ਦਿਮਾਗੀ ਦੌਰੇ ਦੇ ਲੱਛਣ ਪਛਾਣ ਕੇ ਮਰੀਜ਼ ਨੂੰ ਤੁਰੰਤ ਹਸਪਤਾਲ ਪਹੁੰਚਾਓ : ਡਾ. ਵਰਿੰਦਰ ਕੁਮਾਰ ਦਿਮਾਗੀ ਦੌਰੇ ਦੇ ਲੱਛਣ ਪਛਾਣ ਕੇ ਮਰੀਜ਼ ਨੂੰ ਤੁਰੰਤ ਹਸਪਤਾਲ ਪਹੁੰਚਾਓ : ਡਾ. ਵਰਿੰਦਰ ਕੁਮਾਰ
Publish Date: Wed, 04 Nov 2026 03:42 PM (IST)
Updated Date: Wed, 04 Nov 2026 03:44 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਵਰਿੰਦਰ ਕੁਮਾਰ ਨੇ ਲੋਕਾਂ ਨੂੰ ਦਿਮਾਗੀ ਦੌਰੇ (ਸਟ੍ਰੋਕ) ਦੇ ਲੱਛਣਾਂ ਪ੍ਰਤੀ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ ਬਿਲਕੁਲ ਵੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਮਰੀਜ਼ ਨੂੰ ਤੁਰੰਤ ਐਮਰਜੈਂਸੀ ਸਿਹਤ ਸਹੂਲਤਾਂ ਵਾਲੇ ਹਸਪਤਾਲ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਸਟ੍ਰੋਕ ਇੱਕ ਗੰਭੀਰ ਮੈਡੀਕਲ ਐਮਰਜੈਂਸੀ ਹੈ, ਜਿਸ ਵਿੱਚ ਹਰ ਮਿੰਟ ਬੇਹੱਦ ਕੀਮਤੀ ਹੁੰਦਾ ਹੈ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਦਿਮਾਗੀ ਦੌਰਾ ਉਦੋਂ ਪੈਂਦਾ ਹੈ, ਜਦੋਂ ਦਿਮਾਗ ਦੇ ਕਿਸੇ ਹਿੱਸੇ ਤੱਕ ਖ਼ੂਨ ਅਤੇ ਆਕਸੀਜਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਦਿਮਾਗ ਦੀ ਕੋਈ ਨਾੜੀ ਫਟਣ ਕਾਰਨ ਖ਼ੂਨ ਵਗਣ ਲੱਗ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਦਿਮਾਗ ਦੇ ਸੈੱਲ ਤੇਜ਼ੀ ਨਾਲ ਨੁਕਸਾਨੇ ਜਾਣ ਲੱਗਦੇ ਹਨ, ਜਿਸ ਕਾਰਨ ਮਰੀਜ਼ ਨੂੰ ਲਕਵਾ, ਬੋਲਣ ਜਾਂ ਸਮਝਣ ਵਿੱਚ ਮੁਸ਼ਕਲ ਅਤੇ ਸਰੀਰਕ ਅਪੰਗਤਾ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਟ੍ਰੋਕ ਦੇ ਮੁੱਖ ਲੱਛਣਾਂ ਵਿੱਚ ਅਚਾਨਕ ਚਿਹਰਾ ਟੇਢਾ ਹੋ ਜਾਣਾ, ਸਰੀਰ ਦੇ ਇੱਕ ਪਾਸੇ ਬਾਂਹ ਜਾਂ ਲੱਤ ਵਿੱਚ ਕਮਜ਼ੋਰੀ ਜਾਂ ਸੁੰਨਪਣ ਮਹਿਸੂਸ ਹੋਣਾ, ਬੋਲਣ ਵਿੱਚ ਮੁਸ਼ਕਲ ਆਉਣਾ ਅਤੇ ਦੂਜਿਆਂ ਦੀਆਂ ਗੱਲਾਂ ਸਮਝਣ ਵਿੱਚ ਦਿੱਕਤ ਹੋਣਾ ਸ਼ਾਮਲ ਹਨ। ਇਸ ਤੋਂ ਇਲਾਵਾ ਅਚਾਨਕ ਨਜ਼ਰ ਘਟਣਾ ਜਾਂ ਧੁੰਦਲੀ ਹੋਣਾ, ਤੁਰਨ ਸਮੇਂ ਸੰਤੁਲਨ ਵਿਗੜਨਾ, ਚੱਕਰ ਆਉਣਾ ਅਤੇ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਬਹੁਤ ਤੇਜ਼ ਸਿਰਦਰਦ ਹੋਣਾ ਵੀ ਸਟ੍ਰੋਕ ਦੇ ਸੰਕੇਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਅਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਐਂਬੂਲੈਂਸ ਸੇਵਾ 108 ਜਾਂ ਸਥਾਨਕ ਐਮਰਜੈਂਸੀ ਸੇਵਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਮਰੀਜ਼ ਨੂੰ ਘਰੇਲੂ ਇਲਾਜ ਜਾਂ ਆਪਣੇ ਆਪ ਠੀਕ ਹੋਣ ਦੀ ਉਡੀਕ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਲੱਛਣ ਸ਼ੁਰੂ ਹੋਣ ਦਾ ਸਮਾਂ ਵੀ ਯਾਦ ਰੱਖਣਾ ਚਾਹੀਦਾ ਹੈ, ਕਿਉਂਕਿ ਇਹ ਇਲਾਜ ਲਈ ਮਹੱਤਵਪੂਰਨ ਹੁੰਦਾ ਹੈ। ਸਟ੍ਰੋਕ ਦੇ ਖ਼ਤਰੇ ਦੇ ਕਾਰਨਾਂ ਬਾਰੇ ਉਨ੍ਹਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਤੰਬਾਕੂ ਅਤੇ ਸ਼ਰਾਬ ਦਾ ਸੇਵਨ, ਮੋਟਾਪਾ, ਸਰੀਰਕ ਕਸਰਤ ਦੀ ਘਾਟ ਅਤੇ ਗ਼ੈਰ-ਸਿਹਤਮੰਦ ਜੀਵਨਸ਼ੈਲੀ ਇਸ ਦੇ ਖ਼ਤਰੇ ਨੂੰ ਵਧਾ ਸਕਦੇ ਹਨ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਨਿਯਮਤ ਜਾਂਚ ਕਰਵਾਉਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਟ੍ਰੋਕ ਦੀ ਸਮੇਂ ਸਿਰ ਪਛਾਣ ਅਤੇ ਢੁੱਕਵਾਂ ਇਲਾਜ ਮਰੀਜ਼ ਦੀ ਜਾਨ ਬਚਾਉਣ ਦੇ ਨਾਲ-ਨਾਲ ਲੰਬੇ ਸਮੇਂ ਦੀ ਅਪੰਗਤਾ ਦੇ ਖ਼ਤਰੇ ਨੂੰ ਵੀ ਘਟਾ ਸਕਦਾ ਹੈ।