- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨਾਂ ਦੇ ਦਮ 'ਤੇ ਪੰਜਾਬ ਵਿੱਚ ਬਣੇਗੀ ਅਕਾਲੀ ਦਲ ਦੀ ਸਰਕਾਰ : ਸਰਬਜੀਤ ਸਿੰਘ ਝਿੰਜਰ

ਕੋਟਕਪੂਰਾ ਵਿਖੇ 6 ਨਵੰਬਰ ਨੂੰ ਹੋਵੇਗੀ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਕੋਟਕਪੂਰਾ : ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਅਤੇ ਜਥੇਬੰਦਕ ਤਾਕਤ ਮਜ਼ਬੂਤ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਮਲਕੀਤ ਪੈਲੇਸ, ਕੋਟਕਪੂਰਾ-ਫ਼ਰੀਦਕੋਟ ਰੋਡ, ਪਿੰਡ ਸੰਧਵਾਂ ਵਿਖੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਝਿੰਜਰ ਨੇ ਹਲਕਾ ਕੋਟਕਪੂਰਾ ਦੇ ਯੂਥ ਆਗੂਆਂ ਅਤੇ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਇਹ ਵਿਸ਼ੇਸ਼ ਇਕੱਤਰਤਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ, ਪੰਜਾਬ ਦੇ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਫ਼ਰੀਦਕੋਟ ਦੇ ਸਾਬਕਾ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਅਨੂਪ੍ਰਤਾਪ ਸਿੰਘ ਬਰਾੜ ਸੰਧਵਾਂ ਦੀ ਅਗਵਾਈ ਹੇਠ ਕਰਵਾਈ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿੱਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਅਹਿਮ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਜਥੇਬੰਦੀ ਦੀ ਅਸਲ ਤਾਕਤ ਉਸ ਦੇ ਸਮਰਪਿਤ ਵਰਕਰ ਹੁੰਦੇ ਹਨ ਅਤੇ ਨੌਜਵਾਨ ਵਰਗ ਵਿੱਚ ਕਿਸੇ ਵੀ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਅਥਾਹ ਸਮਰੱਥਾ ਹੈ। ਨੌਜਵਾਨਾਂ ਦੀ ਊਰਜਾ, ਸੋਚ ਅਤੇ ਮਿਹਨਤ ਨੂੰ ਸਹੀ ਦਿਸ਼ਾ ਦੇ ਕੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਵਰਗੇ ਰੁਝੇਵਿਆਂ ਭਰੇ ਸਮੇਂ ਵਿੱਚ ਵੀ ਨੌਜਵਾਨਾਂ ਦਾ ਵੱਡੀ ਗਿਣਤੀ ਵਿੱਚ ਇਕੱਠੇ ਹੋਣਾ ਪੰਜਾਬ ਦੇ ਭਵਿੱਖ ਪ੍ਰਤੀ ਉਨ੍ਹਾਂ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਯੂਥ ਅਕਾਲੀ ਦਲ ਵੱਲੋਂ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੋੜਨ ਲਈ ਯਤਨ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਂਦਿਆਂ ਝਿੰਜਰ ਨੇ ਦੋਸ਼ ਲਾਇਆ ਕਿ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਰੁਜ਼ਗਾਰ, ਸਿੱਖਿਆ ਅਤੇ ਰੋਜ਼ੀ-ਰੋਟੀ ਦੇ ਮਸਲਿਆਂ ਨੂੰ ਲੈ ਕੇ ਨੌਜਵਾਨਾਂ ਵਿੱਚ ਨਿਰਾਸ਼ਾ ਹੈ। ਪੰਜਾਬ ਦਾ ਨੌਜਵਾਨ ਅਜਿਹੀ ਅਗਵਾਈ ਚਾਹੁੰਦਾ ਹੈ, ਜੋ ਉਸ ਨੂੰ ਸੂਬੇ ਅੰਦਰ ਹੀ ਰੁਜ਼ਗਾਰ, ਮਿਆਰੀ ਸਿੱਖਿਆ ਅਤੇ ਤਰੱਕੀ ਦੇ ਮੌਕੇ ਪ੍ਰਦਾਨ ਕਰ ਸਕੇ। ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਹਰੇਕ ਵਿੰਗ ਨੂੰ ਮਜ਼ਬੂਤ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸਤਰੀ ਅਕਾਲੀ ਦਲ, ਐੱਸ.ਸੀ. ਵਿੰਗ ਅਤੇ ਬੀ.ਸੀ. ਵਿੰਗ ਦੀਆਂ ਸਰਗਰਮੀਆਂ ਤੋਂ ਬਾਅਦ ਹੁਣ ਯੂਥ ਅਕਾਲੀ ਦਲ ਨੂੰ ਨਵੀਂ ਊਰਜਾ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਜਥੇਬੰਦਕ ਜ਼ਿੰਮੇਵਾਰੀਆਂ ਸੌਂਪ ਕੇ ਅਗਵਾਈ ਕਰਨ ਦੇ ਮੌਕੇ ਵੀ ਦਿੱਤੇ ਜਾਣਗੇ। ਮਨਤਾਰ ਸਿੰਘ ਬਰਾੜ ਨੇ ਐਲਾਨ ਕੀਤਾ ਕਿ 6 ਨਵੰਬਰ ਨੂੰ ਕੋਟਕਪੂਰਾ ਵਿਖੇ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਕਰਵਾਈ ਜਾਵੇਗੀ, ਜਿਸ ਵਿੱਚ ਹਲਕਾ ਕੋਟਕਪੂਰਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਯੂਥ ਆਗੂਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨਾਲ ਸੰਪਰਕ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਰੈਲੀ ਵਿੱਚ ਸ਼ਮੂਲੀਅਤ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਇਕੱਤਰਤਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜੱਥੇਦਾਰ ਸ਼ੇਰ ਸਿੰਘ ਮੰਡ, ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ ਸੰਧਵਾਂ, ਜਸਪਾਲ ਸਿੰਘ, ਕੁਲਦੀਪ ਸਿੰਘ ਬਰਾੜ, ਰਣਜੀਤ ਸਿੰਘ ਠਾੜਾ ਹਲਕਾ ਪ੍ਰਧਾਨ ਸ਼ਹਿਰੀ, ਅਰਸ਼ ਸਿੰਘ ਚਹਿਲ ਹਲਕਾ ਪ੍ਰਧਾਨ ਦਿਹਾਤੀ, ਬਲਵੀਰ ਸਿੰਘ ਪੀਟਰ, ਦਿਲਪ੍ਰੀਤ ਸਿੰਘ ਮੋੜ ਸਰਕਲ ਪ੍ਰਧਾਨ ਢੀਮਾਂ ਵਾਲੀ, ਹਰਜੀਤ ਸਿੰਘ ਮਚਾਕੀ ਮਲ ਸਿੰਘ ਸਰਕਲ ਪ੍ਰਧਾਨ, ਸਰਬਜੀਤ ਸਿੰਘ ਬੱਬੂ ਸਰਕਲ ਪ੍ਰਧਾਨ ਚਹਿਲ, ਕਵਲਜੀਤ ਸਿੰਘ ਸਰਪੰਚ ਫਿੱਡੇ ਕਲਾਂ, ਕੁਲਵੀਤ ਸਿੰਘ ਸਰਕਲ ਪ੍ਰਧਾਨ ਮੰਡ ਵਾਲਾ, ਜਸ਼ਨ ਦੁੱਗਲ ਸਿੰਘ ਪ੍ਰਧਾਨ ਐਸ.ਓ.ਵਾਈ, ਹੁਸ਼ਿਆਰ ਸਿੰਘ ਸਿੱਧੂ, ਹਰਮਨ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸਰਕਲ ਪ੍ਰਧਾਨ ਵਾੜਾ ਦਰਾਕਾ, ਸਾਬਕਾ ਬੱਲਰ ਅਘ ਕਮਾਰ ਜਾਂ ਕਾਮਕਾਰ ਕੌਂਸਲਰ ਸਿੰਘ, ਬਲਵੀਰ ਸਿੰਘ ਰੰਧਾਵਾ, ਰਣਜੀਤ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ, ਗੋਰਾ ਸਿੰਘ ਗਿੱਲ, ਮੰਗਲ ਸਿੰਘ ਨੰਬਰਦਾਰ ਸੰਧਵਾਂ, ਕ੍ਰਿਸ਼ਨ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਦਿਉਲ, ਦਲਜੀਤ ਸਿੰਘ ਬਰਾੜ ਗੁਰਵਿੰਦਰ ਸਿੰਘ ਮਾਨ, ਜਗਰੂਪ ਸਿੰਘ, ਲਾਲੀ ਲਾਇਲਪੁਰੀ, ਗੁਰਮੁੱਖ ਸਿੰਘ ਭੁੱਲਰ, ਬਲਦੇਵ ਸਿੰਘ ਬਰਾੜ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ, ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਅੰਤ ਵਿੱਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਇਕੱਤਰਤਾ ਵਿੱਚ ਸ਼ਾਮਲ ਹੋਏ ਸਮੂਹ ਆਗੂਆਂ, ਅਹੁਦੇਦਾਰਾਂ ਅਤੇ ਨੌਜਵਾਨ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨਾਂ ਵੱਲੋਂ ਦਿਖਾਇਆ ਗਿਆ ਉਤਸ਼ਾਹ ਪਾਰਟੀ ਲਈ ਨਵੀਂ ਆਸ ਅਤੇ ਊਰਜਾ ਦਾ ਪ੍ਰਤੀਕ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਨੌਜਵਾਨਾਂ ਦੇ ਸਹਿਯੋਗ ਨਾਲ ਯੂਥ ਅਕਾਲੀ ਦਲ ਦੀ ਜਥੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।