- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਂਦਰ ਜਟਾਣਾ 'ਚ ਸੂਬਾ ਪੱਧਰੀ ਵਾਲੀਵਾਲ ਮੁਕਾਬਲਿਆਂ ਦਾ ਆਗਾਜ਼, 28 ਟੀਮਾਂ ਦਿਖਾਉਣਗੀਆਂ ਖੇਡ ਪ੍ਰਤਿਭਾ

ਸਪੀਕਰ ਸੰਧਵਾਂ ਨੇ ਖਿਡਾਰਣਾਂ ਨੂੰ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਲਈ ਕੀਤਾ ਪ੍ਰੇਰਿਤ
ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਪਿੰਡ ਵਾਂਦਰ ਜਟਾਣਾ ਦੇ ਖੇਡ ਮੈਦਾਨ ਵਿੱਚ ਜਦੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੀਆਂ ਖਿਡਾਰਣਾਂ ਨੇ ਵਾਲੀਵਾਲ ਦੇ ਮੈਦਾਨ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਸ਼ੁਰੂ ਕੀਤਾ ਤਾਂ ਮਾਹੌਲ ਖੇਡ ਭਾਵਨਾ ਅਤੇ ਉਤਸ਼ਾਹ ਨਾਲ ਭਰ ਗਿਆ। ਮੌਕਾ ਸੀ 70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਤਹਿਤ ਅੰਡਰ-17 ਲੜਕੀਆਂ ਦੇ ਰਾਜ ਪੱਧਰੀ ਵਾਲੀਵਾਲ ਮੁਕਾਬਲਿਆਂ ਦੇ ਆਗਾਜ਼ ਦਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਵਿਖੇ ਕਰਵਾਏ ਉਦਘਾਟਨੀ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰਣਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸੰਧਵਾਂ ਨੇ ਕਿਹਾ ਕਿ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਸਫਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਦੀ ਲੋੜ ਹੁੰਦੀ ਹੈ। ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਵਿੱਚ ਪੰਜਾਬ ਦੇ ਬੱਚਿਆਂ ਨੂੰ ਅੱਗੇ ਵਧਦਿਆਂ ਦੇਖ ਕੇ ਇਹ ਉਮੀਦ ਮਜ਼ਬੂਤ ਹੁੰਦੀ ਹੈ ਕਿ ਸੂਬਾ ਮੁੜ ਖੇਡਾਂ ਦੇ ਖੇਤਰ ਵਿੱਚ ਆਪਣੀ ਪੁਰਾਣੀ ਪਛਾਣ ਹਾਸਲ ਕਰੇਗਾ। ਉਨ੍ਹਾਂ ਖਾਸ ਤੌਰ 'ਤੇ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਟੀਚੇ ਮਿੱਥ ਕੇ ਮਿਹਨਤ ਕਰਨ ਅਤੇ ਕਿਸੇ ਵੀ ਚੁਣੌਤੀ ਤੋਂ ਘਬਰਾਉਣ ਨਾ। ਪੰਜਾਬ ਸਰਕਾਰ ਖਿਡਾਰੀਆਂ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਸਹਿਯੋਗ ਦੇਣ ਵਾਸਤੇ ਵਚਨਬੱਧ ਹੈ। ਉਨ੍ਹਾਂ ਥਰਮਾਕੋਲ ਦੀ ਰਸਮ ਅਦਾ ਕਰਕੇ ਮੁਕਾਬਲਿਆਂ ਦੀ ਸ਼ੁਰੂਆਤ ਦਾ ਐਲਾਨ ਕੀਤਾ ਅਤੇ ਪਹਿਲੇ ਮੈਚਾਂ ਦੌਰਾਨ ਖਿਡਾਰਣਾਂ ਨਾਲ ਜਾਣ-ਪਛਾਣ ਕਰਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਅਤੇ ਪੰਜ ਖੇਡ ਵਿੰਗਾਂ ਦੀਆਂ ਕੁੱਲ 28 ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਸ਼ੁਰੂਆਤੀ ਪੜਾਅ ਵਿੱਚ ਤਰਨਤਾਰਨ, ਬਠਿੰਡਾ, ਸਾਈ ਬਾਦਲ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਨੇ ਆਪਣੇ ਵਿਰੋਧੀਆਂ ਨੂੰ ਹਰਾਉਂਦਿਆਂ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਜਗ੍ਹਾ ਬਣਾਈ। ਸਿੱਖਿਆ ਵਿਭਾਗ ਵੱਲੋਂ ਖਿਡਾਰਣਾਂ ਦੇ ਰਹਿਣ-ਸਹਿਣ ਅਤੇ ਖੇਡ ਪ੍ਰਬੰਧਾਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਜਨਾ ਕੌਂਸਲ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮਹਿਮਾਨਾਂ, ਖਿਡਾਰਣਾਂ, ਕੋਚਾਂ, ਟੀਮ ਮੈਨੇਜਰਾਂ ਅਤੇ ਸਹਿਯੋਗੀਆਂ ਦਾ ਸਵਾਗਤ ਕੀਤਾ। ਉਨ੍ਹਾਂ ਫ਼ਰੀਦਕੋਟ ਜ਼ਿਲ੍ਹੇ ਦੀਆਂ ਖੇਡ ਖੇਤਰ ਵਿੱਚ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਸੱਭਿਆਚਾਰਕ ਪੇਸ਼ਕਾਰੀਆਂ ਨੇ ਬੰਨ੍ਹਿਆ ਰੰਗ
ਖੇਡ ਮੁਕਾਬਲਿਆਂ ਦੀ ਸ਼ੁਰੂਆਤ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਸਹੁੰ ਚੁਕਾਈ। ਵਿਦਿਆਰਥਣ ਆਸ਼ੂ ਨੇ ਪੰਜਾਬੀ ਗੀਤ ਪੇਸ਼ ਕੀਤਾ, ਜਦਕਿ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਗਿੱਧੇ ਨੇ ਸਮਾਗਮ ਨੂੰ ਸੱਭਿਆਚਾਰਕ ਰੰਗਤ ਦਿੱਤੀ। ਇਸ ਮੌਕੇ ਬਲਾਕ ਕੋਟਕਪੂਰਾ ਦੇ ਨੋਡਲ ਅਫ਼ਸਰ ਪ੍ਰਿੰਸੀਪਲ ਕੁਲਵਿੰਦਰ ਸਿੰਘ, ਬਲਾਕ ਫ਼ਰੀਦਕੋਟ-3 ਦੀ ਨੋਡਲ ਅਫ਼ਸਰ ਪ੍ਰਿੰਸੀਪਲ ਰਾਜਵਿੰਦਰ ਕੌਰ, ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹੈੱਡਮਾਸਟਰ ਬਲਵਿੰਦਰ ਸਿੰਘ, ਸਰਪੰਚ ਕੌਰ ਸਿੰਘ, ਸਰਪੰਚ ਲਛਮਣ ਸਿੰਘ, ਸਰਪੰਚ ਮਹਿੰਦਰ ਸਿੰਘ, ਬੂਟਾ ਸਿੰਘ ਢਿੱਲੋਂ, ਪ੍ਰਗਟ ਸਿੰਘ, ਗੁਰਤੇਜ ਸਿੰਘ ਬੱਬੀ, ਸ਼ੰਮੀ ਜਟਾਣਾ, ਗੁਰਚਰਨ ਸਿੰਘ ਅਤੇ ਪਰਮਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਲੈਕਚਰਾਰ ਨਵਪ੍ਰੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਕੀਤਾ। ਮੁਕਾਬਲਿਆਂ ਨੂੰ ਸਫਲ ਬਣਾਉਣ ਵਿੱਚ ਸਰੀਰਕ ਸਿੱਖਿਆ ਅਧਿਆਪਕਾਂ, ਟੂਰਨਾਮੈਂਟ ਕਮੇਟੀ ਦੇ ਮੈਂਬਰਾਂ, ਪਿੰਡ ਵਾਸੀਆਂ ਅਤੇ ਸਕੂਲ ਸਟਾਫ਼ ਨੇ ਅਹਿਮ ਭੂਮਿਕਾ ਨਿਭਾਈ।