ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ
Publish Date: Fri, 06 Nov 2026 04:11 PM (IST)
Updated Date: Fri, 06 Nov 2026 04:14 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਅਲਾਇੰਸ ਇੰਟਰਨੈਸ਼ਨਲ ਸਕੂਲ, ਸਾਹਮਣੇ ਸ੍ਰੀ ਹਨੂੰਮਾਨ ਮੰਦਰ, ਸ੍ਰੀ ਪੰਚਾਇਤੀ ਗਊਸ਼ਾਲਾ ਰੋਡ, ਜੈਤੋ ਵਿਖੇ ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਵੱਲੋਂ ਵਿਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਦਿਆਂ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੀਵਾਲੀ ਰੌਸ਼ਨੀ, ਖੁਸ਼ੀਆਂ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਸ ਪਵਿੱਤਰ ਤਿਉਹਾਰ ਨੂੰ ਸਾਰਿਆਂ ਨੂੰ ਮਿਲਜੁਲ ਕੇ, ਸਾਦਗੀ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਤਿਉਹਾਰ ਦੀਆਂ ਖੁਸ਼ੀਆਂ ਮਨਾਉਂਦੇ ਸਮੇਂ ਸਾਨੂੰ ਵਾਤਾਵਰਨ ਅਤੇ ਦੂਜਿਆਂ ਦੀ ਸਿਹਤ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਨੇ ਕਿਹਾ ਕਿ ਦੀਵਾਲੀ ਮੌਕੇ ਪਟਾਕੇ ਚਲਾਉਣ ਨਾਲ ਵੱਡੇ ਪੱਧਰ ਤੇ ਹਵਾ ਅਤੇ ਆਵਾਜ਼ ਪ੍ਰਦੂਸ਼ਣ ਫੈਲਦਾ ਹੈ, ਜਿਸ ਦਾ ਮਨੁੱਖਾਂ, ਪਸ਼ੂ-ਪੰਛੀਆਂ ਅਤੇ ਕੁਦਰਤੀ ਵਾਤਾਵਰਨ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਪਟਾਕਿਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਹਵਾ ਨੂੰ ਦੂਸ਼ਿਤ ਕਰਦਾ ਹੈ ਅਤੇ ਸਾਹ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਹਰੇਕ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਪਟਾਕੇ ਚਲਾਉਣ ਤੋਂ ਗੁਰੇਜ਼ ਕਰੇ ਅਤੇ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰੇ। ਉਨ੍ਹਾਂ ਕਿਹਾ ਕਿ ਮਿੱਟੀ ਦੇ ਦੀਵੇ ਜਗਾ ਕੇ, ਘਰਾਂ ਨੂੰ ਰੌਸ਼ਨ ਕਰਕੇ ਅਤੇ ਲੋੜਵੰਦਾਂ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਵੀ ਦੀਵਾਲੀ ਨੂੰ ਯਾਦਗਾਰੀ ਬਣਾਇਆ ਜਾ ਸਕਦਾ ਹੈ। ਦੀਵਾਲੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਨੇ ਦੱਸਿਆ ਕਿ ਮਾਨਤਾ ਅਨੁਸਾਰ ਭਗਵਾਨ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟਣ ਉਪਰੰਤ ਜਦੋਂ ਅਯੁੱਧਿਆ ਵਾਪਸ ਪਰਤੇ ਸਨ ਤਾਂ ਉਨ੍ਹਾਂ ਦੇ ਸਵਾਗਤ ਅਤੇ ਖੁਸ਼ੀ ਵਿੱਚ ਲੋਕਾਂ ਨੇ ਘਿਓ ਦੇ ਦੀਵੇ ਜਗਾ ਕੇ ਸਾਰੀ ਨਗਰੀ ਨੂੰ ਰੌਸ਼ਨ ਕੀਤਾ ਸੀ। ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ, ਹਨੇਰੇ ਉੱਤੇ ਰੌਸ਼ਨੀ ਅਤੇ ਅਗਿਆਨਤਾ ਉੱਤੇ ਗਿਆਨ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਿੱਖ ਧਰਮ ਵਿੱਚ ਵੀ ਦੀਵਾਲੀ ਦਾ ਵਿਸ਼ੇਸ਼ ਮਹੱਤਵ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਇਸ ਇਤਿਹਾਸਕ ਯਾਦ ਨੂੰ ਸਿੱਖ ਸੰਗਤ ਵੱਲੋਂ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੰਤ ਵਿੱਚ ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਦੂਜਿਆਂ ਦੇ ਚਿਹਰਿਆਂ ਉੱਤੇ ਮੁਸਕਾਨ ਲਿਆਉਣ ਅਤੇ ਕੁਦਰਤ ਦੀ ਸੰਭਾਲ ਕਰਨ ਵਿੱਚ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਸਾਫ਼-ਸੁਥਰੇ ਅਤੇ ਪ੍ਰਦੂਸ਼ਣ ਰਹਿਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।