- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਟਕਪੂਰਾ ਤੋਂ ਤੀਜੀ ਵਾਰ ਕੁਲਤਾਰ ਸਿੰਘ ਸੰਧਵਾਂ ਤੇ ਜੈਤੋ ਤੋਂ ਦੂਜੀ ਵਾਰ ਚੋਣ ਲੜਨਗੇ ਅਮੋਲਕ ਸਿੰਘ

ਆਮ ਆਦਮੀ ਪਾਰਟੀ ਨੇ ਦੋਵਾਂ ਮੌਜੂਦਾ ਵਿਧਾਇਕਾਂ ’ਤੇ ਮੁੜ ਜਤਾਇਆ ਭਰੋਸਾ
ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਗਈ ਪਹਿਲੀ ਉਮੀਦਵਾਰ ਸੂਚੀ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਦੋ ਅਹਿਮ ਵਿਧਾਨ ਸਭਾ ਹਲਕਿਆਂ ਕੋਟਕਪੂਰਾ ਅਤੇ ਜੈਤੋ ਤੋਂ ਮੌਜੂਦਾ ਵਿਧਾਇਕਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ ਤੀਜੀ ਵਾਰ ਅਤੇ ਜੈਤੋ ਦੇ ਵਿਧਾਇਕ 35 ਸਾਲਾ ਅਮੋਲਕ ਸਿੰਘ ਦੂਜੀ ਵਾਰ ਚੋਣ ਲੜਨਗੇ। ਪਾਰਟੀ ਨੇ ਦੋਵਾਂ ਆਗੂਆਂ ’ਤੇ ਮੁੜ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਆਪੋ-ਆਪਣੇ ਹਲਕਿਆਂ ਤੋਂ ਉਮੀਦਵਾਰ ਐਲਾਨਿਆ ਹੈ। ਟਿਕਟਾਂ ਦੇ ਐਲਾਨ ਨਾਲ ਜ਼ਿਲ੍ਹੇ ਦੀ ਸਿਆਸਤ ਵਿੱਚ ਚੋਣ ਸਰਗਰਮੀਆਂ ਤੇਜ਼ ਹੋਣ ਦੀ ਸੰਭਾਵਨਾ ਹੈ। ਕੁਲਤਾਰ ਸਿੰਘ ਸੰਧਵਾਂ ਦਾ ਸਿਆਸੀ ਸਫ਼ਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਹੋ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਤੱਕ ਪਹੁੰਚਿਆ ਹੈ। 16 ਅਪ੍ਰੈਲ 1975 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਧਵਾਂ ਵਿਖੇ ਜਨਮੇ ਸੰਧਵਾਂ ਨੇ ਕਰਨਾਟਕ ਦੇ ਬਿਦਰ ਸਥਿਤ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਸਾਲ 1997 ਵਿੱਚ ਆਟੋਮੋਬਾਈਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਚੰਡੀਗੜ੍ਹ ਵਿਖੇ ਜਨਰਲ ਮੋਟਰਜ਼ ਵਿੱਚ ਵੀ ਕੰਮ ਕੀਤਾ। ਸਾਲ 2003 ਵਿੱਚ ਉਹ ਪਿੰਡ ਸੰਧਵਾਂ ਦੇ ਸਰਪੰਚ ਬਣੇ ਅਤੇ 2008 ਤੱਕ ਇਸ ਅਹੁਦੇ ’ਤੇ ਰਹੇ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਅਤੇ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਸਮੇਤ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਕੁਲਤਾਰ ਸਿੰਘ ਸੰਧਵਾਂ ਨੂੰ ਕੋਟਕਪੂਰਾ ਤੋਂ ਉਮੀਦਵਾਰ ਬਣਾਇਆ ਸੀ। ਉਨ੍ਹਾਂ ਨੇ 47,401 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਅਤੇ ਕਾਂਗਰਸ ਦੇ ਭਾਈ ਹਰਨਿਰਪਾਲ ਸਿੰਘ ਕੁੱਕੂ ਨੂੰ 10,075 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਤੋਂ ਬਾਅਦ 2022 ਦੀਆਂ ਚੋਣਾਂ ਵਿੱਚ ਵੀ ਪਾਰਟੀ ਨੇ ਉਨ੍ਹਾਂ ’ਤੇ ਭਰੋਸਾ ਜਤਾਇਆ। ਇਸ ਵਾਰ ਸੰਧਵਾਂ ਨੇ 54,009 ਵੋਟਾਂ ਹਾਸਲ ਕੀਤੀਆਂ, ਜਦਕਿ ਕਾਂਗਰਸ ਦੇ ਅਜੈਪਾਲ ਸਿੰਘ ਸੰਧੂ ਨੂੰ 32,879 ਵੋਟਾਂ ਮਿਲੀਆਂ। ਇਸ ਤਰ੍ਹਾਂ ਉਨ੍ਹਾਂ ਨੇ 21,130 ਵੋਟਾਂ ਦੇ ਫ਼ਰਕ ਨਾਲ ਦੂਜੀ ਵਾਰ ਜਿੱਤ ਦਰਜ ਕੀਤੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 21 ਮਾਰਚ 2022 ਨੂੰ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ। ਹੁਣ ਤੀਜੀ ਵਾਰ ਟਿਕਟ ਮਿਲਣ ਨਾਲ ਉਨ੍ਹਾਂ ਸਾਹਮਣੇ ਕੋਟਕਪੂਰਾ ਤੋਂ ਲਗਾਤਾਰ ਤੀਜੀ ਜਿੱਤ ਦਰਜ ਕਰਨ ਦੀ ਚੁਣੌਤੀ ਹੋਵੇਗੀ। ਦੂਜੇ ਪਾਸੇ ਜੈਤੋ ਵਿਧਾਨ ਸਭਾ ਹਲਕੇ ਦੇ ਮੌਜੂਦਾ ਵਿਧਾਇਕ 35 ਸਾਲਾ ਅਮੋਲਕ ਸਿੰਘ ਨੂੰ ਵੀ ਆਮ ਆਦਮੀ ਪਾਰਟੀ ਨੇ ਦੂਜੀ ਵਾਰ ਟਿਕਟ ਦਿੱਤੀ ਹੈ। ਅਮੋਲਕ ਸਿੰਘ ਦਾ ਸਿਆਸਤ ਵਿੱਚ ਆਉਣ ਦਾ ਸਫ਼ਰ ਉਨ੍ਹਾਂ ਦੇ ਪਿਤਾ ਸੁਖਮੰਦਰ ਸਿੰਘ ਦੀ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਸਾਲ 2020 ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਬੈਚਲਰ ਆਫ਼ ਟੈਕਨਾਲੋਜੀ ਦੀ ਡਿਗਰੀ ਹਾਸਲ ਕੀਤੀ। ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਉਨ੍ਹਾਂ ਨੇ ਸਰਗਰਮ ਸਿਆਸਤ ਵਿੱਚ ਕਦਮ ਰੱਖਿਆ ਅਤੇ ਆਮ ਆਦਮੀ ਪਾਰਟੀ ਨਾਲ ਜੁੜ ਕੇ ਆਪਣਾ ਸਿਆਸੀ ਸਫ਼ਰ ਅੱਗੇ ਵਧਾਇਆ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਉਨ੍ਹਾਂ ਨੂੰ ਪਹਿਲੀ ਵਾਰ ਜੈਤੋ ਤੋਂ ਉਮੀਦਵਾਰ ਬਣਾਇਆ ਸੀ। ਪਹਿਲੀ ਹੀ ਚੋਣ ਵਿੱਚ ਅਮੋਲਕ ਸਿੰਘ ਨੇ 60,242 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਉਰਫ਼ ਸੂਬਾ ਸਿੰਘ ਨੂੰ 27,453 ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਅਮੋਲਕ ਸਿੰਘ ਨੇ 32,789 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਪਹਿਲੀ ਵਾਰ ਵਿਧਾਨ ਸਭਾ ਵਿੱਚ ਪਹੁੰਚਣ ਦਾ ਮਾਣ ਹਾਸਲ ਕੀਤਾ ਸੀ।
ਦੋਵਾਂ ਵਿਧਾਇਕਾਂ ਲਈ ਅਹਿਮ ਹੋਵੇਗੀ ਅਗਲੀ ਚੋਣ
ਆਮ ਆਦਮੀ ਪਾਰਟੀ ਵੱਲੋਂ ਦੋਵਾਂ ਮੌਜੂਦਾ ਵਿਧਾਇਕਾਂ ਨੂੰ ਮੁੜ ਟਿਕਟ ਦੇਣ ਨਾਲ ਪਾਰਟੀ ਨੇ ਕੋਟਕਪੂਰਾ ਅਤੇ ਜੈਤੋ ਵਿੱਚ ਆਪਣੇ ਮੌਜੂਦਾ ਨੁਮਾਇੰਦਿਆਂ ’ਤੇ ਭਰੋਸਾ ਕਾਇਮ ਰੱਖਿਆ ਹੈ। ਕੁਲਤਾਰ ਸਿੰਘ ਸੰਧਵਾਂ ਲਈ ਇਹ ਚੋਣ ਜਿੱਤ ਦੀ ਹੈਟ੍ਰਿਕ ਲਗਾਉਣ ਦਾ ਮੌਕਾ ਹੋਵੇਗੀ, ਜਦਕਿ ਅਮੋਲਕ ਸਿੰਘ ਦੂਜੀ ਵਾਰ ਵਿਧਾਇਕ ਬਣਨ ਲਈ ਚੋਣ ਮੈਦਾਨ ਵਿੱਚ ਉਤਰਨਗੇ। ਦੋਵਾਂ ਆਗੂਆਂ ਲਈ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ, ਵਿਕਾਸ ਕਾਰਜਾਂ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਲੇਖਾ-ਜੋਖਾ ਵੋਟਰਾਂ ਸਾਹਮਣੇ ਰੱਖਣਾ ਅਹਿਮ ਰਹੇਗਾ। ਹੁਣ ਇਨ੍ਹਾਂ ਦੋਵਾਂ ਹਲਕਿਆਂ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਐਲਾਨੇ ਜਾਣ ਵਾਲੇ ਉਮੀਦਵਾਰਾਂ ਤੋਂ ਬਾਅਦ ਚੋਣ ਮੁਕਾਬਲੇ ਦੀ ਤਸਵੀਰ ਹੋਰ ਸਪੱਸ਼ਟ ਹੋਵੇਗੀ।