ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਤੇ ਸਦਭਾਵਨਾ ਨਾਲ ਮਨਾਏ ਜਾਣ : ਕਾਂਗਰਸੀ ਆਗੂ ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਤੇ ਸਦਭਾਵਨਾ ਨਾਲ ਮਨਾਏ ਜਾਣ : ਕਾਂਗਰਸੀ ਆਗੂ
Publish Date: Sat, 07 Nov 2026 03:11 PM (IST)
Updated Date: Sat, 07 Nov 2026 03:14 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਰੌਸ਼ਨੀਆਂ ਦਾ ਪਵਿੱਤਰ ਤਿਉਹਾਰ ਦੀਵਾਲੀ ਖ਼ੁਸ਼ੀਆਂ, ਉਤਸ਼ਾਹ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ, ਹਨੇਰੇ ਉੱਤੇ ਚਾਨਣ ਅਤੇ ਨਿਰਾਸ਼ਾ ਉੱਤੇ ਉਮੀਦ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਇਸੇ ਤਰ੍ਹਾਂ ਬੰਦੀ ਛੋੜ ਦਿਵਸ ਸਾਨੂੰ ਕੁਰਬਾਨੀ, ਤਿਆਗ, ਮਨੁੱਖਤਾ ਅਤੇ ਆਪਸੀ ਸਾਂਝ ਦੀ ਪ੍ਰੇਰਨਾ ਦਿੰਦਾ ਹੈ। ਇਨ੍ਹਾਂ ਤਿਉਹਾਰਾਂ ਨੂੰ ਜਾਤ-ਪਾਤ, ਰੰਗ, ਨਸਲ ਅਤੇ ਧਾਰਮਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਸ਼ਰਧਾ ਅਤੇ ਸਦਭਾਵਨਾ ਨਾਲ ਮਨਾਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜੈਤੋ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਟਰੱਕ ਯੂਨੀਅਨ ਜੈਤੋ ਦੇ ਸਾਬਕਾ ਪ੍ਰਧਾਨ ਅਤੇ ਪਿੰਡ ਰਾਮੇਆਣਾ ਦੇ ਸਰਪੰਚ ਰਾਜਦੀਪ ਸਿੰਘ ਔਲਖ, ਯੂਥ ਕਾਂਗਰਸ ਹਲਕਾ ਜੈਤੋ ਦੇ ਪ੍ਰਧਾਨ ਮਨਜਿੰਦਰ ਸਿੰਘ ‘ਹੈਪੀ’ ਰੋਮਾਣਾ ਅਜੀਤ ਸਿੰਘ, ਨਗਰ ਕੌਂਸਲਰ ਦਿਲਬਾਗ ਸ਼ਰਮਾ ‘ਬਾਗੀ’ ਅਤੇ ਨਗਰ ਕੌਂਸਲਰ ਤੁਲਸੀ ਰਾਮ ਬਾਂਸਲ ਨੇ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਸ਼ੇਸ਼ ਤੌਰ ਤੇ ਸਿੱਖ ਭਾਈਚਾਰੇ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਵੀ ਦਿੱਤੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਹੁਣ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੀਆਂ ਰੌਣਕਾਂ ਹਰ ਘਰ ਨੂੰ ਚਾਨਣ ਨਾਲ ਭਰ ਦਿੰਦੀਆਂ ਹਨ ਅਤੇ ਲੋਕਾਂ ਨੂੰ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਤਿਉਹਾਰਾਂ ਦੀ ਅਸਲ ਭਾਵਨਾ ਨੂੰ ਸਮਝਦਿਆਂ ਸਮਾਜ ਵਿੱਚ ਪਿਆਰ, ਸਤਿਕਾਰ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਤਿਉਹਾਰਾਂ ਦੀ ਖ਼ੁਸ਼ੀ ਉਸ ਸਮੇਂ ਹੋਰ ਵੀ ਸਾਰਥਕ ਬਣ ਜਾਂਦੀ ਹੈ, ਜਦੋਂ ਅਸੀਂ ਆਪਣੇ ਪਰਿਵਾਰਾਂ ਦੇ ਨਾਲ-ਨਾਲ ਲੋੜਵੰਦਾਂ ਦੀ ਭਲਾਈ ਬਾਰੇ ਵੀ ਸੋਚਦੇ ਹਾਂ। ਸਾਨੂੰ ਵਾਤਾਵਰਨ ਦੀ ਸੰਭਾਲ ਕਰਦਿਆਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਅਤੇ ਆਪਣੀ ਸਮਰੱਥਾ ਅਨੁਸਾਰ ਸਮਾਜ ਭਲਾਈ ਦੇ ਕਾਰਜਾਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਦਰਸਾਏ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤ ਨੂੰ ਅਪਣਾ ਕੇ ਸਮਾਜ ਵਿੱਚ ਖ਼ੁਸ਼ਹਾਲੀ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਅੰਤ ਵਿੱਚ ਕਾਂਗਰਸੀ ਆਗੂਆਂ ਨੇ ਕਾਮਨਾ ਕੀਤੀ ਕਿ ਰੌਸ਼ਨੀਆਂ ਦੇ ਇਹ ਪਵਿੱਤਰ ਤਿਉਹਾਰ ਹਰ ਘਰ ਵਿੱਚ ਸੁੱਖ, ਸ਼ਾਂਤੀ ਅਤੇ ਖ਼ੁਸ਼ਹਾਲੀ ਲੈ ਕੇ ਆਉਣ ਅਤੇ ਸਮੁੱਚੇ ਸਮਾਜ ਵਿੱਚ ਆਪਸੀ ਪਿਆਰ ਤੇ ਸਦਭਾਵਨਾ ਦਾ ਸੰਦੇਸ਼ ਫੈਲਾਉਣ।