ਉੱਦਮ ਕਲੱਬ ਜੈਤੋ ਦੀ ਨਰਸਰੀ ’ਚ ਫਲਾਵਰਮੈਨ ਡਾ. ਰਾਮਜੀ ਜੈਮਲ ਦਾ ਸਨਮਾਨ ਉੱਦਮ ਕਲੱਬ ਜੈਤੋ ਦੀ ਨਰਸਰੀ ਵਿਖੇ ਫਲਾਵਰਮੈਨ ਡਾ. ਰਾਮਜੀ ਜੈਮਲ ਦਾ ਨਿੱਘਾ ਸਵਾਗਤ ਤੇ ਵਿਸ਼ੇਸ਼ ਸਨਮਾਨ
Publish Date: Wed, 04 Nov 2026 03:40 PM (IST)
Updated Date: Wed, 04 Nov 2026 03:41 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਉੱਦਮ ਕਲੱਬ ਜੈਤੋ ਵੱਲੋਂ ਵਾਤਾਵਰਨ ਦੀ ਸੰਭਾਲ ਅਤੇ ਸ਼ਹਿਰ ਨੂੰ ਹਰਿਆ-ਭਰਿਆ ਤੇ ਸੁੰਦਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਕਲੱਬ ਦੀ ਨਰਸਰੀ ਵਿਖੇ ਸਿਰਸਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਸਿੱਧ ਫਲਾਵਰਮੈਨ ਡਾ. ਰਾਮਜੀ ਜੈਮਲ ਦਾ ਕਲੱਬ ਦੀ ਸਮੁੱਚੀ ਕਮੇਟੀ ਅਤੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਰਾਮਜੀ ਜੈਮਲ ਨੇ ਉੱਦਮ ਕਲੱਬ ਦੀ ਨਰਸਰੀ ਵਿਖੇ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੇ ਬੀਜ ਬੀਜੇ ਅਤੇ ਫੁੱਲਾਂ ਦੀ ਕਾਸ਼ਤ, ਬੂਟਿਆਂ ਦੀ ਸੰਭਾਲ, ਉਨ੍ਹਾਂ ਦੇ ਵਿਕਾਸ ਅਤੇ ਸਹੀ ਢੰਗ ਨਾਲ ਦੇਖਭਾਲ ਕਰਨ ਸਬੰਧੀ ਆਪਣੇ ਲੰਮੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਕਿਸਮਾਂ ਦੇ ਫੁੱਲਾਂ ਨਾਲ ਨਰਸਰੀ ਦੀ ਸੁੰਦਰਤਾ ਵਿੱਚ ਵੱਡਾ ਵਾਧਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੌਸਮ ਅਨੁਸਾਰ ਫੁੱਲਾਂ ਦੀ ਚੋਣ, ਬੀਜਾਂ ਦੀ ਬਿਜਾਈ ਅਤੇ ਪੌਦਿਆਂ ਦੀ ਸਾਂਭ-ਸੰਭਾਲ ਸਬੰਧੀ ਵੀ ਲਾਹੇਵੰਦ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫੁੱਲ ਅਤੇ ਬੂਟੇ ਕੁਦਰਤ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਹਨ। ਇਨ੍ਹਾਂ ਦੀ ਸੰਭਾਲ ਕਰਨਾ ਸਿਰਫ਼ ਸ਼ੌਕ ਹੀ ਨਹੀਂ, ਸਗੋਂ ਵਾਤਾਵਰਨ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਨੇ ਨਰਸਰੀ ਨੂੰ ਹੋਰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਆਪਣੇ ਸੁਝਾਅ ਵੀ ਦਿੱਤੇ। ਇਸ ਮੌਕੇ ਉੱਦਮ ਕਲੱਬ ਦੇ ਅਹੁਦੇਦਾਰਾਂ ਵੱਲੋਂ ਡਾ. ਰਾਮਜੀ ਜੈਮਲ ਦੇ ਯੋਗਦਾਨ ਅਤੇ ਆਮਦ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਗੁਰਜੰਗ ਸਿੰਘ, ਚੇਅਰਮੈਨ ਰੇਸ਼ਮ ਸਿੰਘ ਬਰਾੜ, ਸਕੱਤਰ ਮਾਸਟਰ ਸਵਰਨ ਸਿੰਘ, ਕੈਸ਼ੀਅਰ ਬਲਜੀਤ ਸਿੰਘ, ਸਤਪਾਲ ਸਦਿਓੜਾ, ਐੱਸ.ਕੇ. ਗਰਗ (ਗਰਗ ਬੂਟ ਹਾਊਸ), ਅਮਨਦੀਪ ਸਿੰਘ, ਗੁਰਸਾਹਿਬ ਸਿੰਘ ਲਾਡੀ, ਮਾਸਟਰ ਸੁਰਿੰਦਰਪਾਲ ਸਿੰਘ ਝੱਖੜਵਾਲਾ, ਪਰਮੋਦ ਧੀਰ, ਡਾ. ਈਸ਼ਵਰ ਲਾਲ, ਅਮਨਦੀਪ ਸਿੰਘ ਅੰਮਨਾ, ਡਾ. ਤਰਸੇਮ ਸਿੰਘ ਸੇਖੋਂ ਅਤੇ ਜਗਜੀਤ ਸਿੰਘ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ। ਕਲੱਬ ਦੇ ਪ੍ਰਧਾਨ ਗੁਰਜੰਗ ਸਿੰਘ ਅਤੇ ਚੇਅਰਮੈਨ ਰੇਸ਼ਮ ਸਿੰਘ ਬਰਾੜ ਨੇ ਕਿਹਾ ਕਿ ਉੱਦਮ ਕਲੱਬ ਵੱਲੋਂ ਵਾਤਾਵਰਨ ਦੀ ਸੰਭਾਲ, ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹੇ ਉਪਰਾਲਿਆਂ ਨਾਲ ਲੋਕਾਂ ਵਿੱਚ ਕੁਦਰਤ ਪ੍ਰਤੀ ਪਿਆਰ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਹੁੰਦੀ ਹੈ।