80 ਲੱਖ ਦੇ ਕਰਜ਼ਿਆਂ ਨਾਲ ਪਿੰਡਾਂ ਦੀਆਂ ਔਰਤਾਂ ਨੂੰ ਕਾਰੋਬਾਰ ਖੜ੍ਹਾ ਕਰਨ ਦਾ ਮਿਲਿਆ ਮੌਕਾ 80 ਲੱਖ ਦੇ ਕਰਜ਼ਿਆਂ ਨਾਲ ਪਿੰਡਾਂ ਦੀਆਂ ਔਰਤਾਂ ਨੂੰ ਕਾਰੋਬਾਰ ਖੜ੍ਹਾ ਕਰਨ ਦਾ ਮਿਲਿਆ ਮੌਕਾ
Publish Date: Tue, 03 Nov 2026 08:05 PM (IST)
Updated Date: Wed, 04 Nov 2026 04:06 AM (IST)
ਫ਼ਰੀਦਕੋਟ ਦੇ 35 ਸਵੈ-ਸਹਾਇਤਾ ਸਮੂਹਾਂ ਨੂੰ ਵੰਡੇ ਚੈੱਕ ਸਿਲਾਈ ਤੋਂ ਡੇਅਰੀ ਅਤੇ ਬਿਊਟੀ ਪਾਰਲਰ ਤੱਕ ਦੇ ਕੰਮਾਂ ਲਈ ਮਿਲੇਗੀ ਵਿੱਤੀ ਮਦਦ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫ਼ਰੀਦਕੋਟ : ਪਿੰਡਾਂ ਦੀਆਂ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਕੱਢ ਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਅਤੇ ਉਨ੍ਹਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਫ਼ਰੀਦਕੋਟ ਵਿਖੇ ਵਿਸ਼ੇਸ਼ ਲੋਕ ਮੇਲਾ ਲਗਾਇਆ ਗਿਆ। ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਲਗਾਏ ਇਸ ਮੇਲੇ ਦੌਰਾਨ 35 ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਵੱਖ-ਵੱਖ ਕਾਰੋਬਾਰੀ ਗਤੀਵਿਧੀਆਂ ਲਈ ਕਰੀਬ 80 ਲੱਖ ਰੁਪਏ ਦੇ ਕਰਜ਼ਾ ਰਾਸ਼ੀ ਦੇ ਚੈੱਕ ਅਤੇ ਮਨਜ਼ੂਰੀ ਪੱਤਰ ਸੌਂਪੇ ਗਏ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਇਸ ਸਮਾਗਮ ਦਾ ਮੁੱਖ ਮਕਸਦ ਔਰਤਾਂ ਨੂੰ ਸਿਰਫ਼ ਵਿੱਤੀ ਸਹਾਇਤਾ ਦੇਣ ਤੱਕ ਸੀਮਤ ਨਾ ਰਹਿ ਕੇ ਉਨ੍ਹਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਅਤੇ ਆਮਦਨ ਦੇ ਸਾਧਨ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਸੀ। ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਮਨਦੀਪ ਨੇ ਦੱਸਿਆ ਕਿ ਸਵੈ-ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਨੂੰ ਸਿਲਾਈ, ਡੇਅਰੀ, ਕਰਿਆਨਾ ਸਟੋਰ, ਬਿਊਟੀ ਪਾਰਲਰ, ਕੱਪੜਿਆਂ ਦੀ ਵਿਕਰੀ ਅਤੇ ਲੱਕੜ ਦਾ ਸਮਾਨ ਤਿਆਰ ਕਰਨ ਵਰਗੇ ਕੰਮਾਂ ਲਈ ਕਰਜ਼ੇ ਮੁਹੱਈਆ ਕਰਵਾਏ ਗਏ ਹਨ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਇੰਡੀਅਨ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਸਮੇਤ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਵੱਲੋਂ ਸਮੂਹਾਂ ਨੂੰ ਕਰਜ਼ਾ ਮਨਜ਼ੂਰੀ ਪੱਤਰ ਵੀ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦਾ ਉਦੇਸ਼ ਪੇਂਡੂ ਔਰਤਾਂ ਨੂੰ ਸਵੈ-ਸਹਾਇਤਾ ਸਮੂਹਾਂ ਨਾਲ ਜੋੜ ਕੇ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨਾ ਹੈ। ਇਸ ਤਹਿਤ ਔਰਤਾਂ ਨੂੰ ਵਿੱਤੀ ਸਹਾਇਤਾ ਦੇ ਨਾਲ ਸਵੈ-ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ, ਤਾਂ ਜੋ ਉਹ ਆਪਣੇ ਪਰਿਵਾਰ ਦੀ ਆਮਦਨ ਵਧਾਉਣ ਦੇ ਨਾਲ-ਨਾਲ ਸਮਾਜ ਵਿੱਚ ਆਤਮ-ਨਿਰਭਰ ਪਛਾਣ ਬਣਾ ਸਕਣ। ਉਨ੍ਹਾਂ ਪੇਂਡੂ ਖੇਤਰਾਂ ਦੀਆਂ ਹੋਰ ਔਰਤਾਂ ਨੂੰ ਵੀ ਇਸ ਮਿਸ਼ਨ ਨਾਲ ਜੁੜਨ ਅਤੇ ਸਮੂਹਾਂ ਰਾਹੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਐਫ.ਆਈ. ਜ਼ਿਲ੍ਹਾ ਇੰਚਾਰਜ ਬਲਜਿੰਦਰ ਸਿੰਘ ਬਾਜਵਾ, ਬ੍ਰਾਂਚ ਮੈਨੇਜਰ ਕੁਲਵਿੰਦਰ ਕੌਰ, ਹਰਜੀਤ ਸਿੰਘ, ਆਰਤੀ ਬਾਜਾਜ, ਵਿਨੇ ਆਰੀਆ, ਸੁਨੀਲ ਕੁਮਾਰ, ਮੋਹਿਤ ਚੰਦ, ਬੀ.ਪੀ.ਐੱਮ. ਗੁਰਪ੍ਰੀਤ ਸਿੰਘ, ਨੇਹਾ ਮਨਚੰਦਾ, ਨਵਦੀਪ ਸਿੰਘ, ਕਲੱਸਟਰ ਕੋਆਰਡੀਨੇਟਰ ਜਗਮੀਤ ਸਿੰਘ, ਜਤਿੰਦਰਪਾਲ ਸਿੰਘ, ਧਰਮਚੰਦ, ਪਰਮਜੀਤ ਕੌਰ, ਮੁਸਕਾਨ, ਹਰਮਨਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਸਮੇਤ ਬੈਂਕ ਅਧਿਕਾਰੀ, ਵਿਭਾਗੀ ਕਰਮਚਾਰੀ ਅਤੇ ਸਵੈ-ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਮੌਜੂਦ ਸਨ।