ਨੰਨ੍ਹੇ ਵਿਦਿਆਰਥੀ, ਪਿਕਨਿਕ ਦੌਰਾਨ ਕੀਤੀਆਂ ਖੂਬ ਮਸਤੀ ਕਿਤਾਬਾਂ ਤੋਂ ਬਾਹਰ ਕੁਦਰਤ ਦੀ ਪਾਠਸ਼ਾਲਾ ’ਚ ਪੁੱਜੇ ਨੰਨ੍ਹੇ ਵਿਦਿਆਰਥੀ, ਪਿਕਨਿਕ ਦੌਰਾਨ ਕੀਤੀਆਂ ਖੂਬ ਮਸਤੀ
Publish Date: Tue, 03 Nov 2026 05:23 PM (IST)
Updated Date: Wed, 04 Nov 2026 04:02 AM (IST)
ਨਰਸਰੀ ਦੇ ਬੱਚਿਆਂ ਲਈ ਕਰਵਾਈ ਸਾਲਾਨਾ ਪਿਕਨਿਕ ਨਾਚ-ਗਾਣੇ ਤੇ ਖੇਡਾਂ ਰਾਹੀਂ ਬਿਤਾਇਆ ਯਾਦਗਾਰੀ ਦਿਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕੋਟਕਪੂਰਾ : ਪੜ੍ਹਾਈ ਦੇ ਰੋਜ਼ਾਨਾ ਰੁਝੇਵਿਆਂ ਤੋਂ ਹਟ ਕੇ ਜਦੋਂ ਨੰਨ੍ਹੇ ਬੱਚਿਆਂ ਨੂੰ ਖੁੱਲ੍ਹੇ ਵਾਤਾਵਰਨ ਵਿੱਚ ਖੇਡਣ-ਮੱਲ੍ਹਣ ਤੇ ਆਪਣੇ ਸਾਥੀਆਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਦੀ ਖੁਸ਼ੀ ਦੇਖਣ ਵਾਲੀ ਸੀ। ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਲਈ ਸਾਲਾਨਾ ਪਿਕਨਿਕ ਪਾਰਟੀ ਕਰਵਾਈ ਗਈ। ਇਸ ਦੌਰਾਨ ਸਕੂਲ ਦਾ ਮਾਹੌਲ ਬੱਚਿਆਂ ਦੇ ਹਾਸਿਆਂ, ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਨਾਲ ਗੂੰਜ ਉੱਠਿਆ। ਪਿਕਨਿਕ ਦੌਰਾਨ ਵਿਦਿਆਰਥੀਆਂ ਨੇ ਕਲਾਸਰੂਮਾਂ ਦੀ ਥਾਂ ਸਕੂਲ ਦੇ ਸਜਾਏ ਹੋਏ ਹਰੇ-ਭਰੇ ਲਾਅਨ ਵਿੱਚ ਸਮਾਂ ਬਿਤਾਇਆ। ਬੱਚਿਆਂ ਲਈ ਡਾਂਸ ਮੁਕਾਬਲੇ, ਬਾਹਰੀ ਖੇਡਾਂ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਅਧਿਆਪਕਾਂ ਨੇ ਵੀ ਬੱਚਿਆਂ ਨਾਲ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਸਕੂਲ ਦੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਰਾਹੀਂ ਬੱਚਿਆਂ ਵਿੱਚ ਆਪਸੀ ਸਾਂਝ, ਮਿਲਵਰਤਣ ਅਤੇ ਟੀਮ ਭਾਵਨਾ ਵਰਗੇ ਗੁਣ ਵਿਕਸਤ ਹੁੰਦੇ ਹਨ। ਵਾਈਸ ਪ੍ਰਿੰਸੀਪਲ ਰਵਨੀਤ ਕੌਰ ਮੱਕੜ ਨੇ ਦੱਸਿਆ ਕਿ ਪਿਕਨਿਕ ਦਾ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਅਤੇ ਸਮੂਹਿਕ ਗਤੀਵਿਧੀਆਂ ਲਈ ਮੌਕਾ ਪ੍ਰਦਾਨ ਕਰਨਾ ਸੀ। ਮੈਨੇਜਰ ਪਰਮਜੀਤ ਕੌਰ ਨੇ ਕਿਹਾ ਕਿ ਬੱਚਿਆਂ ਵੱਲੋਂ ਇੱਕ-ਦੂਜੇ ਨਾਲ ਖਾਣ-ਪੀਣ ਦੀਆਂ ਵਸਤਾਂ ਸਾਂਝੀਆਂ ਕਰਨਾ ਅਤੇ ਹੋਰ ਜਮਾਤਾਂ ਦੇ ਵਿਦਿਆਰਥੀਆਂ ਨਾਲ ਮਿਲਣਾ ਉਨ੍ਹਾਂ ਵਿੱਚ ਸਮਾਜਿਕ ਸਾਂਝ ਦੀ ਭਾਵਨਾ ਪੈਦਾ ਕਰਦਾ ਹੈ। ਡਾਇਰੈਕਟਰ ਕਰਨੈਲ ਸਿੰਘ ਮੱਕੜ ਨੇ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਮਾਨਸਿਕ ਅਤੇ ਸਮਾਜਿਕ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।