ਟਿਕਟ ਮਿਲਣ ਦੀ ਖ਼ੁਸ਼ੀ ’ਚ ਨੰਗੇ ਪੈਰੀਂ 35 ਕਿਲੋਮੀਟਰ ਪੈਦਲ ਚੱਲ ਕੇ ਟਿੱਲਾ ਬਾਬਾ ਫ਼ਰੀਦ ਜੀ ਦੇ ਦਰ ’ਤੇ ਨਤਮਸਤਕ ਹੋਏ ਵਿਧਾਇਕ ਅਮੋਲਕ ਸਿੰਘ ਟਿਕਟ ਮਿਲਣ ਦੀ ਖ਼ੁਸ਼ੀ ’ਚ ਨੰਗੇ ਪੈਰੀਂ 35 ਕਿਲੋਮੀਟਰ ਪੈਦਲ ਚੱਲ ਕੇ ਟਿੱਲਾ ਬਾਬਾ ਫ਼ਰੀਦ ਜੀ ਦੇ ਦਰ ’
Publish Date: Sun, 01 Nov 2026 03:38 PM (IST)
Updated Date: Sun, 01 Nov 2026 03:41 PM (IST)
ਜੈਤੋ ਤੋਂ ਮੁੜ ‘ਆਪ’ ਦੇ ਉਮੀਦਵਾਰ ਐਲਾਨੇ ਜਾਣ ’ਤੇ ਕੀਤਾ ਸ਼ੁਕਰਾਨਾ; ਕਿਹਾ, ਪੰਜ ਸਾਲਾਂ ਦੇ ਕੰਮਾਂ ਦਾ ਲੇਖਾ-ਜੋਖਾ ਲੋਕਾਂ ਦੀ ਕਚਹਿਰੀ ’ਚ ਰੱਖਾਂਗੇ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਵਿਧਾਨ ਸਭਾ ਹਲਕਾ ਜੈਤੋ (ਰਾਖਵਾਂ) ਤੋਂ ਮੌਜੂਦਾ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਹਾਈਕਮਾਂਡ ਵੱਲੋਂ ਦੂਜੀ ਵਾਰ ਉਨ੍ਹਾਂ ’ਤੇ ਭਰੋਸਾ ਜਤਾਏ ਜਾਣ ਦੀ ਖ਼ਬਰ ਮਿਲਦਿਆਂ ਹੀ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਆਪਣੀ ਸ਼ਰਧਾ ਅਤੇ ਆਸਥਾ ਦਾ ਪ੍ਰਗਟਾਵਾ ਕਰਦਿਆਂ ਨੰਗੇ ਪੈਰੀਂ ਜੈਤੋ ਤੋਂ ਕਰੀਬ 35 ਕਿਲੋਮੀਟਰ ਪੈਦਲ ਚੱਲ ਕੇ ਫ਼ਰੀਦਕੋਟ ਸਥਿਤ ਟਿੱਲਾ ਬਾਬਾ ਫ਼ਰੀਦ ਜੀ ਦੇ ਪਵਿੱਤਰ ਅਸਥਾਨ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦਾ ਸ਼ੁਕਰਾਨਾ ਕਰਦਿਆਂ ਆਉਣ ਵਾਲੀਆਂ ਚੋਣ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਲੋਕ ਸੇਵਾ ਦੇ ਕਾਰਜਾਂ ਨੂੰ ਹੋਰ ਸਮਰੱਥਾ ਨਾਲ ਨਿਭਾਉਣ ਲਈ ਆਸ਼ੀਰਵਾਦ ਦੀ ਕਾਮਨਾ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਦੇ ਦਰ ’ਤੇ ਨਤਮਸਤਕ ਹੋਣਾ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਜਦੋਂ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਖ਼ੁਸ਼ੀ ਦਾ ਮੌਕਾ ਆਉਂਦਾ ਹੈ, ਕੋਈ ਚੰਗਾ ਕਾਰਜ ਸਿਰੇ ਚੜ੍ਹਦਾ ਹੈ ਜਾਂ ਕਿਸੇ ਕੰਮ ਦੀ ਸਫ਼ਲਤਾ ਲਈ ਅਰਦਾਸ ਕਰਨੀ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਇਸ ਪਵਿੱਤਰ ਅਸਥਾਨ ’ਤੇ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ, ਪਰਿਵਾਰ ਵਿੱਚ ਧੀ ਦੇ ਜਨਮ ਅਤੇ ਜ਼ਿੰਦਗੀ ਦੇ ਹੋਰ ਅਹਿਮ ਤੇ ਖ਼ੁਸ਼ੀ ਭਰੇ ਮੌਕਿਆਂ ’ਤੇ ਵੀ ਉਹ ਬਾਬਾ ਫ਼ਰੀਦ ਜੀ ਦੇ ਦਰ ’ਤੇ ਹਾਜ਼ਰੀ ਲਗਵਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨਸਾਨ ਦਾ ਕੰਮ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਹੈ, ਜਦਕਿ ਉਸ ਦੇ ਕੰਮਾਂ ਦਾ ਫ਼ਲ ਦੇਣਾ ਪਰਮਾਤਮਾ ਦੇ ਹੱਥ ਵਿੱਚ ਹੈ। ਉਹ ਹਰ ਚੰਗੇ ਮੌਕੇ ’ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਆਪਣਾ ਫ਼ਰਜ਼ ਸਮਝਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਦਾ ਆਸ਼ੀਰਵਾਦ ਮਿਲਿਆ ਅਤੇ ਉਹ ਮੁੜ ਜਿੱਤ ਪ੍ਰਾਪਤ ਕਰਦੇ ਹਨ ਤਾਂ ਜਿੱਤ ਤੋਂ ਅਗਲੇ ਦਿਨ ਵੀ ਬਾਬਾ ਫ਼ਰੀਦ ਜੀ ਦੇ ਦਰ ’ਤੇ ਨਤਮਸਤਕ ਹੋ ਕੇ ਸ਼ੁਕਰਾਨਾ ਕਰਨ ਜ਼ਰੂਰ ਪਹੁੰਚਣਗੇ। ਇਸ ਮੌਕੇ ‘ਆਪ’ ਯੂਥ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ, ‘ਆਪ’ ਹਲਕਾ ਜੈਤੋ ਦੇ ਸੰਗਠਨ ਇੰਚਾਰਜ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ, ਦਸ਼ਮੇਸ਼ ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ ਡੋਡ, ਪੰਜਾਬ ਟਰੇਡਰ ਕਮਿਸ਼ਨ, ਆਬਕਾਰੀ ਤੇ ਕਰ ਵਿਭਾਗ, ਹਲਕਾ ਜੈਤੋ ਦੇ ਚੇਅਰਮੈਨ ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’, ਆਪ’ ਯੂਥ ਵਿੰਗ ਹਲਕਾ ਜੈਤੋ ਦੇ ਕੋਆਰਡੀਨੇਟਰ ਰੁਪਿੰਦਰ ਸਿੰਘ, ਕੌਂਸਲਰ ਨਰਿੰਦਰਪਾਲ ਸਿੰਘ ਰਾਮੇਆਣਾ, ਕੌਂਸਲਰ ਬੇਅੰਤ ਸਿੰਘ ‘ਰਾਜੂ ਸਿੱਧੂ’, ਕੌਂਸਲਰ ਅਮਰ ਸਿੰਘ ਸਿੰਗਲ, ਸਰਪੰਚ ਜਸਪਾਲ ਸਿੰਘ ‘ਜੱਸੀ ਬਰਾੜ’ ਕੋਠੇ ਚੰਦ ਸਿੰਘ ਵਾਲੇ (ਜੈਤੋ), ਸਰਪੰਚ ਰਣਧੀਰ ਸਿੰਘ ‘ਧੀਰਾ ਚਹਿਲ’ ਢੈਪਈ ਅਤੇ ਸਰਪੰਚ ਡਾ. ਗੁਰਲਾਲ ਸਿੰਘ ਬਰਾੜ ਦਲ ਸਿੰਘ ਵਾਲਾ ਹਾਜ਼ਰ ਸਨ। ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਕੰਮਾਂ ਨਾਲ ਦੇਵਾਂਗੇ ਆਉਣ ਵਾਲੀਆਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਵਧੇਰੇ ਚੁਣੌਤੀ ਮਿਲਣ ਦੀ ਸੰਭਾਵਨਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਵਿਰੋਧ ਕਰਨਾ ਵਿਰੋਧੀ ਪਾਰਟੀਆਂ ਦੀ ਸਿਆਸੀ ਭੂਮਿਕਾ ਦਾ ਹਿੱਸਾ ਹੈ ਅਤੇ ਉਹ ਆਪਣੀ ਜ਼ਿੰਮੇਵਾਰੀ ਅਨੁਸਾਰ ਵਿਰੋਧ ਜ਼ਰੂਰ ਕਰਨਗੀਆਂ। ਕੋਈ ਵੀ ਵਿਰੋਧੀ ਉਮੀਦਵਾਰ ਆਪਣੇ ਮੁਕਾਬਲੇ ਵਿੱਚ ਚੋਣ ਲੜ ਰਹੇ ਉਮੀਦਵਾਰ ਦੇ ਕੰਮਾਂ ਦੀ ਤਾਰੀਫ਼ ਨਹੀਂ ਕਰੇਗਾ। ਇਸ ਲਈ ਉਹ ਵਿਰੋਧੀਆਂ ਦੀਆਂ ਟਿੱਪਣੀਆਂ ਦੀ ਬਜਾਏ ਆਪਣੇ ਕੰਮਾਂ ’ਤੇ ਭਰੋਸਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਪੂਰਾ ਵੇਰਵਾ ਲੋਕਾਂ ਸਾਹਮਣੇ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਪਿਛਲੇ ਕਾਰਜਕਾਲਾਂ ਦੌਰਾਨ ਹੋਏ ਕੰਮਾਂ ਦਾ ਲੇਖਾ-ਜੋਖਾ ਵੀ ਲੋਕਾਂ ਦੀ ਕਚਹਿਰੀ ਵਿੱਚ ਹੋਵੇਗਾ। ਹਲਕੇ ਦੇ ਲੋਕ ਖ਼ੁਦ ਦੋਵਾਂ ਪੱਖਾਂ ਦੀ ਕਾਰਗੁਜ਼ਾਰੀ ਦੀ ਤੁਲਨਾ ਕਰਕੇ ਫ਼ੈਸਲਾ ਕਰਨਗੇ ਕਿ ਕਿਸ ਨੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਲੋਕਾਂ ਦਾ ਫ਼ੈਸਲਾ ਕੰਮਾਂ ਅਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਹੋਵੇਗਾ। ਪਹਿਲੀ ਸੂਚੀ ’ਚ ਨਾਮ ਆਉਣ ਦੀ ਨਹੀਂ ਸੀ ਉਮੀਦ ਪਾਰਟੀ ਦੀ ਪਹਿਲੀ ਸੂਚੀ ਵਿੱਚ ਹੀ ਆਪਣਾ ਨਾਮ ਸ਼ਾਮਲ ਹੋਣ ਬਾਰੇ ਗੱਲ ਕਰਦਿਆਂ ਇੰਜੀਨੀਅਰ ਅਮੋਲਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਦਿਨ ਉਮੀਦਵਾਰਾਂ ਦੀ ਸੂਚੀ ਜਾਰੀ ਹੋਣੀ ਹੈ। ਉਨ੍ਹਾਂ ਦਾ ਅੰਦਾਜ਼ਾ ਸੀ ਕਿ ਪਹਿਲਾਂ ਪਾਰਟੀ ਦੇ ਵੱਡੇ ਆਗੂਆਂ ਅਤੇ ਪ੍ਰਮੁੱਖ ਚਿਹਰਿਆਂ ਦੇ ਨਾਮ ਐਲਾਨੇ ਜਾਣਗੇ ਅਤੇ ਉਨ੍ਹਾਂ ਦਾ ਨਾਮ ਸ਼ਾਇਦ ਦੂਜੀ ਜਾਂ ਤੀਜੀ ਸੂਚੀ ਵਿੱਚ ਆਵੇਗਾ। ਪਰ ਜਦੋਂ ਪਹਿਲੀ ਸੂਚੀ ਵਿੱਚ ਹੀ ਉਨ੍ਹਾਂ ਦਾ ਨਾਮ ਸ਼ਾਮਲ ਹੋ ਗਿਆ ਤਾਂ ਉਨ੍ਹਾਂ ਨੂੰ ਖ਼ੁਸ਼ੀ ਦੇ ਨਾਲ-ਨਾਲ ਹੈਰਾਨੀ ਵੀ ਹੋਈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਰੁੱਝੇ ਹੋਏ ਸਨ ਅਤੇ ਉਨ੍ਹਾਂ ਨੂੰ ਟਿਕਟ ਦੇ ਐਲਾਨ ਸਬੰਧੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਜਿਵੇਂ ਹੀ ਉਨ੍ਹਾਂ ਦੇ ਫ਼ੋਨ ’ਤੇ ਵਧਾਈਆਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਾਰਟੀ ਨੇ ਮੁੜ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਹੈ। ਕੰਮ ਤੇ ਯੋਗਤਾ ਦੇ ਆਧਾਰ ’ਤੇ ਮਿਲੀ ਟਿਕਟ : ਅਮੋਲਕ ਸਿੰਘ ਟਿਕਟਾਂ ਦੀ ਵੰਡ ਦੌਰਾਨ ਪਾਰਟੀ ਅੰਦਰ ਰਹੀ ਦਾਅਵੇਦਾਰੀ ਅਤੇ ਮੁਕਾਬਲੇ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੰਮ ’ਤੇ ਪੂਰਾ ਭਰੋਸਾ ਸੀ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਹੀ ਇਹ ਭਰੋਸਾ ਦਿੱਤਾ ਗਿਆ ਸੀ ਕਿ ਟਿਕਟ ਲੈਣ ਲਈ ਕਿਸੇ ਨੂੰ ਸਿਫ਼ਾਰਸ਼ਾਂ ਦੀ ਲੋੜ ਨਹੀਂ ਪਵੇਗੀ। ਜਿਸ ਵਿਅਕਤੀ ਨੇ ਕੰਮ ਕੀਤਾ ਹੋਵੇਗਾ ਅਤੇ ਜੋ ਚੋਣ ਜਿੱਤਣ ਦੇ ਸਮਰੱਥ ਹੋਵੇਗਾ, ਪਾਰਟੀ ਉਸ ਨੂੰ ਖ਼ੁਦ ਟਿਕਟ ਦੇ ਕੇ ਮੈਦਾਨ ਵਿੱਚ ਉਤਾਰੇਗੀ। ਉਨ੍ਹਾਂ ਕਿਹਾ ਕਿ ਇਸੇ ਭਰੋਸੇ ਤਹਿਤ ਉਹ ਬਿਨਾਂ ਕਿਸੇ ਸਿਫ਼ਾਰਸ਼ ਜਾਂ ਦਬਾਅ ਦੇ ਆਪਣੇ ਹਲਕੇ ਵਿੱਚ ਲੋਕਾਂ ਦੀ ਸੇਵਾ ਅਤੇ ਵਿਕਾਸ ਕਾਰਜਾਂ ਵਿੱਚ ਜੁਟੇ ਰਹੇ। ਉਨ੍ਹਾਂ ਕਦੇ ਵੀ ਟਿਕਟ ਹਾਸਲ ਕਰਨ ਲਈ ਕਿਸੇ ਕੋਲ ਜਾਣ ਦੀ ਲੋੜ ਮਹਿਸੂਸ ਨਹੀਂ ਕੀਤੀ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਪਾਰਟੀ ਉਨ੍ਹਾਂ ਦੀ ਮਿਹਨਤ ਅਤੇ ਕਾਰਗੁਜ਼ਾਰੀ ਦਾ ਮੁਲਾਂਕਣ ਖ਼ੁਦ ਕਰੇਗੀ। ਆਖ਼ਰਕਾਰ ਪਾਰਟੀ ਵੱਲੋਂ ਮੁੜ ਉਮੀਦਵਾਰ ਐਲਾਨੇ ਜਾਣ ਨੂੰ ਉਨ੍ਹਾਂ ਨੇ ਆਪਣੇ ਕੰਮਾਂ ਅਤੇ ਪਾਰਟੀ ਦੇ ਭਰੋਸੇ ਦੀ ਪ੍ਰਵਾਨਗੀ ਕਰਾਰ ਦਿੱਤਾ। ਇਮਾਨਦਾਰੀ ਨਾਲ ਰਾਜਨੀਤੀ ਕਰਨ ਦਾ ਕੀਤਾ ਦਾਅਵਾ ਹਲਕੇ ਦੇ ਲੋਕਾਂ ਅਤੇ ਆਪਣੇ ਸਮਰਥਕਾਂ ਨੂੰ ਸੰਦੇਸ਼ ਦਿੰਦਿਆਂ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਉਹ ਬਾਬਾ ਫ਼ਰੀਦ ਜੀ ਦੀ ਪਵਿੱਤਰ ਧਰਤੀ ’ਤੇ ਖੜ੍ਹ ਕੇ ਪੂਰੀ ਇਮਾਨਦਾਰੀ ਨਾਲ ਇਹ ਗੱਲ ਕਹਿ ਸਕਦੇ ਹਨ ਕਿ ਉਨ੍ਹਾਂ ਨੇ ਰਾਜਨੀਤੀ ਵਿੱਚ ਹਮੇਸ਼ਾ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਇਲਜ਼ਾਮ ਲੱਗਦੇ ਰਹਿੰਦੇ ਹਨ ਅਤੇ ਵਿਰੋਧੀ ਉਨ੍ਹਾਂ ’ਤੇ ਲੱਖ ਦੋਸ਼ ਲਗਾ ਸਕਦੇ ਹਨ, ਪਰ ਉਨ੍ਹਾਂ ਨੂੰ ਆਪਣੀ ਨੀਅਤ ਅਤੇ ਕਾਰਜਸ਼ੈਲੀ ’ਤੇ ਪੂਰਾ ਭਰੋਸਾ ਹੈ। ਇਨਸਾਨ ਨੂੰ ਆਪਣੇ ਬਾਰੇ ਖ਼ੁਦ ਪਤਾ ਹੁੰਦਾ ਹੈ ਕਿ ਉਸ ਨੇ ਕੀ ਕੀਤਾ ਹੈ ਅਤੇ ਕਿਸ ਨੀਅਤ ਨਾਲ ਕੀਤਾ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਲੋਕਾਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿਣਗੇ। ਜੈਤੋ ਹਲਕਾ ਹੀ ਹੁਣ ਮੇਰਾ ਘਰ ਅਤੇ ਪਰਿਵਾਰ : ਵਿਧਾਇਕ ਅਮੋਲਕ ਸਿੰਘ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਹ ਜੈਤੋ ਹਲਕੇ ਦੇ ਲੋਕਾਂ ਵਿੱਚ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਆਪਣਾ ਘਰ ਵੀ ਇਸੇ ਹਲਕੇ ਵਿੱਚ ਬਣਾ ਲਿਆ ਹੈ। ਇਸ ਤਰ੍ਹਾਂ ਜੈਤੋ ਹਲਕਾ ਹੁਣ ਉਨ੍ਹਾਂ ਲਈ ਸਿਰਫ਼ ਸਿਆਸੀ ਹਲਕਾ ਨਹੀਂ, ਸਗੋਂ ਉਨ੍ਹਾਂ ਦਾ ਆਪਣਾ ਘਰ ਅਤੇ ਪਰਿਵਾਰ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਰਹੇ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਉਨ੍ਹਾਂ ਦੀ ਸੇਵਾ ਕਰਦੇ ਰਹਿਣਗੇ। ਅੰਤ ਵਿੱਚ ਉਨ੍ਹਾਂ ਕਿਹਾ ਕਿ ਉਹ ਆਪਣਾ ਫ਼ਰਜ਼ ਅਤੇ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ। ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਕੰਮਾਂ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਵੇਗਾ ਅਤੇ ਅੰਤਿਮ ਫ਼ੈਸਲਾ ਹਲਕੇ ਦੇ ਵੋਟਰਾਂ ਨੇ ਕਰਨਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਕਿਸ ਨੂੰ ਆਪਣੀ ਨੁਮਾਇੰਦਗੀ ਕਰਨ ਦਾ ਮੌਕਾ ਦਿੰਦੇ ਹਨ।