- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸੀ ਆਗੂਆਂ ਵੱਲੋਂ ਦੀਵਾਲੀ, ਬੰਦੀ ਛੋੜ ਦਿਵਸ ਤੇ ਗੁਰਪੁਰਬ ਦੀ ਵਧਾਈ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਪਵਨ ਗੋਇਲ ਜੈਤੋ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਪ੍ਰੀਤਪਾਲ ਸਿੰਘ ਭਲੂਰੀਆ (ਸਾਬਕਾ ਸਰਪੰਚ ਬਰਗਾੜੀ), ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਮਿਹਰ ਸਿੰਘ (ਸਾਬਕਾ ਸਰਪੰਚ ਕਰੀਰਵਾਲੀ), ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ (ਸਾਬਕਾ ਸਰਪੰਚ ਮੜ੍ਹਾਕ), ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਮਨਬੀਰ ਸਿੰਘ ‘ਬੱਬੂ ਬਰਾੜ’ ਮੱਤਾ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਦਵਿੰਦਰਬੀਰ ਸਿੰਘ ਬਰਾੜ ਮੱਤਾ ਅਤੇ ਬਲਾਕ ਸੰਮਤੀ ਕੋਟਕਪੂਰਾ ਦੇ ਸਾਬਕਾ ਵਾਈਸ ਚੇਅਰਮੈਨ ਸੁਖਜੀਤ ਸਿੰਘ ਧਾਲੀਵਾਲ (ਸਾਬਕਾ ਸਰਪੰਚ ਕੋਠੇ ਹਵਾਨਾ) ਨੇ ਸਮੂਹ ਪੰਜਾਬ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਆਗਾਮੀ ਗੁਰਪੁਰਬ ਦੀਆਂ ਨਿੱਘੀਆਂ ਮੁਬਾਰਕਾਂ ਦਿੱਤੀਆਂ ਹਨ। ਇਸ ਮੌਕੇ ਕਾਂਗਰਸੀ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਦੀਵਾਲੀ ਰੌਸ਼ਨੀਆਂ, ਖੁਸ਼ੀਆਂ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਇਸ ਪਵਿੱਤਰ ਤਿਉਹਾਰ ਨੂੰ ਸਾਨੂੰ ਮਿਲਜੁਲ ਕੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ, ਪਰ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਖੁਸ਼ੀਆਂ ਦਾ ਇਹ ਤਿਉਹਾਰ ਧੂੰਏਂ ਅਤੇ ਪ੍ਰਦੂਸ਼ਣ ਦਾ ਕਾਰਨ ਨਾ ਬਣੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ ਅਤੇ ਆਪਣੇ ਪਰਿਵਾਰਾਂ ਨਾਲ ਗ੍ਰੀਨ ਦੀਵਾਲੀ ਮਨਾਉਣ, ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਨਤਾ ਅਨੁਸਾਰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ 14 ਸਾਲਾਂ ਦਾ ਬਨਵਾਸ ਪੂਰਾ ਕਰਕੇ ਅਯੁੱਧਿਆ ਪਰਤਣ ਦੀ ਖੁਸ਼ੀ ਵਿੱਚ ਲੋਕਾਂ ਨੇ ਘਿਓ ਦੇ ਦੀਵੇ ਜਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਸਿੱਖ ਇਤਿਹਾਸ ਵਿੱਚ ਵੀ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋਣ ਦੀ ਯਾਦ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸਾਨੂੰ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਪੁਰਾਣੀ ਰਵਾਇਤ ਅਨੁਸਾਰ ਮਿੱਟੀ ਦੇ ਦੀਵੇ ਜਗਾ ਕੇ ਦੀਵਾਲੀ ਮਨਾਉਣ ਅਤੇ ਵਾਤਾਵਰਨ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਅੰਤ ਵਿੱਚ ਕਾਂਗਰਸੀ ਆਗੂਆਂ ਨੇ ਸਮੂਹ ਪੰਜਾਬ ਵਾਸੀਆਂ ਦੀ ਸੁੱਖ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਿਆਂ ਤਿਉਹਾਰਾਂ ਦੀਆਂ ਮੁਬਾਰਕਾਂ ਦਿੱਤੀਆਂ।