- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਤੋ ਦੇ ਇਤਿਹਾਸਕ ਵਿਕਾਸ ਕਾਰਜ ਅਕਾਲੀ ਸਰਕਾਰਾਂ ਦੀ ਦੇਣ : ਘੋਚਾ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਯੂਥ ਅਕਾਲੀ ਦਲ (ਬ) ਜੈਤੋ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਮਾਰਕੀਟ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਰਾਕੇਸ਼ ਕੁਮਾਰ ‘ਘੋਚਾ’ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਜੈਤੋ ਸ਼ਹਿਰ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰਾਂ ਦੇ ਕਾਰਜਕਾਲ ਦੌਰਾਨ ਸ਼ਹਿਰ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ, ਸਿੱਖਿਆ, ਖੇਡਾਂ, ਬਿਜਲੀ, ਪਾਣੀ ਅਤੇ ਸੜਕਾਂ ਨਾਲ ਸਬੰਧਤ ਅਨੇਕਾਂ ਮਹੱਤਵਪੂਰਨ ਵਿਕਾਸ ਕਾਰਜ ਕਰਵਾਏ ਗਏ, ਜਿਨ੍ਹਾਂ ਦਾ ਲਾਭ ਅੱਜ ਵੀ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਹੈ। ਉਨ੍ਹਾਂ ਇਨ੍ਹਾਂ ਵਿਕਾਸ ਕਾਰਜਾਂ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਦਿੱਤਾ। ਰਾਕੇਸ਼ ਕੁਮਾਰ ‘ਘੋਚਾ’ ਨੇ ਸ਼ਹਿਰ ਵਿੱਚ ਹੋਏ ਵਿਕਾਸ ਕਾਰਜਾਂ ਨੂੰ ਆਪਣੇ ਉਂਗਲਾਂ ਦੇ ਪੋਟਿਆਂ 'ਤੇ ਗਿਣਾਉਂਦਿਆਂ ਕਿਹਾ ਕਿ ਜੈਤੋ ਦਾ ਸਿਵਲ ਹਸਪਤਾਲ, ਖੇਡ ਸਟੇਡੀਅਮ, ਨਹਿਰੂ ਪਾਰਕ, ਯੂਨੀਵਰਸਿਟੀ ਕਾਲਜ, ਸਾਹਿਤ ਸਦਨ, ਨਹਿਰੂ ਪਾਰਕ ਵਿੱਚ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਅਤੇ ਦਾਣਾ ਮੰਡੀ ਵਰਗੀਆਂ ਅਹਿਮ ਸਹੂਲਤਾਂ ਅਕਾਲੀ ਸਰਕਾਰਾਂ ਦੇ ਸਮੇਂ ਦੀਆਂ ਦੇਣਾਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨੇ ਸ਼ਹਿਰ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਸਿੱਖਿਆ, ਸਿਹਤ, ਖੇਡਾਂ ਅਤੇ ਸਾਹਿਤਕ ਸਰਗਰਮੀਆਂ ਨੂੰ ਵੀ ਉਤਸ਼ਾਹਿਤ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਰਾਕੇਸ਼ ਕੁਮਾਰ ‘ਘੋਚਾ’ ਨੇ ਅੱਗੇ ਦੱਸਿਆ ਕਿ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਤਹਿਸੀਲ ਕੰਪਲੈਕਸ ਦੀ ਉਸਾਰੀ, 66 ਕੇਵੀ ਬਿਜਲੀ ਗਰਿੱਡ ਦੀ ਸਥਾਪਨਾ ਅਤੇ ਸ਼ਹਿਰ ਵਿੱਚ ਸੀਵਰੇਜ ਪ੍ਰਣਾਲੀ ਦਾ ਵਿਸਥਾਰ ਵੀ ਅਹਿਮ ਵਿਕਾਸ ਕਾਰਜਾਂ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਅਨੇਕਾਂ ਸੜਕਾਂ ਦਾ ਨਿਰਮਾਣ, ਵੱਖ-ਵੱਖ ਸਕੂਲਾਂ ਨੂੰ ਅਪਗ੍ਰੇਡ ਕਰਵਾਉਣ ਅਤੇ ਇੰਟਰਲਾਕਿੰਗ ਟਾਈਲਾਂ ਰਾਹੀਂ ਗਲੀਆਂ ਤੇ ਸੜਕਾਂ ਦਾ ਨਵੀਨੀਕਰਨ ਕਰਵਾਉਣ ਵਰਗੇ ਕੰਮ ਵੀ ਕਰਵਾਏ ਗਏ। ਰਾਕੇਸ਼ ਕੁਮਾਰ ‘ਘੋਚਾ’ ਨੇ ਕਿਹਾ ਕਿ ਕਿਸੇ ਵੀ ਸ਼ਹਿਰ ਦੀ ਤਰੱਕੀ ਲਈ ਮਜ਼ਬੂਤ ਬੁਨਿਆਦੀ ਢਾਂਚਾ ਬੇਹੱਦ ਜ਼ਰੂਰੀ ਹੁੰਦਾ ਹੈ। ਸਿਹਤ, ਸਿੱਖਿਆ, ਆਵਾਜਾਈ, ਬਿਜਲੀ, ਪਾਣੀ ਅਤੇ ਸਾਫ਼-ਸਫ਼ਾਈ ਵਰਗੀਆਂ ਸਹੂਲਤਾਂ ਸ਼ਹਿਰ ਵਾਸੀਆਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਆਖਿਆ ਕਿ ਜੈਤੋ ਵਿੱਚ ਅਕਾਲੀ ਸਰਕਾਰਾਂ ਦੇ ਸਮੇਂ ਕਰਵਾਏ ਗਏ ਇਨ੍ਹਾਂ ਵਿਕਾਸ ਕਾਰਜਾਂ ਦਾ ਸ਼ਹਿਰ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ।