- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਨਾਲ ਬੱਚਿਆਂ ਵਿੱਚ ਅਨੁਸ਼ਾਸਨ, ਟੀਮ ਵਰਕ ਤੇ ਆਤਮ-ਵਿਸ਼ਵਾਸ ਵਧਦਾ ਹੈ : ਵਿਧਾਇਕ ਅਮੋਲਕ ਸਿੰਘ

ਖੇਡਾਂ ਨਾਲ ਬੱਚਿਆਂ ’ਚ ਅਨੁਸ਼ਾਸਨ, ਟੀਮ ਵਰਕ ਤੇ ਆਤਮ-ਵਿਸ਼ਵਾਸ ਵਧਦਾ ਹੈ : ਵਿਧਾਇਕ ਅਮੋਲਕ ਸਿੰਘ
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਸਰਕਾਰ ਦੇ 'ਖੇਡਦਾ ਪੰਜਾਬ ਮਿਸ਼ਨ' ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਾਇਮਰੀ ਸਕੂਲਾਂ ਦੀਆਂ 70ਵੀਆਂ ਤਿੰਨ ਰੋਜ਼ਾ ਸਾਲਾਨਾ ਖੇਡਾਂ ਦਾ ਸ਼ਾਨਦਾਰ ਆਗਾਜ਼ ਫਰੀਡਮ ਫਾਈਟਰ ਮਾਸਟਰ ਕਰਤਾ ਰਾਮ ਸੇਵਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਬੜੇ ਉਤਸ਼ਾਹ ਅਤੇ ਉਤਸ਼ਾਹਪੂਰਨ ਮਾਹੌਲ ਵਿੱਚ ਹੋਇਆ। ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰੰਗ-ਬਿਰੰਗੇ ਗੁਬਾਰੇ ਅਸਮਾਨ ਵਿੱਚ ਛੱਡ ਕੇ ਖੇਡ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਖਿਡਾਰੀ ਬੱਚਿਆਂ ਦੇ ਚਿਹਰਿਆਂ 'ਤੇ ਉਤਸ਼ਾਹ, ਜੋਸ਼ ਅਤੇ ਖੇਡ ਭਾਵਨਾ ਸਾਫ਼ ਝਲਕ ਰਹੀ ਸੀ। ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਮੈਡਮ ਅੰਜਨਾ ਕੌਸ਼ਲ ਨੇ ਕੀਤੀ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਬੀ.ਪੀ.ਈ.ਓ. ਕੋਟਕਪੂਰਾ ਸੁਰਜੀਤ ਸਿੰਘ, ਬੀ.ਪੀ.ਈ.ਓ. ਬਲਾਕ ਫ਼ਰੀਦਕੋਟ-2 ਸੁਸ਼ੀਲ ਆਹੂਜਾ ਅਤੇ ਬੀ.ਪੀ.ਈ.ਓ. ਬਲਾਕ ਫ਼ਰੀਦਕੋਟ-3 ਭਰਪੂਰ ਸਿੰਘ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਨਗਰ ਕੌਂਸਲ ਜੈਤੋ ਦੀ ਪ੍ਰਧਾਨ ਨਿਰਮਲਾ ਦੇਵੀ ਗਰਗ ਨੇ ਵੀ ਵਿਸ਼ੇਸ਼ ਤੌਰ 'ਤੇ ਸਮਾਗਮ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਮੁੱਖ ਪ੍ਰਬੰਧਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੈਤੋ ਅਤੇ ਖੇਡ ਪ੍ਰਬੰਧਕ ਜਗਤਾਰ ਸਿੰਘ ਮਾਨ, ਪ੍ਰਿੰਸੀਪਲ ਇੰਚਾਰਜ ਮਿਲਨਦੀਪ ਕੌਰ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਮੀਤ ਪ੍ਰਧਾਨ ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’, ਸਾਬਕਾ ਬੀ.ਪੀ.ਈ.ਓ. ਦਲਬੀਰ ਸਿੰਘ ਜੀਦਾ, ਕੌਂਸਲਰ ਨਰਿੰਦਰਪਾਲ ਸਿੰਘ ਰਾਮੇਆਣਾ, ਸਾਬਕਾ ਹੈੱਡ ਟੀਚਰ ਗੇਜ ਰਾਮ ਭੌਰਾ, ਸੇਵਾਮੁਕਤ ਸੀ.ਐੱਚ.ਟੀ. ਦਰਸ਼ਨ ਸਿੰਘ, ਸੇਵਾਮੁਕਤ ਅਧਿਆਪਕ ਜੋਰਾ ਸਿੰਘ, ਸੇਵਾਮੁਕਤ ਅਧਿਆਪਕ ਕੁਲਦੀਪ ਸਿੰਘ ਸਹਿਦੇਵ, ਹੋਰ ਸੇਵਾਮੁਕਤ ਅਧਿਆਪਕ ਸਮੇਤ ਵੱਡੀ ਗਿਣਤੀ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀ, ਅਧਿਆਪਕ ਅਤੇ ਪਤਵੰਤੇ ਹਾਜ਼ਰ ਸਨ।
ਦਾਨੀ ਸੱਜਣਾਂ ਵੱਲੋਂ ਖਿਡਾਰੀਆਂ ਲਈ ਖੁੱਲ੍ਹੇ ਦਿਲ ਨਾਲ ਸਹਿਯੋਗ
ਖੇਡਾਂ ਨੂੰ ਸਫ਼ਲ ਬਣਾਉਣ ਅਤੇ ਨੰਨ੍ਹੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਇਲਾਕੇ ਦੇ ਦਾਨੀ ਸੱਜਣਾਂ ਵੱਲੋਂ ਵੀ ਸ਼ਲਾਘਾਯੋਗ ਯੋਗਦਾਨ ਪਾਇਆ ਗਿਆ। ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਲਈ ਇਨਾਮਾਂ ਦਾ ਪ੍ਰਬੰਧ ਕਰਨੈਲ ਸਿੰਘ ਸੋਲੰਕੀ ਬਰਗਾੜੀ ਦੇ ਪਰਿਵਾਰ ਵੱਲੋਂ ਕੀਤਾ ਗਿਆ। ਇਸੇ ਤਰ੍ਹਾਂ ਖਿਡਾਰੀਆਂ ਅਤੇ ਖੇਡਾਂ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਲੰਗਰ ਸੇਵਾ ਦੇ ਉਦੇਸ਼ ਨਾਲ ਹਰਜਿੰਦਰ ਸਿੰਘ ਬਰਾੜ ਟਹਿਣਾ ਵੱਲੋਂ ਆਪਣੀ ਧਰਮ ਪਤਨੀ ਸਵਰਗਵਾਸੀ ਮੈਡਮ ਰਾਣੀ ਬਾਲਾ ਦੀ ਯਾਦ ਵਿੱਚ 21 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਮੁੱਖ ਮਹਿਮਾਨ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਇਨ੍ਹਾਂ ਦਾਨੀ ਸੱਜਣਾਂ ਅਤੇ ਹੋਰ ਸਹਿਯੋਗੀਆਂ ਦੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਖੇਡਾਂ ਨਸ਼ਾਮੁਕਤ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦਾ ਮਜ਼ਬੂਤ ਆਧਾਰ : ਵਿਧਾਇਕ ਅਮੋਲਕ ਸਿੰਘ
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸੁਪਨਾ ਇੱਕ ਨਸ਼ਾ ਮੁਕਤ, ਤੰਦਰੁਸਤ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨਾ ਹੈ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਬੱਚਿਆਂ ਨੂੰ ਮੁੱਢਲੇ ਪੱਧਰ ਤੋਂ ਹੀ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਢੁੱਕਵੇਂ ਮੌਕੇ ਅਤੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਹੀ ਨਹੀਂ, ਸਗੋਂ ਇਹ ਬੱਚਿਆਂ ਅੰਦਰ ਅਨੁਸ਼ਾਸਨ, ਸਹਿਣਸ਼ੀਲਤਾ, ਆਪਸੀ ਸਾਂਝ, ਟੀਮ ਭਾਵਨਾ ਅਤੇ ਮੁਕਾਬਲੇ ਦੀ ਸਿਹਤਮੰਦ ਰੁਚੀ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਖੇਡਾਂ ਵਿੱਚ ਸ਼ਮੂਲੀਅਤ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਵੀ ਉਤਸ਼ਾਹਿਤ ਕਰਨ।
ਅਨੁਸ਼ਾਸਨ, ਏਕਤਾ ਤੇ ਸਿੱਖਣ ਦੀ ਲਗਨ ਹੀ ਸਫ਼ਲਤਾ ਦੀ ਕੁੰਜੀ : ਜਗਤਾਰ ਸਿੰਘ ਮਾਨ
ਇਸ ਤੋਂ ਪਹਿਲਾਂ ਆਪਣੇ ਸਵਾਗਤੀ ਸੰਬੋਧਨ ਵਿੱਚ ਬੀ.ਪੀ.ਈ.ਓ. ਜੈਤੋ ਅਤੇ ਖੇਡ ਪ੍ਰਬੰਧਕ ਜਗਤਾਰ ਸਿੰਘ ਮਾਨ ਨੇ ਮੁੱਖ ਮਹਿਮਾਨ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ, ਸਮੂਹ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਸਮਾਗਮ ਵਿੱਚ ਪਹੁੰਚਣ 'ਤੇ ਧੰਨਵਾਦ ਕੀਤਾ। ਉਨ੍ਹਾਂ ਤਿੰਨ ਰੋਜ਼ਾ ਖੇਡ ਮੁਕਾਬਲਿਆਂ ਦੇ ਪ੍ਰਬੰਧਾਂ ਅਤੇ ਵੱਖ-ਵੱਖ ਖੇਡਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਏਕਤਾ, ਅਨੁਸ਼ਾਸਨ, ਆਤਮ-ਸਨਮਾਨ ਅਤੇ ਨਿਰੰਤਰ ਸਿੱਖਣ ਦੀ ਲਗਨ ਬੇਹੱਦ ਜ਼ਰੂਰੀ ਹੈ। ਜਿਹੜੇ ਵਿਅਕਤੀ ਇਨ੍ਹਾਂ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦੇ ਹਨ, ਉਹ ਹਮੇਸ਼ਾ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਅਤੇ ਜਿੱਤ-ਹਾਰ ਨੂੰ ਖੇਡ ਦਾ ਅਟੁੱਟ ਹਿੱਸਾ ਸਮਝਣ ਦਾ ਸੁਨੇਹਾ ਦਿੱਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਮੈਡਮ ਅੰਜਨਾ ਕੌਸ਼ਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਵਿੱਚ ਤਰੱਕੀ ਕਰਨ ਲਈ ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਬਹੁਤ ਮਹੱਤਵਪੂਰਨ ਹੁੰਦੀ ਹੈ। ਇਹ ਗੁਣ ਖੇਡਾਂ ਵਿੱਚ ਭਾਗ ਲੈਣ ਨਾਲ ਬੱਚਿਆਂ ਦੇ ਅੰਦਰ ਸੁਭਾਵਿਕ ਤੌਰ 'ਤੇ ਵਿਕਸਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਅਜਿਹੇ ਖੇਡ ਸਮਾਗਮ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ।
ਪਹਿਲੇ ਦਿਨ ਵੱਖ-ਵੱਖ ਖੇਡਾਂ ਵਿੱਚ ਪੰਜ ਬਲਾਕਾਂ ਦੇ ਖਿਡਾਰੀਆਂ ਨੇ ਦਿਖਾਇਆ ਦਮਖਮ
ਤਿੰਨ ਰੋਜ਼ਾ ਖੇਡ ਮੇਲੇ ਦੇ ਪਹਿਲੇ ਦਿਨ ਖੋ-ਖੋ, ਨੈਸ਼ਨਲ ਸਟਾਈਲ ਕਬੱਡੀ, ਹੈਂਡਬਾਲ, ਸ਼ਤਰੰਜ ਅਤੇ ਜਿਮਨਾਸਟਿਕ ਸਮੇਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਫ਼ਰੀਦਕੋਟ ਦੇ ਪੰਜ ਬਲਾਕਾਂ ਦੀਆਂ ਟੀਮਾਂ ਨੇ ਪੂਰੇ ਜੋਸ਼, ਜਜ਼ਬੇ ਅਤੇ ਖੇਡ ਭਾਵਨਾ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨੰਨ੍ਹੇ ਖਿਡਾਰੀਆਂ ਨੇ ਮੈਦਾਨ ਵਿੱਚ ਆਪਣੀ ਫੁਰਤੀ, ਮਿਹਨਤ, ਹੁਨਰ ਅਤੇ ਜਿੱਤਣ ਦੇ ਜਜ਼ਬੇ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਖੇਡਾਂ ਦੇ ਸੁਚੱਜੇ ਪ੍ਰਬੰਧਾਂ ਲਈ ਵੱਖ-ਵੱਖ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਵੱਲੋਂ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਈਆਂ ਗਈਆਂ। ਸਮੁੱਚੇ ਪ੍ਰਬੰਧਾਂ ਦੀ ਅਗਵਾਈ ਖੇਡ ਕਨਵੀਨਰ ਜਗਤਾਰ ਸਿੰਘ ਮਾਨ ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ। ਇਹ ਖੇਡ ਸਮਾਗਮ ਜਿੱਥੇ ਬੱਚਿਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ, ਉੱਥੇ ਹੀ ਉਨ੍ਹਾਂ ਅੰਦਰ ਆਪਸੀ ਸਾਂਝ, ਭਾਈਚਾਰਕ ਸਾਂਝ, ਅਨੁਸ਼ਾਸਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਵੀ ਮਜ਼ਬੂਤ ਕਰ ਰਿਹਾ ਹੈ। ਸਕੂਲੀ ਪੱਧਰ ਤੋਂ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵੱਲ ਇਹ ਉਪਰਾਲਾ ਨਿਸ਼ਚਿਤ ਤੌਰ 'ਤੇ ਇੱਕ ਸ਼ਲਾਘਾਯੋਗ ਕਦਮ ਹੈ।