ਭਲਾਈ ਬੋਰਡਾਂ ਦੇ 14 ਜ਼ਿਲ੍ਹਾ ਚੇਅਰਮੈਨ ਨਿਯੁਕਤ, ਡੀਸੀ ਨੇ ਸੌਂਪੇ ਨਿਯੁਕਤੀ ਪੱਤਰ ਫ਼ਰੀਦਕੋਟ 'ਚ ਵੱਖ-ਵੱਖ ਭਲਾਈ ਬੋਰਡਾਂ ਦੇ 14 ਜ਼ਿਲ੍ਹਾ ਚੇਅਰਮੈਨ ਨਿਯੁਕਤ, ਡੀਸੀ ਨੇ ਸੌਂਪੇ ਨਿਯੁਕਤੀ ਪੱਤਰ
Publish Date: Tue, 03 Nov 2026 04:39 PM (IST)
Updated Date: Wed, 04 Nov 2026 04:02 AM (IST)
ਤਹਿਸੀਲਾਂ ਤੇ ਵਿਧਾਨ ਸਭਾ ਹਲਕਿਆਂ ਵਿੱਚ ਵੀ ਹੋਈਆਂ ਨਿਯੁਕਤੀਆਂ ਭਲਾਈ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਫ਼ਰੀਦਕੋਟ ਜ਼ਿਲ੍ਹੇ ਵਿੱਚ ਵੱਖ-ਵੱਖ ਸਮਾਜਿਕ ਵਰਗਾਂ ਦੀ ਭਲਾਈ ਅਤੇ ਉਨ੍ਹਾਂ ਨਾਲ ਸਬੰਧਤ ਮੁੱਦਿਆਂ ਨੂੰ ਸਰਕਾਰੀ ਪੱਧਰ ’ਤੇ ਉਠਾਉਣ ਲਈ ਵੈੱਲਫੇਅਰ ਬੋਰਡਾਂ ਦਾ ਢਾਂਚਾ ਸਰਗਰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜ਼ਿਲ੍ਹੇ ਦੇ 14 ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ ਨਵ-ਨਿਯੁਕਤ ਚੇਅਰਮੈਨਾਂ ਨੂੰ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਮਿੰਨੀ ਸਕੱਤਰੇਤ ਵਿਖੇ ਨਿਯੁਕਤੀ ਪੱਤਰ ਸੌਂਪੇ। ਇਸ ਦੇ ਨਾਲ ਹੀ ਤਹਿਸੀਲ ਅਤੇ ਵਿਧਾਨ ਸਭਾ ਹਲਕਾ ਪੱਧਰ ’ਤੇ ਵੀ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਨਿਯੁਕਤੀ ਪੱਤਰ ਹਾਸਲ ਕਰਨ ਵਾਲਿਆਂ ਵਿੱਚ ਨਰੇਸ਼ ਕੁਮਾਰ (ਅਗਰਵਾਲ ਵੈੱਲਫੇਅਰ ਬੋਰਡ), ਬਲਵੀਰ ਦਾਸ (ਬੈਰਾਗੀ ਵੈੱਲਫੇਅਰ ਬੋਰਡ), ਸੁਰਜੀਤ ਸਿੰਘ (ਬਾਜ਼ੀਗਰ ਅਤੇ ਟਪਰੀਵਾਸ ਵੈਲਫੇਅਰ ਬੋਰਡ), ਸ਼ੈਲੇਂਦਰ ਕੁਮਾਰ ਸ਼ਰਮਾ (ਬ੍ਰਾਹਮਣ ਵੈੱਲਫੇਅਰ ਬੋਰਡ), ਸਤੀਸ਼ ਕੁਮਾਰ (ਗੁੱਜਰ ਵੈਲਫੇਅਰ ਬੋਰਡ), ਕੁਲਦੀਪ ਸਿੰਘ (ਕੰਬੋਜ ਵੈੱਲਫੇਅਰ ਬੋਰਡ), ਮਨੀਸ਼ ਕੁਮਾਰ (ਕਨੋਜੀਆ ਵੈੱਲਫੇਅਰ ਬੋਰਡ), ਹਰੀਸ਼ ਸੇਤੀਆ (ਖੱਤਰੀ ਅਰੋੜਾ ਵੈਲਫੇਅਰ ਬੋਰਡ), ਗੁਰਾਂਦਿੱਤਾ (ਪੰਜਾਬ ਸਟੇਟ ਮੁਸਲਿਮ ਡਿਵੈਲਪਮੈਂਟ ਬੋਰਡ), ਮਲਕ ਸਿੰਘ ਕਰਨਾਵਾਲ (ਰਾਏ ਸਿੱਖ ਵੈੱਲਫੇਅਰ ਬੋਰਡ), ਆਸਾ ਸਿੰਘ (ਰਾਮਗੜ੍ਹੀਆ ਵੈੱਲਫੇਅਰ ਬੋਰਡ), ਬੂਟਾ ਸਿੰਘ (ਸੈਣ ਸਮਾਜ ਵੈੱਲਫੇਅਰ ਬੋਰਡ), ਬਲਵਿੰਦਰ ਸਿੰਘ ਬਿੰਦਾ (ਸੈਣੀ ਵੈੱਲਫੇਅਰ ਬੋਰਡ) ਤੇ ਬਲਵਿੰਦਰ ਸਿੰਘ (ਵਿਮੁਕਤ ਜਾਤੀ ਵੈੱਲਫੇਅਰ ਬੋਰਡ) ਸ਼ਾਮਲ ਹਨ। ਇਨ੍ਹਾਂ ਨਿਯੁਕਤੀਆਂ ਦਾ ਮੁੱਖ ਮਕਸਦ ਵੱਖ-ਵੱਖ ਭਾਈਚਾਰਿਆਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਸਬੰਧਤ ਪੱਧਰ ’ਤੇ ਉਠਾਉਣ ਦੇ ਨਾਲ-ਨਾਲ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਹੈ। ਤਹਿਸੀਲਾਂ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਵੀ ਨੁਮਾਇੰਦੇ ਨਿਯੁਕਤ ਹੋਣ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਥਾਨਕ ਪੱਧਰ ’ਤੇ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਤਾਲਮੇਲ ਬਣਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ। ਡੀਸੀ ਰਾਹੁਲ ਚਾਬਾ ਨੇ ਨਵ-ਨਿਯੁਕਤ ਚੇਅਰਮੈਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵੱਖ-ਵੱਖ ਵਰਗਾਂ ਦੀ ਭਲਾਈ ਲਈ ਬਣਾਏ ਗਏ ਬੋਰਡਾਂ ਦੀ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਅਤੇ ਯੋਗ ਲਾਭਪਾਤਰੀਆਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਸਰਗਰਮ ਭੂਮਿਕਾ ਨਿਭਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਕੇਸ਼ਵ ਗੋਇਲ, ਤਹਿਸੀਲ ਸਮਾਜਿਕ ਨਿਆਂ, ਅਧਿਕਾਰਤਾ ਤੇ ਭਲਾਈ ਅਫ਼ਸਰ ਗੁਰਮੀਤ ਕੜਿਆਲਵੀ ਅਤੇ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।