਅਤੇ ਮਾਣ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਉੱਚ ਸੀਨੀਅਰ ਫੈਕਲਟੀ ਮੈਂਬਰ ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਬੀ.ਕਾਮ. ਸਮੈਸਟਰ ਪਹਿਲੇ ਦੇ ਨਤੀਜੇ ਵਿੱਚ ਵਿਦਿਆਰਥਣਾਂ ਨੇ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦਿਆਂ ਮੈਰਿਟ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਪ੍ਰਾਪਤ ਨਤੀਜਿਆਂ ਅਨੁਸਾਰ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਹਾਕਮ ਸਿੰਘ ਨੇ 8.58 ਐੱਸ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵਿਦਿਆਰਥਣ ਹਰਮਨ ਕੌਰ ਪੁੱਤਰੀ ਜਗਸੀਰ ਸਿੰਘ ਨੇ 8.19 ਐੱਸ.ਜੀ.ਪੀ.ਏ. ਨਾਲ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਵਿਦਿਆਰਥਣ ਜਸਮੀਨ ਕੌਰ ਪੁੱਤਰੀ ਇੰਦਰਾਜ ਸਿੰਘ ਅਤੇ ਵਿਦਿਆਰਥਣ ਹਰਮਨਦੀਪ ਕੌਰ ਪੁੱਤਰੀ ਸੁਖਮੰਦਰ ਸਿੰਘ ਨੇ 8.12 ਐੱਸ.ਜੀ.ਪੀ.ਏ. ਅੰਕ ਹਾਸਲ ਕਰਕੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਤੇ ਕਾਲਜ ਦੇ ਪ੍ਰਿੰਸੀਪਲ ਡਾ. ਸਮਰਾਟ ਖੰਨਾ ਨੇ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਅਧਿਆਪਕਾਂ ਦੀ ਸੁਚੱਜੀ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਪ੍ਰਾਪਤੀਆਂ ਸੰਸਥਾ ਲਈ ਮਾਣ ਵਾਲੀ ਗੱਲ ਹਨ ਅਤੇ ਇਹ ਹੋਰਨਾਂ ਵਿਦਿਆਰਥੀਆਂ ਨੂੰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਕਾਮਰਸ ਵਿਭਾਗ ਦੇ ਸਮੂਹ ਅਧਿਆਪਕਾਂ ਦੀ ਮਿਹਨਤ ਅਤੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਸ਼ਿਲਪਾ ਕਾਂਸਲ ਨੇ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਪੂਰੀ ਮਿਹਨਤ, ਲਗਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਸੁਭਾਸ਼ ਚੰਦਰ, ਪ੍ਰੋ. ਸੰਗੀਤਾ ਸ਼ਰਮਾ, ਪ੍ਰੋ. ਸੁਸ਼ਮਾ, ਪ੍ਰੋ. ਜਗਸੀਰ ਸਿੰਘ, ਡਾ. ਲਖਵਿੰਦਰ ਸਿੰਘ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਵਿਸ਼ਾਲ ਸਿੰਗਲਾ, ਪ੍ਰੋ. ਰੀਨੂੰ, ਪ੍ਰੋ. ਗ਼ਜ਼ਲ, ਪ੍ਰੋ. ਈਸ਼ਾ, ਪ੍ਰੋ. ਮਹਿੰਦਰ ਕੌਰ, ਪ੍ਰੋ. ਰਿਪਨਦੀਪ, ਲਾਇਬ੍ਰੇਰੀਅਨ ਮੀਨਾਕਸ਼ੀ ਜੋਸ਼ੀ ਅਤੇ ਕਾਮਰਸ ਵਿਭਾਗ ਦੇ ਡੀਲਿੰਗ ਸਹਾਇਕ ਕਰਮਜੀਤ ਸਿੰਘ ਜੇ.ਟੀ.ਓ. ਨੇ ਵੀ ਸਫ਼ਲ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।