- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ’ਚ ਮੰਗਾਂ ਅਤੇ ਮਸਲਿਆਂ ’ਤੇ ਹੋਈ ਚਰਚਾ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ ਸਥਾਨਕ ਪੈਨਸ਼ਨਰ ਭਵਨ, ਜੈਤੋ, ਜ਼ਿਲ੍ਹਾ ਫ਼ਰੀਦਕੋਟ ਵਿਖੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਦੀ ਪ੍ਰਧਾਨਗੀ ਹੇਠ ਹੋਈ। 5 ਨਵੰਬਰ 2026, ਦਿਨ ਵੀਰਵਾਰ ਨੂੰ ਹੋਈ ਇਸ ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ ਅਤੇ ਮਸਲਿਆਂ ਤੋਂ ਇਲਾਵਾ ਜਥੇਬੰਦੀ ਦੀਆਂ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਰਾੜ ਨੇ ਅਕਤੂਬਰ ਮਹੀਨੇ ਦੌਰਾਨ ਕੀਤੀਆਂ ਗਈਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ 10 ਅਕਤੂਬਰ ਨੂੰ ਤਾਲਮੇਲ ਕਮੇਟੀ ਅਤੇ ਸਾਂਝੇ ਫਰੰਟ ਵੱਲੋਂ ਸੰਗਰੂਰ ਵਿਖੇ ਕੀਤੀ ਗਈ ਰੈਲੀ ਵਿੱਚ ਬਲਾਕ ਜੈਤੋ ਦੇ 14 ਸਾਥੀਆਂ ਨੇ ਸ਼ਮੂਲੀਅਤ ਕੀਤੀ ਸੀ। ਇਸੇ ਤਰ੍ਹਾਂ 22 ਅਕਤੂਬਰ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ 19 ਨਵੰਬਰ ਨੂੰ ਸੰਗਰੂਰ ਵਿਖੇ ਧਰਨਾ ਦਿੱਤਾ ਜਾਵੇਗਾ, ਜਿਸ ਵਿੱਚ ਬਲਾਕ ਜੈਤੋ ਵੱਲੋਂ 25 ਸਾਥੀ ਸ਼ਮੂਲੀਅਤ ਕਰਨਗੇ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ (ਡੀ.ਏ.) ਦੀਆਂ ਬਕਾਇਆ ਕਿਸ਼ਤਾਂ ਜਾਰੀ ਨਾ ਕਰਨ ’ਤੇ ਸਖ਼ਤ ਰੋਸ ਪ੍ਰਗਟ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਕਾਇਆ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ। ਇਸ ਦੌਰਾਨ ਪੈਨਸ਼ਨਰਾਂ ਵੱਲੋਂ ਆਪਣੇ ਸਾਥੀਆਂ ਸੁਰਿੰਦਰ ਕੁਮਾਰ ਲੂੰਬਾ ਅਤੇ ਮੋਹਨ ਸਿੰਘ ਬਾਜਾਖਾਨਾ ਦਾ ਜਨਮ ਦਿਨ ਮਨਾਉਂਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਜਗਰਾਜ ਸਿੰਘ ਗੁੰਮਟੀ ਖੁਰਦ ਦੇ ਜਥੇਬੰਦੀ ਵਿੱਚ ਨਵੇਂ ਮੈਂਬਰ ਵਜੋਂ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਸੁਨੀਤਾ ਰਾਣੀ ਪਤਨੀ ਜਗਸੀਰ ਸਿੰਘ ਕੋਟਕਪੂਰਾ ਅਤੇ ਸੁਖਦੇਵ ਸਿੰਘ ਘੁਮਿਆਰਾ, ਜੋ ਪਰਮਜੀਤ ਕੌਰ ਦੇ ਰਿਸ਼ਤੇਦਾਰ ਸਨ, ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਵਿਛੜੀਆਂ ਰੂਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਬਾਬਾ ਵੀਰ ਸਿੰਘ, ਮੇਲਾ ਰਾਮ ਗੋਇਲ, ਜਗਦੀਸ਼ ਰਾਏ ਅਰੋੜਾ, ਸੁਰਿੰਦਰ ਪਾਲ ਲੂੰਬਾ, ਸੂਬਾ ਸਿੰਘ ਰਾਮੇਆਣਾ, ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ, ਗੁਰਜੰਗ ਸਿੰਘ ਸੇਖੋਂ, ਸੁੰਦਰ ਸਿੰਘ ਬਾਜਾਖਾਨਾ, ਮੁਖਤਿਆਰ ਸਿੰਘ ਬਿਸ਼ਨੰਦੀ, ਸੁਰਿੰਦਰ ਕੁਮਾਰ ਲੂੰਬਾ ਅਤੇ ਪ੍ਰੋ. ਤਰਸੇਮ ਸਿੰਘ ਨਰੂਲਾ ਸਮੇਤ ਹੋਰਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਵਿੱਤ ਸਕੱਤਰ ਮੇਜਰ ਸਿੰਘ, ਸੁਖਦੇਵ ਸਿੰਘ ਝੱਖੜਵਾਲਾ, ਪਰਮਜੀਤ ਕੌਰ, ਜਸਵਿੰਦਰ ਕੌਰ, ਪ੍ਰੈੱਸ ਸਕੱਤਰ ਜਗਜੀਤ ਸਿੰਘ, ਸ਼ੇਰ ਸਿੰਘ ਚੰਦਭਾਨ, ਮੇਜਰ ਸਿੰਘ ਰੋੜੀਕਪੂਰਾ, ਦਰਸ਼ਨ ਕੁਮਾਰ ਚੰਦਭਾਨ, ਹਰਚੰਦ ਰਾਮ, ਡਾ. ਹੇਮ ਰਾਜ ਚੋਪੜਾ, ਬਲਵੀਰ ਸਿੰਘ ਲੰਭਵਾਲੀ, ਅਵਤਾਰ ਸਿੰਘ ਬਾਜਾਖਾਨਾ, ਲਾਭ ਸਿੰਘ ਡੋਡ, ਹੀਰਾ ਲਾਲ, ਸੁਰਿੰਦਰ ਪਾਲ ਝੱਖੜਵਾਲਾ, ਹਰਪਾਲ ਸਿੰਘ, ਦੇਵ ਰਾਜ ਸ਼ਰਮਾ, ਅੰਗਰੇਜ਼ ਸਿੰਘ, ਪ੍ਰੇਮ ਕੁਮਾਰ ਗੋਇਲ ਅਤੇ ਜਗਤਾਰ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਹਾਜ਼ਰ ਸਨ। ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਸਮੂਹ ਪੈਨਸ਼ਨਰਾਂ ਦਾ ਧੰਨਵਾਦ ਕੀਤਾ।