- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜ ਹਜ਼ਾਰ ਤੋਂ ਵੱਧ ਲੋਕਾਂ ਦੀ ਦੌੜ ਨੇ ਕੋਟਕਪੂਰਾ ’ਚ ਦਿੱਤਾ ਨਸ਼ਾ ਮੁਕਤ

ਪੰਜ ਹਜ਼ਾਰ ਤੋਂ ਵੱਧ ਲੋਕਾਂ ਨੇ ਦੌੜ ’ਚ ਲਿਆ ਹਿੱਸਾ, ਮਨਕੀਰਤ ਔਲਖ ਦੇ ਗੀਤਾਂ ਨੇ ਬੰਨ੍ਹਿਆ ਰੰਗ
ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਕੋਟਕਪੂਰਾ ਦੀਆਂ ਸੜਕਾਂ ਐਤਵਾਰ ਨੂੰ ਉਸ ਸਮੇਂ ਖੇਡਾਂ ਦੇ ਰੰਗ ਵਿੱਚ ਰੰਗੀਆਂ ਨਜ਼ਰ ਆਈਆਂ, ਜਦੋਂ ਪੰਜਾਬ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਯੂਥ ਰਨ-2026 ਮੈਰਾਥਨ ਵਿੱਚ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੇ ਦੌੜ ਲਗਾ ਕੇ ਸਿਹਤਮੰਦ ਅਤੇ ਨਸ਼ਾ ਮੁਕਤ ਪੰਜਾਬ ਦਾ ਸੁਨੇਹਾ ਦਿੱਤਾ। ਇਸ ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋਈ ਇਹ ਦੌੜ ਫ਼ਰੀਦਕੋਟ ਰੋਡ ਫਲਾਈਓਵਰ ਅਤੇ ਪਿੰਡ ਸੰਧਵਾਂ ਸਥਿਤ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੱਕ ਪਹੁੰਚੀ। ਉੱਥੋਂ ਯੂ-ਟਰਨ ਲੈ ਕੇ ਦੇਵ ਬ੍ਰਦਰਜ਼ ਸ਼ੋਅਰੂਮ ਅਤੇ ਸਿਵਲ ਹਸਪਤਾਲ ਕੋਟਕਪੂਰਾ ਰਾਹੀਂ ਵਾਪਸ ਸਕੂਲ ਦੇ ਗੇਟ ਨੰਬਰ-2 ਵਿਖੇ ਸਮਾਪਤ ਹੋਈ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੈਰਾਥਨ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨਾਲ ਜੋੜ ਕੇ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਪੰਜਾਬ ਨੂੰ ਨਸ਼ਿਆਂ ਦੇ ਨਾਂ 'ਤੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਪਰ ਪੰਜਾਬ ਦੇ ਲੋਕ ਅਜਿਹੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਿਕਰੀ ਵਿਰੁੱਧ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਨੂੰ ਹੋਰ ਮਜ਼ਬੂਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ 'ਦੌੜਦਾ ਪੰਜਾਬ, ਜ਼ਿੰਦਾਬਾਦ ਪੰਜਾਬ' ਦਾ ਨਾਅਰਾ ਵੀ ਲਗਾਇਆ। ਇਸ ਮੌਕੇ ਸਪੀਕਰ ਸੰਧਵਾਂ ਦੀ ਪਤਨੀ ਗੁਰਪ੍ਰੀਤ ਕੌਰ ਸੰਧਵਾਂ, ਪੇਡਾ ਦੇ ਉਪ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਐਡਵੋਕੇਟ ਬੀਰਿੰਦਰ ਸਿੰਘ ਸੰਧਵਾਂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਵਧੀਕ ਡਿਪਟੀ ਕਮਿਸ਼ਨਰ ਕੇਸ਼ਵ ਗੋਇਲ, ਐੱਸਡੀਐੱਮ ਕੋਟਕਪੂਰਾ ਰਜਿੰਦਰ ਸਿੰਘ, ਐੱਸਡੀਐੱਮ ਜੈਤੋ ਵਿਕਰਮਜੀਤ ਸਿੰਘ, ਸੁਖਵੰਤ ਸਿੰਘ ਪੱਕਾ, ਮਨਦੀਪ ਸਿੰਘ ਮੋਂਗਾ, ਈਓ ਅੰਮ੍ਰਿਤ ਲਾਲ, ਗੁਰਚਰਨ ਸਿੰਘ, ਪ੍ਰੋ. ਦਰਸ਼ਨ ਸਿੰਘ, ਸਵਰਨ ਸਿੰਘ ਟਹਿਣਾ, ਪਰਮਿੰਦਰ ਸਿੰਘ ਤਹਿਸੀਲਦਾਰ, ਗੁਰਚਰਨ ਸਿੰਘ ਨਾਇਬ ਤਹਿਸੀਲਦਾਰ, ਰਾਮ ਕੰਮੇਆਣਾ ਤੋਂ ਇਲਾਵਾ ਗਾਇਕ ਇੰਦਰ ਮਾਨ, ਜਿੰਮੀ ਕੋਟਕਪੂਰਾ, ਲਾਡੀ ਸਾਜਲਾ ਅਤੇ ਬੀਰ ਸੰਧੂ ਵੀ ਹਾਜ਼ਰ ਸਨ।
ਜੇਤੂਆਂ ਨੂੰ ਮਿਲੇ 31, 21 ਤੇ 11 ਹਜ਼ਾਰ ਰੁਪਏ ਦੇ ਇਨਾਮ
ਮੈਰਾਥਨ ਦੇ ਮੁਕਾਬਲਿਆਂ ਵਿੱਚ ਜੇਤੂ ਰਹੇ ਭਾਗੀਦਾਰਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। 11 ਤੋਂ 60 ਸਾਲ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਪ੍ਰਭਜੋਤ ਸਿੰਘ (ਸੰਗਰੂਰ) ਨੇ ਪਹਿਲਾ, ਲਛਮਣ ਸਿੰਘ (ਕਪੂਰਥਲਾ) ਨੇ ਦੂਜਾ ਅਤੇ ਹਰਜੋਤਵੀਰ ਸਿੰਘ (ਹੁਸ਼ਿਆਰਪੁਰ) ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਉਮਰ ਵਰਗ ਦੀਆਂ ਲੜਕੀਆਂ ਵਿੱਚ ਜੋਤੀ ਬਾਲਾ (ਮਾਨਸਾ) ਪਹਿਲੇ, ਮਨਦੀਪ ਕੌਰ (ਬਠਿੰਡਾ) ਦੂਜੇ ਅਤੇ ਸੁਖਪ੍ਰੀਤ ਕੌਰ (ਫ਼ਰੀਦਕੋਟ) ਤੀਜੇ ਸਥਾਨ 'ਤੇ ਰਹੀ। 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਮੁਕਾਬਲੇ ਵਿੱਚ ਬਖ਼ਸ਼ੀਸ਼ ਕੌਰ ਨੇ ਪਹਿਲਾ ਅਤੇ ਵੀਰਪਾਲ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-10 ਲੜਕੀਆਂ ਦੇ 60 ਮੀਟਰ ਮੁਕਾਬਲੇ ਵਿੱਚ ਗੁਰਕੀਮਤ ਕੌਰ (ਕੋਟਕਪੂਰਾ), ਮਨਰੀਤ ਕੌਰ (ਢਿੱਲਵਾਂ ਕਲਾਂ) ਅਤੇ ਸੁਖਮਨੀ ਕੌਰ (ਢੁੱਡੀ) ਕ੍ਰਮਵਾਰ ਪਹਿਲੇ ਤਿੰਨ ਸਥਾਨਾਂ 'ਤੇ ਰਹੀਆਂ। ਲੜਕਿਆਂ ਦੇ ਇਸੇ ਮੁਕਾਬਲੇ ਵਿੱਚ ਮਹਿਕ ਸਿੰਘ (ਫ਼ਰੀਦਕੋਟ) ਨੇ ਪਹਿਲਾ, ਮਨਿੰਦਰ ਸਿੰਘ (ਕੁਹਾਰਵਾਲਾ) ਨੇ ਦੂਜਾ ਅਤੇ ਗੁਰਨੂਰ ਸਿੰਘ (ਸੰਧਵਾਂ) ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਕ੍ਰਮਵਾਰ 31 ਹਜ਼ਾਰ, 21 ਹਜ਼ਾਰ ਅਤੇ 11 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ। ਸਾਰੇ ਭਾਗੀਦਾਰਾਂ ਨੂੰ ਟੀ-ਸ਼ਰਟਾਂ, ਸਰਟੀਫਿਕੇਟ ਅਤੇ ਮੈਡਲ ਵੀ ਵੰਡੇ ਗਏ।
ਖੇਡਾਂ ਨਾਲ ਜੁੜੇ ਨੌਜਵਾਨ, ਨਸ਼ਿਆਂ ਤੋਂ ਰਹਿਣਗੇ ਦੂਰ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਤੰਦਰੁਸਤ ਪੰਜਾਬ ਹੀ ਖੁਸ਼ਹਾਲ ਪੰਜਾਬ ਦੀ ਨੀਂਹ ਹੈ। ਜੇਕਰ ਨੌਜਵਾਨ ਇਸੇ ਤਰ੍ਹਾਂ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨਾਲ ਜੁੜੇ ਰਹਿਣ ਤਾਂ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਵਿੱਚ ਉਮਰ ਦੀ ਕੋਈ ਪਾਬੰਦੀ ਨਹੀਂ ਰੱਖੀ ਗਈ ਸੀ ਅਤੇ ਪੰਜ ਸਾਲ ਤੋਂ ਲੈ ਕੇ 80 ਸਾਲ ਤੱਕ ਦੇ ਲੋਕਾਂ ਨੇ ਹਿੱਸਾ ਲਿਆ। ਉਨ੍ਹਾਂ ਸਾਰੇ ਭਾਗੀਦਾਰਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਗਾਇਕ ਮਨਕੀਰਤ ਔਲਖ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਦੀ ਗਾਇਕੀ 'ਤੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਸਿੱਧ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਨੇ ਨਿਭਾਈ।