ਉੱਦਮ ਕਲੱਬ ਜੈਤੋ ਵੱਲੋਂ 7 ਤੇ 8 ਨਵੰਬਰ ਨੂੰ ਲਾਇਆ ਜਾਵੇਗਾ ਵਾਤਾਵਰਨ ਮੇਲਾ ਉੱਦਮ ਕਲੱਬ ਜੈਤੋ ਵੱਲੋਂ 7 ਤੇ 8 ਨਵੰਬਰ ਨੂੰ ਲਗਾਇਆ ਜਾਵੇਗਾ ਵਾਤਾਵਰਨ ਮੇਲਾ
Publish Date: Wed, 04 Nov 2026 03:37 PM (IST)
Updated Date: Wed, 04 Nov 2026 03:38 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਵਾਤਾਵਰਨ ਦੀ ਸੰਭਾਲ, ਕੁਦਰਤ ਨਾਲ ਮਨੁੱਖ ਦੀ ਸਾਂਝ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਹਰਿਆਵਲ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਉੱਦਮ ਕਲੱਬ ਜੈਤੋ ਵੱਲੋਂ ਦੀਵਾਲੀ ਦੇ ਸ਼ੁਭ ਮੌਕੇ ਤੇ 7 ਅਤੇ 8 ਨਵੰਬਰ ਨੂੰ ਸਥਾਨਕ ਰਾਮਲੀਲਾ ਗਰਾਊਂਡ ਵਿਖੇ ਦੋ ਰੋਜ਼ਾ ਵਾਤਾਵਰਨ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੇਲੇ ਰਾਹੀਂ ਲੋਕਾਂ ਨੂੰ ਪੌਦਿਆਂ ਦੀ ਮਹੱਤਤਾ, ਜੈਵਿਕ ਖੇਤੀ ਅਤੇ ਕੁਦਰਤੀ ਜੀਵਨਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਦਮ ਕਲੱਬ ਜੈਤੋ ਦੇ ਪ੍ਰਧਾਨ ਗੁਰਜੰਗ ਸਿੰਘ, ਚੇਅਰਮੈਨ ਰੇਸ਼ਮ ਸਿੰਘ ਬਰਾੜ, ਮੀਤ ਪ੍ਰਧਾਨ ਜਗਦੇਵ ਸਿੰਘ ‘ਗੋਰਾ ਢੱਲਾ’, ਜਨਰਲ ਸਕੱਤਰ ਮਾਸਟਰ ਸਵਰਨ ਸਿੰਘ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਦੱਸਿਆ ਕਿ ਮੇਲੇ ਵਿੱਚ ਲੋਕਾਂ ਦੀ ਦਿਲਚਸਪੀ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਕਿਸਮਾਂ ਦੇ ਫੁੱਲਦਾਰ, ਸਜਾਵਟੀ ਅਤੇ ਫਲਦਾਰ ਪੌਦਿਆਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਇਸ ਤੋਂ ਇਲਾਵਾ ਵੱਖ-ਵੱਖ ਕਿਸਮਾਂ ਦੀਆਂ ਪਨੀਰੀਆਂ, ਹਰਬਲ ਪੌਦੇ, ਆਕਰਸ਼ਕ ਡਿਜ਼ਾਈਨਾਂ ਵਾਲੇ ਗਮਲੇ ਅਤੇ ਆਰਗੈਨਿਕ ਖਾਣ-ਪੀਣ ਵਾਲੀਆਂ ਵਸਤਾਂ ਦੇ ਸਟਾਲ ਵੀ ਮੇਲੇ ਦੀ ਖਿੱਚ ਦਾ ਕੇਂਦਰ ਬਣਨਗੇ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਹਰਬਲ ਪੌਦਿਆਂ ਦੇ ਔਸ਼ਧੀ ਗੁਣਾਂ ਅਤੇ ਮਨੁੱਖੀ ਜੀਵਨ ਵਿੱਚ ਉਨ੍ਹਾਂ ਦੀ ਅਹਿਮੀਅਤ ਬਾਰੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਲੋਕ ਕੁਦਰਤੀ ਸਰੋਤਾਂ ਦੀ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝ ਸਕਣ। ਮੇਲੇ ਦਾ ਮੁੱਖ ਮਕਸਦ ਸਿਰਫ਼ ਪੌਦਿਆਂ ਦੀ ਖਰੀਦੋ-ਫਰੋਖ਼ਤ ਤੱਕ ਸੀਮਤ ਨਹੀਂ, ਸਗੋਂ ਹਰ ਘਰ ਵਿੱਚ ਹਰਿਆਵਲ ਪੈਦਾ ਕਰਨ, ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਯਕੀਨੀ ਬਣਾਉਣ ਲਈ ਲੋਕ ਲਹਿਰ ਖੜ੍ਹੀ ਕਰਨਾ ਹੈ। ਕਲੱਬ ਦੇ ਅਹੁਦੇਦਾਰਾਂ ਨੇ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦੀਵਾਲੀ ਦੇ ਮੌਕੇ ਤੇ ਪੌਦੇ ਲਗਾਉਣ ਅਤੇ ਕੁਦਰਤ ਦੀ ਸੰਭਾਲ ਦਾ ਸੰਕਲਪ ਲੈਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਵਾਤਾਵਰਨ ਦੀ ਸੁਰੱਖਿਆ ਲਈ ਇੱਕ ਸਾਰਥਕ ਕਦਮ ਸਾਬਤ ਹੋਵੇਗਾ। ਇਸ ਮੌਕੇ ਪ੍ਰਸਿੱਧ ਫਲਾਵਰਮੈਨ ਡਾ. ਰਾਮਜੀ ਜੈਮਲ, ਉੱਦਮ ਕਲੱਬ ਦੇ ਕੈਸ਼ੀਅਰ ਬਲਜੀਤ ਸਿੰਘ, ਸਤਪਾਲ ਸਦਿਓੜਾ, ਐੱਸ.ਕੇ. ਗਰਗ (ਗਰਗ ਬੂਟ ਹਾਊਸ), ਅਮਨਦੀਪ ਸਿੰਘ, ਗੁਰਸਾਹਿਬ ਸਿੰਘ ਲਾਡੀ, ਮਾਸਟਰ ਸੁਰਿੰਦਰਪਾਲ ਸਿੰਘ ਝੱਖੜਵਾਲਾ, ਡਾ. ਈਸ਼ਵਰ ਲਾਲ, ਅਮਨਦੀਪ ਸਿੰਘ ਅੰਮਨਾ, ਡਾ. ਤਰਸੇਮ ਸਿੰਘ ਸੇਖੋਂ ਅਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ।