ਪਰਾਲੀ ਸਾੜਨ ਤੇ ਪਟਾਕਿਆਂ ਦੇ ਪ੍ਰਦੂਸ਼ਣ ਵਿਰੁੱਧ ਬੱਚਿਆਂ ਨੇ ਸੰਭਾਲਿਆ ਮੋਰਚਾ ਪਰਾਲੀ ਸਾੜਨ ਅਤੇ ਪਟਾਕਿਆਂ ਦੇ ਪ੍ਰਦੂਸ਼ਣ ਵਿਰੁੱਧ ਜੰਡ ਸਾਹਿਬ ਦੇ ਵਿਦਿਆਰਥੀਆਂ ਨੇ ਸੰਭਾਲਿਆ ਮੋਰਚਾ
Publish Date: Mon, 02 Nov 2026 03:50 PM (IST)
Updated Date: Mon, 02 Nov 2026 03:53 PM (IST)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਦੇ ਵਿਦਿਆਰਥੀਆਂ ਨੇ ਕੀਤਾ ਜਾਗਰੂਕ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਵਾਤਾਵਰਨ ਦੀ ਸੁਰੱਖਿਆ ਸਿਰਫ਼ ਸਰਕਾਰੀ ਮੁਹਿੰਮਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ। ਇਸੇ ਸੋਚ ਨੂੰ ਅਮਲੀ ਰੂਪ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਦੇ ਵਿਦਿਆਰਥੀਆਂ ਨੇ ਪਰਾਲੀ ਸਾੜਨ ਅਤੇ ਦੀਵਾਲੀ ਮੌਕੇ ਪਟਾਕਿਆਂ ਦੀ ਵਰਤੋਂ ਵਿਰੁੱਧ ਜਾਗਰੂਕਤਾ ਦੀ ਮੁਹਿੰਮ ਚਲਾਈ। ਵਿਦਿਆਰਥੀਆਂ ਨੇ ਨਾ ਸਿਰਫ਼ ਸਕੂਲ ਵਿੱਚ ਵਾਤਾਵਰਨ ਸੰਭਾਲ ਦਾ ਸੰਕਲਪ ਲਿਆ, ਸਗੋਂ ਪਿੰਡ ਦੀਆਂ ਗਲੀਆਂ, ਬਾਜ਼ਾਰਾਂ ਅਤੇ ਦੁਕਾਨਾਂ ਤੱਕ ਪਹੁੰਚ ਕੇ ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ। ਸਕੂਲ ਵਿੱਚ ਇਹ ਵਿਸ਼ੇਸ਼ ਜਾਗਰੂਕਤਾ ਸਮਾਗਮ ਪ੍ਰਿੰਸੀਪਲ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਪਰਾਲੀ ਜਾਗਰੂਕਤਾ ਮੁਹਿੰਮ ਮਨਿੰਦਰ ਕੌਰ ਦੀ ਦੇਖ-ਰੇਖ ਅਤੇ ਸਕੂਲ ਇੰਚਾਰਜ ਹਰਪ੍ਰੀਤ ਕੌਰ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਪਰਾਲੀ ਨੂੰ ਅੱਗ ਲਗਾਉਣ ਅਤੇ ਪਟਾਕਿਆਂ ਨਾਲ ਹੋਣ ਵਾਲਾ ਪ੍ਰਦੂਸ਼ਣ ਮਨੁੱਖੀ ਸਿਹਤ ਦੇ ਨਾਲ-ਨਾਲ ਕੁਦਰਤੀ ਵਾਤਾਵਰਨ ਲਈ ਵੀ ਗੰਭੀਰ ਚੁਣੌਤੀ ਹੈ। ਵਿਦਿਆਰਥੀਆਂ ਦੀ ਰਚਨਾਤਮਕਤਾ ਨੂੰ ਵਾਤਾਵਰਨ ਸੰਭਾਲ ਨਾਲ ਜੋੜਨ ਲਈ ਸਲੋਗਨ, ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਲੋਗਨ ਮੁਕਾਬਲੇ ਵਿੱਚ ਜਸ਼ਨਦੀਪ ਕੌਰ ਦਸਵੀਂ ਨੇ ਪਹਿਲਾ, ਕਰਮਜੀਤ ਕੌਰ ਅੱਠਵੀਂ ਨੇ ਦੂਜਾ ਅਤੇ ਜਸ਼ਨਦੀਪ ਕੌਰ ਅੱਠਵੀਂ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੁਕਾਬਲੇ ਵਿੱਚ ਹਰਿੰਦਰਪਾਲ ਕੌਰ ਅੱਠਵੀਂ ਪਹਿਲੇ, ਅੰਤਪ੍ਰੀਤ ਕੌਰ ਦਸਵੀਂ ਦੂਜੇ ਅਤੇ ਜਸਪ੍ਰੀਤ ਕੌਰ ਅੱਠਵੀਂ ਤੀਜੇ ਸਥਾਨ ਤੇ ਰਹੀ। ਭਾਸ਼ਣ ਮੁਕਾਬਲੇ ਵਿੱਚ ਅਮਨਦੀਪ ਕੌਰ ਬਾਰ੍ਹਵੀਂ ਨੇ ਪਹਿਲਾ ਅਤੇ ਏਕਮਦੀਪ ਕੌਰ ਬਾਰ੍ਹਵੀਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਚੱਬਾ ਵੱਲੋਂ ਪਰਾਲੀ ਦੀ ਸੰਭਾਲ ਸਬੰਧੀ ਜਾਰੀ ਕੀਤੇ ਗਏ ਤਿੰਨ ਵਿਸ਼ੇਸ਼ ਆਡੀਓ ਸੁਨੇਹੇ ਵੀ ਵਿਦਿਆਰਥੀਆਂ ਨੂੰ ਸੁਣਾਏ ਗਏ। ਮਨਿੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦਿਆਰਥੀ ਸਮਾਜ ਵਿੱਚ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਰਿਵਾਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਪਰਾਲੀ ਨਾ ਸਾੜਨ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ। ਇਸ ਤੋਂ ਬਾਅਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪਟਾਕਿਆਂ ਦੀ ਵਰਤੋਂ ਨਾ ਕਰਨ ਅਤੇ ਗ੍ਰੀਨ ਦੀਵਾਲੀ ਮਨਾਉਣ ਦਾ ਸੰਕਲਪ ਲਿਆ। ਪ੍ਰਿੰਸੀਪਲ ਮਨਿੰਦਰ ਕੌਰ ਨੇ ਹਰੀ ਝੰਡੀ ਦਿਖਾ ਕੇ ਜਾਗਰੂਕਤਾ ਰੈਲੀ ਨੂੰ ਰਵਾਨਾ ਕੀਤਾ। ਹੱਥਾਂ ਵਿੱਚ ਵਾਤਾਵਰਨ ਸੰਭਾਲ ਸਬੰਧੀ ਪੋਸਟਰ ਅਤੇ ਸਲੋਗਨਾਂ ਵਾਲੀਆਂ ਤਖ਼ਤੀਆਂ ਫੜ ਕੇ ਵਿਦਿਆਰਥੀਆਂ ਨੇ ਪਿੰਡ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਨਾਅਰੇ ਲਗਾਏ। ਉਨ੍ਹਾਂ ਨੇ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਸੁਚੱਜੀ ਸੰਭਾਲ ਕਰਨ ਅਤੇ ਤਿਉਹਾਰਾਂ ਨੂੰ ਵਾਤਾਵਰਨ ਪੱਖੀ ਢੰਗ ਨਾਲ ਮਨਾਉਣ। ਸਮਾਗਮ ਦੇ ਅੰਤ ਵਿੱਚ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੋਡਲ ਅਧਿਆਪਕ ਜਗਪ੍ਰੀਤ ਸਿੰਘ ਨੇ ਨਿਭਾਈ, ਜਦਕਿ ਪੱਲਵੀ ਅਤੇ ਪਰਵਿੰਦਰ ਸਿੰਘ ਨੇ ਸਮਾਗਮ ਦੀਆਂ ਯਾਦਗਾਰੀ ਤਸਵੀਰਾਂ ਅਤੇ ਵੀਡੀਓਗ੍ਰਾਫੀ ਕੀਤੀ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਮੂਹ ਸਕੂਲ ਸਟਾਫ਼, ਕੈਂਪਸ ਮੈਨੇਜਰ ਮਦਨ ਲਾਲ ਸ਼ਰਮਾ, ਸੁਰੱਖਿਆ ਕਰਮਚਾਰੀਆਂ ਅਤੇ ਕੁੱਕਾਂ ਨੇ ਸਹਿਯੋਗ ਦਿੱਤਾ।