- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਲਾਂ ਤੇ ਦਿਮਾਗਾਂ ਨੂੰ ਰੌਸ਼ਨ ਕਰਨਾ ਵੀ ਜ਼ਰੂਰੀ : ਅਸ਼ਵਨੀ ਗਰਗ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਦੀਵਾਲੀ ਅਤੇ ਬੰਦੀ ਛੋੜ ਦਿਵਸ ਰੌਸ਼ਨੀਆਂ, ਖੁਸ਼ੀਆਂ ਅਤੇ ਆਪਸੀ ਸਾਂਝ ਦੇ ਪ੍ਰਤੀਕ ਪਵਿੱਤਰ ਤਿਉਹਾਰ ਹਨ। ਇਨ੍ਹਾਂ ਤਿਉਹਾਰਾਂ ਮੌਕੇ ਜਿੱਥੇ ਅਸੀਂ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀਵੇ ਜਗਾ ਕੇ ਰੌਸ਼ਨੀ ਕਰਦੇ ਹਾਂ, ਉੱਥੇ ਹੀ ਸਾਨੂੰ ਆਪਣੇ ਦਿਲਾਂ ਅਤੇ ਦਿਮਾਗਾਂ ਨੂੰ ਵੀ ਚੰਗੇ ਵਿਚਾਰਾਂ ਨਾਲ ਰੌਸ਼ਨ ਕਰਨ ਦੀ ਲੋੜ ਹੈ। ਮਨੁੱਖ ਨੂੰ ਆਪਣੇ ਅੰਦਰ ਲੋਕਾਈ ਦੀ ਭਲਾਈ, ਪਿਆਰ, ਸਦਭਾਵਨਾ ਅਤੇ ਸੇਵਾ ਦੀ ਭਾਵਨਾ ਦਾ ਦੀਵਾ ਹਮੇਸ਼ਾ ਜਗਦਾ ਰੱਖਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ ਬਨੂੜ (ਚੰਡੀਗੜ੍ਹ), ਸ਼ਿਵਾਲਿਕ ਕਿਡਜ਼ ਸਕੂਲ ਜੈਤੋ ਅਤੇ ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ (ਗੋਰੀਆ) ਨੇ ਦੀਵਾਲੀ ਦੇ ਤਿਉਹਾਰ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਚੇਅਰਮੈਨ ਅਸ਼ਵਨੀ ਕੁਮਾਰ ਗਰਗ ਨੇ ਕਿਹਾ ਕਿ ਦੀਵਾਲੀ ਮੌਕੇ ਕੀਤੀ ਜਾਂਦੀ ਦੀਪਮਾਲਾ ਸਾਨੂੰ ਹਨੇਰੇ ਤੋਂ ਰੌਸ਼ਨੀ ਵੱਲ ਵਧਣ ਦਾ ਸੰਦੇਸ਼ ਦਿੰਦੀ ਹੈ। ਇਸ ਦਾ ਅਸਲ ਮਹੱਤਵ ਕੇਵਲ ਬਾਹਰੀ ਰੌਸ਼ਨੀ ਤੱਕ ਸੀਮਤ ਨਹੀਂ, ਸਗੋਂ ਮਨੁੱਖ ਦੇ ਅੰਦਰਲੇ ਹਨੇਰੇ ਨੂੰ ਦੂਰ ਕਰਕੇ ਗਿਆਨ, ਨੇਕੀ ਅਤੇ ਚੰਗੇ ਆਚਰਨ ਦੀ ਰੌਸ਼ਨੀ ਫੈਲਾਉਣ ਵਿੱਚ ਹੈ। ਜੇਕਰ ਹਰ ਮਨੁੱਖ ਆਪਣੇ ਮਨ ਵਿੱਚ ਦੂਜਿਆਂ ਦੀ ਭਲਾਈ ਅਤੇ ਸਮਾਜ ਦੀ ਬਿਹਤਰੀ ਦਾ ਸੰਕਲਪ ਧਾਰਨ ਕਰ ਲਵੇ ਤਾਂ ਸਮਾਜ ਵਿੱਚ ਹਰ ਦਿਨ ਖੁਸ਼ੀਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਮਨਾਏ ਜਾਂਦੇ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਨਾਲ ਸਬੰਧਤ ਤਿਉਹਾਰ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੇ ਹਨ। ਅਜਿਹੇ ਪਵਿੱਤਰ ਮੌਕੇ ਸਾਨੂੰ ਧਰਮ, ਜਾਤ-ਪਾਤ ਅਤੇ ਹੋਰ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਕ-ਦੂਜੇ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਦੀ ਸੰਭਾਲ ਕਰਨਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਲਈ ਸਾਨੂੰ ਦੀਵਾਲੀ ਅਤੇ ਹੋਰ ਤਿਉਹਾਰ ਪ੍ਰਦੂਸ਼ਣ ਮੁਕਤ ਢੰਗ ਨਾਲ ਮਨਾਉਣੇ ਚਾਹੀਦੇ ਹਨ ਅਤੇ ਪਟਾਕਿਆਂ ਦੀ ਬੇਲੋੜੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਚੇਅਰਮੈਨ ਅਸ਼ਵਨੀ ਕੁਮਾਰ ਗਰਗ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੀਆਂ ਖੁਸ਼ੀਆਂ ਦੇ ਨਾਲ-ਨਾਲ ਪਿਆਰ, ਸਦਭਾਵਨਾ ਅਤੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਵੀ ਆਪਣੇ ਜੀਵਨ ਵਿੱਚ ਅਪਣਾਉਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਹਤਮੰਦ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।