ਵਿਦਿਆਰਥੀਆਂ ਨੇ ਕਾਗਜ਼ਾਂ ’ਤੇ ਉਤਾਰੀਆਂ ਦੀਵਾਲੀ ਦੀਆਂ ਖੁਸ਼ੀਆਂ ਰੰਗਾਂ ਤੇ ਕਲਪਨਾਵਾਂ ਰਾਹੀਂ ਨੰਨ੍ਹੇ ਵਿਦਿਆਰਥੀਆਂ ਨੇ ਕਾਗਜ਼ਾਂ ’ਤੇ ਉਤਾਰੀਆਂ ਦੀਵਾਲੀ ਦੀਆਂ ਖੁਸ਼ੀਆਂ
Publish Date: Mon, 02 Nov 2026 04:21 PM (IST)
Updated Date: Mon, 02 Nov 2026 04:23 PM (IST)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ’ਚ ਗ੍ਰੀਟਿੰਗ ਕਾਰਡ ਬਣਾਉਣ ਦੀ ਗਤੀਵਿਧੀ ਕਰਵਾਈ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਤਿਉਹਾਰਾਂ ਦੀ ਅਸਲ ਖ਼ੁਸ਼ੀ ਸਿਰਫ਼ ਰੌਸ਼ਨੀਆਂ ਅਤੇ ਸਜਾਵਟ ਤੱਕ ਸੀਮਤ ਨਹੀਂ ਹੁੰਦੀ, ਸਗੋਂ ਇਨ੍ਹਾਂ ਨਾਲ ਜੁੜੀਆਂ ਭਾਵਨਾਵਾਂ ਨੂੰ ਸਾਂਝਾ ਕਰਨ ਵਿੱਚ ਵੀ ਹੁੰਦੀ ਹੈ। ਇਸੇ ਸੰਦੇਸ਼ ਨੂੰ ਰਚਨਾਤਮਕ ਰੂਪ ਦਿੰਦਿਆਂ ਮੋਗਾ-ਕੋਟਕਪੂਰਾ ਰੋਡ ਸਥਿਤ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਖੇ ਦੀਵਾਲੀ ਦੇ ਮੱਦੇਨਜ਼ਰ ਗ੍ਰੀਟਿੰਗ ਕਾਰਡ ਬਣਾਉਣ ਦੀ ਵਿਸ਼ੇਸ਼ ਗਤੀਵਿਧੀ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਪਨਾਸ਼ਕਤੀ ਅਤੇ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਕਾਗਜ਼ਾਂ ਤੇ ਦੀਵਾਲੀ ਦੇ ਰੰਗ ਬਿਖੇਰੇ। ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ ਰੰਗੀਨ ਕਾਗਜ਼ਾਂ, ਵੱਖ-ਵੱਖ ਰੰਗਾਂ ਅਤੇ ਸਜਾਵਟੀ ਸਮੱਗਰੀ ਦੀ ਮਦਦ ਨਾਲ ਖ਼ੂਬਸੂਰਤ ਗ੍ਰੀਟਿੰਗ ਕਾਰਡ ਤਿਆਰ ਕੀਤੇ। ਕਿਸੇ ਨੇ ਕਾਰਡਾਂ ਨੂੰ ਰਵਾਇਤੀ ਰੰਗਾਂ ਨਾਲ ਸਜਾਇਆ ਤਾਂ ਕਿਸੇ ਨੇ ਆਪਣੀ ਨਿਵੇਕਲੀ ਸੋਚ ਰਾਹੀਂ ਉਨ੍ਹਾਂ ਨੂੰ ਆਕਰਸ਼ਕ ਰੂਪ ਦਿੱਤਾ। ਬੱਚਿਆਂ ਵੱਲੋਂ ਤਿਆਰ ਕੀਤੇ ਕਾਰਡਾਂ ਵਿੱਚ ਤਿਉਹਾਰ ਪ੍ਰਤੀ ਉਤਸ਼ਾਹ ਦੇ ਨਾਲ-ਨਾਲ ਉਨ੍ਹਾਂ ਦੀ ਮਿਹਨਤ ਅਤੇ ਸਿਰਜਣਾਤਮਕ ਸੋਚ ਵੀ ਸਾਫ਼ ਝਲਕ ਰਹੀ ਸੀ। ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਅਤੇ ਕਲਾਤਮਕ ਸਿੱਖਿਆ ਦੇਣਾ ਹੈ। ਉਨ੍ਹਾਂ ਕਿਹਾ ਕਿ ਹਰ ਬੱਚੇ ਅੰਦਰ ਕੋਈ ਨਾ ਕੋਈ ਵਿਸ਼ੇਸ਼ ਪ੍ਰਤਿਭਾ ਹੁੰਦੀ ਹੈ, ਜਿਸ ਨੂੰ ਅਜਿਹੇ ਮੌਕੇ ਪ੍ਰਦਰਸ਼ਿਤ ਕਰਨ ਦਾ ਮੰਚ ਮਿਲਦਾ ਹੈ। ਇਸ ਦੇ ਨਾਲ ਹੀ ਦੀਵਾਲੀ ਵਰਗੇ ਤਿਉਹਾਰ ਬੱਚਿਆਂ ਨੂੰ ਪਿਆਰ, ਸਾਂਝ ਅਤੇ ਭਾਈਚਾਰਕ ਸਦਭਾਵਨਾ ਦਾ ਸੰਦੇਸ਼ ਵੀ ਦਿੰਦੇ ਹਨ। ਸਕੂਲ ਦੀ ਡਾਇਰੈਕਟਰ ਰਕਸ਼ੰਦਾ ਸ਼ਰਮਾ ਨੇ ਕਿਹਾ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਸਕੂਲ ਪ੍ਰਬੰਧਨ ਦੀ ਮੁੱਖ ਤਰਜੀਹ ਹੈ। ਉਨ੍ਹਾਂ ਅਨੁਸਾਰ ਕਲਾ ਨਾਲ ਜੁੜੀਆਂ ਗਤੀਵਿਧੀਆਂ ਬੱਚਿਆਂ ਵਿੱਚ ਇਕਾਗਰਤਾ, ਧੀਰਜ, ਆਤਮਵਿਸ਼ਵਾਸ ਅਤੇ ਨਵੇਂ ਵਿਚਾਰਾਂ ਨੂੰ ਜਨਮ ਦੇਣ ਦੀ ਸਮਰੱਥਾ ਵਿਕਸਿਤ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਰੁਚੀ ਅਨੁਸਾਰ ਹੋਰ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਰਾਹੀਂ ਬੱਚਿਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦੇ ਮੌਕੇ ਦੇਣ ਦੇ ਨਾਲ-ਨਾਲ ਭਾਰਤੀ ਸੱਭਿਆਚਾਰ ਅਤੇ ਤਿਉਹਾਰਾਂ ਨਾਲ ਜੋੜਨ ਦਾ ਯਤਨ ਵੀ ਕੀਤਾ ਜਾਂਦਾ ਹੈ।