- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਆਰਟੀਸੀ ਬੱਸ ਦੀ ਟੱਕਰ ਨਾਲ ਨਰਸਿੰਗ ਵਿਦਿਆਰਥਣ ਗੰਭੀਰ ਜ਼ਖ਼ਮੀ, ਫਰੀਦਕੋਟ ਰੈਫਰ

ਜਗਮੀਤ ਸਿੰਘ, ਪੰਜਾਬੀ ਜਾਗਰਣ, ਕੋਟਕਪੂਰਾ : ਕੋਟਕਪੂਰਾ ਦੇ ਫਰੀਦਕੋਟ ਰੋਡ ’ਤੇ ਬੁੱਧਵਾਰ ਸਵੇਰੇ ਪੀਆਰਟੀਸੀ ਦੀ ਬੱਸ ਅਤੇ ਸਕੂਟੀ ਵਿਚਕਾਰ ਹੋਈ ਟੱਕਰ ਦੌਰਾਨ ਨਰਸਿੰਗ ਦੀ ਵਿਦਿਆਰਥਣ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਸੜਕ ’ਤੇ ਇਕੱਠੇ ਹੋਏ ਲੋਕਾਂ ਨੇ ਤੁਰੰਤ ਵਿਦਿਆਰਥਣ ਨੂੰ ਸਿਵਲ ਹਸਪਤਾਲ ਕੋਟਕਪੂਰਾ ਪਹੁੰਚਾਇਆ, ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ। ਜ਼ਖ਼ਮੀ ਵਿਦਿਆਰਥਣ ਦੀ ਪਛਾਣ ਜਸ਼ਨਪ੍ਰੀਤ ਕੌਰ ਪੁੱਤਰੀ ਸੁਖਜਿੰਦਰ ਸਿੰਘ ਵਾਸੀ ਭਦੌੜ, ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਉਹ ਕੋਟਕਪੂਰਾ ਦੇ ਬਾਬਾ ਫਰੀਦ ਨਰਸਿੰਗ ਕਾਲਜ ਵਿੱਚ ਜੀਐੱਨਐੱਮ ਦੀ ਪੜ੍ਹਾਈ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇਨ੍ਹੀਂ ਦਿਨੀਂ ਪਿੰਡ ਢਾਬ ਗੁਰੂ ਕੀ ਵਿਖੇ ਆਪਣੇ ਮਾਮਾ ਰਣਜੀਤ ਸਿੰਘ ਦੇ ਘਰ ਰਹਿ ਰਹੀ ਸੀ ਅਤੇ ਰੋਜ਼ਾਨਾ ਸਕੂਟੀ ਰਾਹੀਂ ਕਾਲਜ ਆਉਂਦੀ-ਜਾਂਦੀ ਸੀ। ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਵੀ ਜਸ਼ਨਪ੍ਰੀਤ ਕੌਰ ਆਪਣੀ ਸਕੂਟੀ ’ਤੇ ਸਵਾਰ ਹੋ ਕੇ ਕਾਲਜ ਜਾ ਰਹੀ ਸੀ। ਜਦੋਂ ਉਹ ਫਰੀਦਕੋਟ ਰੋਡ ’ਤੇ ਗਾਂਧੀ ਗਰਲਜ਼ ਕਾਲਜ ਦੇ ਨੇੜੇ ਪਹੁੰਚੀ ਤਾਂ ਪਿੱਛੋਂ ਆ ਰਹੀ ਪੀਆਰਟੀਸੀ ਦੀ ਬੱਸ ਨੇ ਉਸ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਵਿਦਿਆਰਥਣ ਸੜਕ ’ਤੇ ਡਿੱਗ ਪਈ ਅਤੇ ਉਸ ਦੇ ਕਾਫ਼ੀ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਤੁਰੰਤ ਮਦਦ ਕਰਦਿਆਂ ਉਸ ਨੂੰ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਲਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਬੱਸ ਅਤੇ ਸਕੂਟੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਉਪਰੰਤ ਮਾਮਲੇ ਵਿੱਚ ਬਣਦੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।