ਨਫ਼ਰਤ ਤਿਆਗ ਕੇ ਦੀਵਾਲੀ 'ਤੇ ਮੋਹ ਦੇ ਦੀਵੇ ਬਾਲੀਏ : ਲਾਲੀ ਬਰਾੜ ਨਫ਼ਰਤ ਤਿਆਗ ਕੇ ਦੀਵਾਲੀ 'ਤੇ ਮੋਹ ਦੇ ਦੀਵੇ ਬਾਲੀਏ : ਲਾਲੀ ਬਰਾੜ
Publish Date: Fri, 06 Nov 2026 03:56 PM (IST)
Updated Date: Fri, 06 Nov 2026 03:56 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਦੀਵਾਲੀ ਦਾ ਪਵਿੱਤਰ ਤਿਉਹਾਰ ਸਾਡੇ ਸਮਾਜ ਦਾ ਸਾਂਝਾ ਅਤੇ ਖੁਸ਼ੀਆਂ ਭਰਿਆ ਤਿਉਹਾਰ ਹੈ, ਜਿਸ ਨੂੰ ਆਪਸੀ ਪਿਆਰ, ਸਤਿਕਾਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਨਾਲ ਮਨਾਉਣਾ ਚਾਹੀਦਾ ਹੈ। ਸਾਨੂੰ ਇਸ ਸ਼ੁਭ ਮੌਕੇ ਤੇ ਮਨਾਂ ਵਿੱਚੋਂ ਨਫ਼ਰਤ ਅਤੇ ਈਰਖਾ ਦੀ ਭਾਵਨਾ ਨੂੰ ਤਿਆਗ ਕੇ ਆਪਸੀ ਮੋਹ, ਪਿਆਰ ਅਤੇ ਸਾਂਝ ਦੇ ਦੀਵੇ ਬਾਲਣੇ ਚਾਹੀਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਚਾਇਤ ਯੂਨੀਅਨ ਵਿਧਾਨ ਸਭਾ ਹਲਕਾ ਜੈਤੋ ਦੇ ਸਾਬਕਾ ਪ੍ਰਧਾਨ, ਸੀਨੀਅਰ ਕਾਂਗਰਸੀ ਆਗੂ ਅਤੇ ਪਿੰਡ ਚੰਦਭਾਨ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਲਾਲੀ ਬਰਾੜ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਪਰਜਾਪਤ ਬਰਾਦਰੀ ਨਾਲ ਸਬੰਧਤ ਲੋਕਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਪੁਰਾਤਨ ਸਮੇਂ ਤੋਂ ਹੀ ਇਸ ਪਵਿੱਤਰ ਤਿਉਹਾਰ ਮੌਕੇ ਮਿੱਟੀ ਦੇ ਦੀਵੇ ਅਤੇ ਮਸ਼ਾਲਾਂ ਜਗਾਉਣ ਦੀ ਪਰੰਪਰਾ ਚੱਲਦੀ ਆ ਰਹੀ ਹੈ। ਮਿੱਟੀ ਦੇ ਦੀਵੇ ਬਣਾਉਣ ਵਾਲੇ ਘੁਮਿਆਰ ਪਰਿਵਾਰਾਂ ਲਈ ਦੀਵਾਲੀ ਦਾ ਤਿਉਹਾਰ ਰੁਜ਼ਗਾਰ ਦਾ ਵਿਸ਼ੇਸ਼ ਸਾਧਨ ਵੀ ਹੁੰਦਾ ਸੀ। ਇਨ੍ਹਾਂ ਪਰਿਵਾਰਾਂ ਦੇ ਕਾਰੀਗਰ ਦਿਨ-ਰਾਤ ਮਿਹਨਤ ਕਰਕੇ ਦੀਵੇ ਤਿਆਰ ਕਰਦੇ ਸਨ ਅਤੇ ਲੋਕਾਂ ਵੱਲੋਂ ਦੀਵੇ ਖ਼ਰੀਦਣ ਨਾਲ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਚੱਲਦਾ ਸੀ। ਹਰਜਿੰਦਰ ਸਿੰਘ ਲਾਲੀ ਬਰਾੜ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਚਮਕ-ਦਮਕ ਅਤੇ ਆਧੁਨਿਕਤਾ ਦੀ ਦੌੜ ਕਾਰਨ ਲੋਕਾਂ ਦਾ ਰੁਝਾਨ ਮਿੱਟੀ ਦੇ ਦੀਵਿਆਂ ਤੋਂ ਹਟ ਕੇ ਚੀਨ ਦੀਆਂ ਬਣੀਆਂ ਵੱਖ-ਵੱਖ ਕਿਸਮਾਂ ਦੀਆਂ ਬਿਜਲਈ ਲੜੀਆਂ ਵੱਲ ਵਧ ਰਿਹਾ ਹੈ। ਲੋਕ ਘਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਉਣ ਨੂੰ ਹੀ ਦੀਵਾਲੀ ਦੀ ਖੂਬਸੂਰਤੀ ਸਮਝਣ ਲੱਗ ਪਏ ਹਨ, ਜਦਕਿ ਮਿੱਟੀ ਦੇ ਦੀਵੇ ਜਗਾਉਣ ਦੀ ਆਪਣੀ ਵੱਖਰੀ ਧਾਰਮਿਕ, ਸੱਭਿਆਚਾਰਕ ਅਤੇ ਵਿਰਾਸਤੀ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਸਰ੍ਹੋਂ ਦੇ ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਵੀ ਲੋਕਾਂ ਵਿੱਚ ਮਿੱਟੀ ਦੇ ਦੀਵੇ ਜਗਾਉਣ ਦਾ ਰੁਝਾਨ ਘਟ ਰਿਹਾ ਹੈ। ਇਸ ਦਾ ਸਿੱਧਾ ਅਸਰ ਸਦੀਆਂ ਪੁਰਾਣੀ ਘੁਮਿਆਰਾਂ ਦੀ ਕਲਾ ਅਤੇ ਇਨ੍ਹਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਤੇ ਪੈ ਰਿਹਾ ਹੈ। ਜੇਕਰ ਅਸੀਂ ਆਪਣੀਆਂ ਪੁਰਾਤਨ ਪਰੰਪਰਾਵਾਂ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਕਾਰੀਗਰਾਂ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ। ਅੰਤ ਵਿੱਚ ਹਰਜਿੰਦਰ ਸਿੰਘ ਲਾਲੀ ਬਰਾੜ ਨੇ ਸਮੂਹ ਜੈਤੋ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦੀਵਾਲੀ ਤੇ ਬਿਜਲਈ ਲੜੀਆਂ ਦੇ ਨਾਲ-ਨਾਲ ਮਿੱਟੀ ਦੇ ਦੀਵੇ ਵੀ ਜ਼ਰੂਰ ਜਗਾਉਣ ਅਤੇ ਘੁਮਿਆਰ ਪਰਿਵਾਰਾਂ ਤੋਂ ਦੀਵੇ ਖ਼ਰੀਦ ਕੇ ਉਨ੍ਹਾਂ ਦੀ ਮਿਹਨਤ ਦਾ ਸਤਿਕਾਰ ਕਰਨ। ਉਨ੍ਹਾਂ ਕਿਹਾ ਕਿ ਦੀਵਾਲੀ ਦਾ ਅਸਲ ਸੰਦੇਸ਼ ਹਨੇਰੇ ਨੂੰ ਦੂਰ ਕਰਕੇ ਚਾਨਣ ਫੈਲਾਉਣਾ ਅਤੇ ਸਮਾਜ ਵਿੱਚ ਪਿਆਰ, ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ।