ਜੈਤੋ ’ਚ ਦੀਵਾਲੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜੈਤੋ ਅਤੇ ਆਸ-ਪਾਸ ਦੇ ਇਲਾਕੇ ਵਿੱਚ ਦੀਵਾਲੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Mon, 09 Nov 2026 03:32 PM (IST)
Updated Date: Mon, 09 Nov 2026 03:35 PM (IST)
ਘਰਾਂ, ਬਾਜ਼ਾਰਾਂ ਤੇ ਧਾਰਮਿਕ ਅਸਥਾਨਾਂ ’ਤੇ ਹੋਈ ਦੀਪਮਾਲਾ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਰੌਸ਼ਨੀਆਂ, ਖੁਸ਼ੀਆਂ ਅਤੇ ਆਪਸੀ ਸਾਂਝ ਦਾ ਪ੍ਰਤੀਕ ਦੀਵਾਲੀ ਦਾ ਪਵਿੱਤਰ ਤਿਉਹਾਰ ਜੈਤੋ ਸ਼ਹਿਰ, ਆਸ-ਪਾਸ ਦੇ ਇਲਾਕਿਆਂ ਅਤੇ ਸਮੂਹ ਪਿੰਡਾਂ ਵਿੱਚ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹਰ ਪਾਸੇ ਖੁਸ਼ੀਆਂ ਤੇ ਰੌਣਕਾਂ ਦਾ ਮਾਹੌਲ ਬਣਿਆ ਰਿਹਾ। ਲੋਕਾਂ ਨੇ ਆਪਣੇ ਘਰਾਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਰੰਗ-ਬਿਰੰਗੀਆਂ ਲਾਈਟਾਂ, ਦੀਵਿਆਂ ਅਤੇ ਮੋਮਬੱਤੀਆਂ ਨਾਲ ਸਜਾ ਕੇ ਖ਼ੂਬਸੂਰਤ ਦੀਪਮਾਲਾ ਕੀਤੀ। ਰਾਤ ਸਮੇਂ ਰੌਸ਼ਨੀਆਂ ਨਾਲ ਜਗਮਗਾਉਂਦੇ ਘਰਾਂ ਅਤੇ ਬਾਜ਼ਾਰਾਂ ਦਾ ਦ੍ਰਿਸ਼ ਬੇਹੱਦ ਮਨਮੋਹਕ ਨਜ਼ਰ ਆ ਰਿਹਾ ਸੀ। ਦੀਵਾਲੀ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਕਈ ਦਿਨ ਪਹਿਲਾਂ ਤੋਂ ਹੀ ਖ਼ਾਸ ਰੌਣਕ ਦੇਖਣ ਨੂੰ ਮਿਲ ਰਹੀ ਸੀ। ਲੋਕਾਂ ਨੇ ਤਿਉਹਾਰ ਦੀਆਂ ਤਿਆਰੀਆਂ ਲਈ ਮਠਿਆਈਆਂ, ਫਲਾਂ, ਤੋਹਫ਼ਿਆਂ, ਸਜਾਵਟੀ ਸਾਮਾਨ ਅਤੇ ਹੋਰ ਘਰੇਲੂ ਵਸਤਾਂ ਦੀ ਖ਼ੂਬ ਖ਼ਰੀਦਦਾਰੀ ਕੀਤੀ। ਇਸ ਦੌਰਾਨ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਠਿਆਈਆਂ ਤੇ ਵੱਖ-ਵੱਖ ਤਰ੍ਹਾਂ ਦੇ ਤੋਹਫ਼ੇ ਭੇਟ ਕਰਕੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਆਪਸੀ ਪਿਆਰ ਤੇ ਸਾਂਝ ਦਾ ਪ੍ਰਗਟਾਵਾ ਕੀਤਾ। ਰਾਤ ਸਮੇਂ ਪਰਿਵਾਰਾਂ ਵੱਲੋਂ ਘਰਾਂ ਦੇ ਮੰਦਰਾਂ ਨੂੰ ਰੰਗੋਲੀਆਂ ਨਾਲ ਬੇਹੱਦ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਮਾਤਾ ਲਕਸ਼ਮੀ, ਸ਼੍ਰੀ ਗਣੇਸ਼ ਤੇ ਮਾਤਾ ਸਰਸਵਤੀ ਦੀ ਪੂਜਾ-ਅਰਚਨਾ ਕਰਕੇ ਘਰ-ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ। ਬੱਚਿਆਂ ਅਤੇ ਨੌਜਵਾਨਾਂ ਵਿੱਚ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਰਾਤ ਸਮੇਂ ਸ਼ਹਿਰ ਅਤੇ ਪਿੰਡਾਂ ਵਿੱਚ ਪਟਾਕਿਆਂ ਦੀ ਗੂੰਜ ਕਾਫ਼ੀ ਦੇਰ ਤੱਕ ਸੁਣਾਈ ਦਿੰਦੀ ਰਹੀ। ਹਾਲਾਂਕਿ ਪਟਾਕਿਆਂ ਦੀ ਵੱਡੇ ਪੱਧਰ ’ਤੇ ਕੀਤੀ ਗਈ ਵਰਤੋਂ ਕਾਰਨ ਇਲਾਕੇ ਵਿੱਚ ਹਵਾ ਅਤੇ ਧੁਨੀ ਪ੍ਰਦੂਸ਼ਣ ਦੀ ਸਮੱਸਿਆ ਵੀ ਸਾਹਮਣੇ ਆਈ। ਇਸ ਪਾਵਨ ਮੌਕੇ ਲੋਕਾਂ ਨੇ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਨਤਮਸਤਕ ਹੋ ਕੇ ਪੂਜਾ-ਪਾਠ ਅਤੇ ਅਰਦਾਸ ਕੀਤੀ। ਧਾਰਮਿਕ ਅਸਥਾਨਾਂ ਨੂੰ ਦੀਵਿਆਂ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਰਾਤ ਸਮੇਂ ਚਾਰੇ ਪਾਸੇ ਫੈਲੀ ਰੌਸ਼ਨੀ ਅਤੇ ਦੀਪਮਾਲਾ ਦਾ ਨਜ਼ਾਰਾ ਇੰਨਾ ਮਨਮੋਹਕ ਸੀ ਕਿ ਇੰਜ ਜਾਪਦਾ ਸੀ ਜਿਵੇਂ ਆਸਮਾਨ ਦੇ ਚੰਨ-ਤਾਰੇ ਧਰਤੀ ’ਤੇ ਉਤਰ ਆਏ ਹੋਣ। ਤਿਉਹਾਰ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਦੇ ਵੱਖ-ਵੱਖ ਚੌਕਾਂ, ਬਾਜ਼ਾਰਾਂ ਅਤੇ ਗਲੀਆਂ ਵਿੱਚ ਪੁਲਿਸ ਮੁਲਾਜ਼ਮ ਗਸ਼ਤ ਕਰਦੇ ਦਿਖਾਈ ਦਿੱਤੇ। ਕੁੱਲ ਮਿਲਾ ਕੇ ਜੈਤੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦੀਵਾਲੀ ਦਾ ਤਿਉਹਾਰ ਖੁਸ਼ੀਆਂ, ਸ਼ਰਧਾ ਅਤੇ ਰਵਾਇਤੀ ਉਤਸ਼ਾਹ ਨਾਲ ਮਨਾਇਆ ਗਿਆ।