ਲੋਕਾਂ ਨੂੰ ਮਿੱਟੀ ਦੇ ਦੀਵੇ ਤੇ ਸਰ੍ਹੋਂ ਦਾ ਤੇਲ ਤਕਸੀਮ ਕੀਤਾ ਪਟਾਕਿਆਂ ਤੋਂ ਦੂਰ ਰਹਿ ਕੇ ਵਾਤਾਵਰਨ ਦੀ ਸੰਭਾਲ ਵਿੱਚ ਪਾਈਏ ਯੋਗਦਾਨ
Publish Date: Fri, 06 Nov 2026 04:34 PM (IST)
Updated Date: Fri, 06 Nov 2026 04:35 PM (IST)
ਸ਼ਿਵ ਕੁਮਾਰ ਸ਼ਰਮਾ, ਪੰਜਾਬੀ ਜਾਗਰਣ, ਫ਼ਰੀਦਕੋਟ : ਮਹਾਕਾਲ ਸਵਰਗ ਧਾਮ ਸੇਵਾ ਸੁਸਾਇਟੀ ਵੱਲੋਂ ਗਰੀਨ ਦੀਵਾਲੀ ਮਨਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਮੁਹਿੰਮ ਚਲਾਈ ਗਈ। ਸੁਸਾਇਟੀ ਦੇ ਪ੍ਰਧਾਨ ਡਾ. ਬਲਜੀਤ ਸ਼ਰਮਾ ਗੋਲੇਵਾਲਾ ਅਤੇ ਚੇਅਰਮੈਨ ਅਸ਼ੋਕ ਭਟਨਾਗਰ ਦੀ ਅਗਵਾਈ ਹੇਠ ਮੈਂਬਰਾਂ ਨੇ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਮਿੱਟੀ ਦੇ ਦੀਵੇ, ਵੱਟੀਆਂ ਅਤੇ ਸਰ੍ਹੋਂ ਦੇ ਤੇਲ ਦੇ ਪੈਕੇਟ ਵੰਡੇ। ਇਸ ਦੌਰਾਨ ਲੋਕਾਂ ਨੂੰ ਪਟਾਕਿਆਂ ਤੋਂ ਦੂਰ ਰਹਿ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਸੁਰਿੰਦਰ ਸਿੰਘ ਕੋਹਲੀ ਅਤੇ ਸੀਨੀਅਰ ਮੀਤ ਪ੍ਰਧਾਨ ਸੇਵਾਮੁਕਤ ਡੀਐੱਸਪੀ ਹਰਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਆਧੁਨਿਕਤਾ ਦੀ ਦੌੜ ਵਿੱਚ ਲੋਕ ਆਪਣੀ ਪੁਰਾਤਨ ਸੰਸਕ੍ਰਿਤੀ ਅਤੇ ਰਵਾਇਤਾਂ ਨੂੰ ਭੁੱਲਦੇ ਜਾ ਰਹੇ ਹਨ। ਦੀਵਾਲੀ ਰੌਸ਼ਨੀ, ਖੁਸ਼ੀਆਂ ਅਤੇ ਆਪਸੀ ਸਾਂਝ ਦਾ ਪਵਿੱਤਰ ਤਿਉਹਾਰ ਹੈ। ਮਾਨਤਾ ਅਨੁਸਾਰ ਇਸ ਦਿਨ ਭਗਵਾਨ ਸ੍ਰੀ ਰਾਮ 14 ਸਾਲ ਦਾ ਬਨਵਾਸ ਪੂਰਾ ਕਰਕੇ ਅਯੁੱਧਿਆ ਪਰਤੇ ਸਨ। ਇਸੇ ਤਰ੍ਹਾਂ ਸਿੱਖ ਇਤਿਹਾਸ ਵਿੱਚ ਵੀ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਦੀਵਾਲੀ ਮਿੱਟੀ ਦੇ ਦੀਵੇ ਜਗਾ ਕੇ ਅਤੇ ਕੁਦਰਤੀ ਰੌਸ਼ਨੀ ਨਾਲ ਮਨਾਉਣੀ ਚਾਹੀਦੀ ਹੈ। ਹਰੇਕ ਵਿਅਕਤੀ ਨੂੰ ਤਿਉਹਾਰ ਮੌਕੇ ਘੱਟੋ-ਘੱਟ ਇੱਕ ਪੌਦਾ ਲਗਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ, ਤਾਂ ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਅਤੇ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਟਾਕਿਆਂ ਨਾਲ ਵਾਤਾਵਰਨ ਵਿੱਚ ਧੂੰਆਂ ਅਤੇ ਜ਼ਹਿਰੀਲੇ ਕਣ ਫੈਲਦੇ ਹਨ, ਜਦਕਿ ਉਨ੍ਹਾਂ ਦਾ ਸ਼ੋਰ ਵੀ ਲੋਕਾਂ ਅਤੇ ਪਸ਼ੂ-ਪੰਛੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਇਸ ਲਈ ਸਾਰਿਆਂ ਨੂੰ ਪਟਾਕਿਆਂ ਤੋਂ ਗੁਰੇਜ਼ ਕਰਦਿਆਂ ਮਿੱਟੀ ਦੇ ਦੀਵੇ ਜਗਾ ਕੇ ਸਾਦਗੀ ਅਤੇ ਕੁਦਰਤੀ ਢੰਗ ਨਾਲ ਦੀਵਾਲੀ ਮਨਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।