ਪਟਾਕਿਆਂ ਤੋਂ ਪਰਹੇਜ਼ ਕਰ ਕੇ ਗਰੀਨ ਦੀਵਾਲੀ ਮਨਾਈ ਜਾਵੇ : ਜਿੰਦਲ ਪਰਿਵਾਰ ਪਟਾਕਿਆਂ ਤੋਂ ਪਰਹੇਜ਼ ਕਰਕੇ ਗਰੀਨ ਦੀਵਾਲੀ ਮਨਾਈ ਜਾਵੇ : ਜਿੰਦਲ ਪਰਿਵਾਰ
Publish Date: Fri, 06 Nov 2026 03:57 PM (IST)
Updated Date: Fri, 06 Nov 2026 03:59 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮਾਂ ਚਿੰਤਪੁਰਨੀ ਆਇਲ ਮਿਲਜ਼ (ਕੋਠੇ ਸੰਪੂਰਨ ਸਿੰਘ ਵਾਲੇ) ਬਿਸ਼ਨੰਦੀ ਰੋਡ ਜੈਤੋ ਦੇ ਐੱਮ.ਡੀ. ਤੇ ਅਗਰਵਾਲ ਸਮਾਜ ਸਭਾ (ਰਜਿ:) ਜੈਤੋ ਦੇ ਪ੍ਰਧਾਨ ਸੱਤਪਾਲ ਜਿੰਦਲ, ਸ਼੍ਰੀ ਬਾਲਾ ਜੀ ਟ੍ਰੇਡਰਜ, ਆਇਲ ਮਿਲਜ਼ (ਨੇੜੇ ਸ਼ਿਆਮ ਸੇਵਾ ਮੰਡਲ) ਪੰਚਾਇਤੀ ਗੁਊਸ਼ਾਲਾ ਰੋਡ ਜੈਤੋ ਦੇ ਐੱਮ.ਡੀ. ਭੀਮ ਸੈਨ ਜਿੰਦਲ, ਸ਼੍ਰੀ ਬਾਲਾ ਜੀ ਆਇਲ ਮਿਲਜ਼ (ਨੇੜੇ ਜਿੰਦਲ ਕਲੋਨੀ) ਜੈਤੋ ਦੇ ਐੱਮਡੀ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਉੱਪ ਪ੍ਰਧਾਨ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਜੈਤੋ ਦੇ ਚੇਅਰਮੈਨ ਤੇ ਅਰਗਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ ਨਰੇਸ਼ ਜਿੰਦਲ ਅਤੇ ਉੱਘੇ ਸਮਾਜ ਸੇਵੀ ਹੈਪੀ ਜਿੰਦਲ ਨੇ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਲੋਕਾਂ ਨੂੰ ਇਸ ਵਾਰ ਦੀਵਾਲੀ ਦਾ ਤਿਉਹਾਰ ਪਟਾਕਿਆਂ ਤੋਂ ਬਿਨਾਂ ਮਨਾਉਣ ਅਤੇ ਗਰੀਨ ਦੀਵਾਲੀ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਾਂਝੇ ਤੌਰ ਤੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਅਤੇ ਮਨੁੱਖੀ ਸਿਹਤ ਦੀ ਸੁਰੱਖਿਆ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਤਿਉਹਾਰ ਸਾਨੂੰ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਖੁਸ਼ੀਆਂ ਵੰਡਣ ਦਾ ਸੰਦੇਸ਼ ਦਿੰਦੇ ਹਨ, ਪਰ ਇਨ੍ਹਾਂ ਮੌਕਿਆਂ ਤੇ ਪਟਾਕੇ ਚਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨਾ ਅਤੇ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿੱਚ ਪਾਉਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਕੁਦਰਤੀ ਵਾਤਾਵਰਨ ਨੂੰ ਨੁਕਸਾਨ ਪਹੁੰਚੇ। ਉੱਘੇ ਸਮਾਜ ਸੇਵੀਆਂ ਸੱਤਪਾਲ ਜਿੰਦਲ, ਭੀਮ ਸੈਨ ਜਿੰਦਲ, ਨਰੇਸ਼ ਜਿੰਦਲ ਅਤੇ ਹੈਪੀ ਜਿੰਦਲ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਵੱਲੋਂ ਵੱਡੀ ਮਾਤਰਾ ਵਿੱਚ ਪਟਾਕੇ ਚਲਾਏ ਜਾਂਦੇ ਹਨ, ਜਿਸ ਕਾਰਨ ਹਵਾ ਵਿੱਚ ਜ਼ਹਿਰੀਲਾ ਧੂੰਆਂ ਅਤੇ ਹਾਨੀਕਾਰਕ ਕਣ ਫੈਲਦੇ ਹਨ। ਇਸ ਨਾਲ ਵਾਤਾਵਰਨ ਗੰਧਲਾ ਹੋਣ ਦੇ ਨਾਲ-ਨਾਲ ਸਾਹ ਲੈਣ ਵਿੱਚ ਤਕਲੀਫ਼, ਅੱਖਾਂ ਵਿੱਚ ਜਲਣ ਅਤੇ ਹੋਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪਟਾਕਿਆਂ ਤੇ ਕਰੋੜਾਂ ਰੁਪਏ ਖ਼ਰਚ ਕਰਨ ਦੀ ਬਜਾਏ ਇਹ ਪੈਸਾ ਸਮਾਜ ਭਲਾਈ ਅਤੇ ਲੋਕ ਹਿੱਤ ਦੇ ਕੰਮਾਂ ਤੇ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਹਰਿਆ-ਭਰਿਆ ਬਣਾਉਣ ਲਈ ਹਰੇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਾਤਾਵਰਨ ਦੀ ਸੰਭਾਲ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਵਿੱਚ ਵੀ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਅੰਤ ਵਿੱਚ ਜਿੰਦਲ ਪਰਿਵਾਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਟਾਕੇ ਚਲਾਉਣ ਤੋਂ ਪਰਹੇਜ਼ ਕਰਨ, ਦੀਵੇ ਜਗਾ ਕੇ ਅਤੇ ਬੂਟੇ ਲਗਾ ਕੇ ਦੀਵਾਲੀ ਦੀਆਂ ਖੁਸ਼ੀਆਂ ਮਨਾਉਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਮਿਲ ਸਕੇ।