ਵਿਦਿਆਰਥੀਆਂ ਨੇ ਪਰਾਲੀ ਨਾ ਸਾੜਨ ਦਾ ਦਿੱਤਾ ਸੁਨੇਹਾ ਵਿਦਿਆਰਥੀਆਂ ਨੇ ਰੈਲੀ ਕੱਢ ਕੇ ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਪਰਾਲੀ ਨਾ ਸਾੜਨ ਦਾ ਦਿੱਤਾ ਸੁਨੇਹਾ*
Publish Date: Fri, 30 Oct 2026 04:48 PM (IST)
Updated Date: Fri, 30 Oct 2026 04:49 PM (IST)
ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ : ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਹੀ ਇਸ ਦਾ ਧੂੰਆਂ ਮਨੁੱਖੀ ਸਿਹਤ ਲਈ ਵੀ ਨੁਕਸਾਨਦੇਹ ਸਾਬਤ ਹੁੰਦਾ ਹੈ। ਇਸੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਕਲਾਂ ਵੱਲੋਂ ਪਰਾਲੀ ਪ੍ਰਬੰਧਨ ਅਤੇ ਗ੍ਰੀਨ ਦਿਵਾਲੀ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਰੈਲੀ ਕੱਢ ਕੇ ਪਿੰਡ ਵਾਸੀਆਂ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਵਾਤਾਵਰਨ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਪ੍ਰਿੰਸੀਪਲ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਪਰਾਲੀ ਜਾਗਰੂਕਤਾ ਮਨਿੰਦਰ ਕੌਰ ਦੀ ਦੇਖ-ਰੇਖ ਅਤੇ ਸਕੂਲ ਇੰਚਾਰਜ ਤਰਕੇਸ਼ਵਰ ਭਾਰਤੀ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਪਰਾਲੀ ਕੁਇਜ਼ ਅਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ। ਪਰਾਲੀ ਕੁਇਜ਼ ਵਿੱਚ ਸਹਿਜਦੀਪ ਕੌਰ ਤੇ ਨਵਜੋਤ ਨੇ ਪਹਿਲਾ, ਕਾਜਲ ਤੇ ਸੁਖਮਨ ਨੇ ਦੂਜਾ ਅਤੇ ਨਵਰੀਤ ਕੌਰ ਤੇ ਜਸਮੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸਲੋਗਨ ਰਾਈਟਿੰਗ ਵਿੱਚ ਸਿਮਰਨ ਕੌਰ ਪਹਿਲੇ, ਨਵਦੀਪ ਕੌਰ ਦੂਜੇ ਅਤੇ ਪ੍ਰਵੀਨ ਕੌਰ ਤੀਜੇ ਸਥਾਨ ਤੇ ਰਹੀ। ਪੋਸਟਰ ਮੇਕਿੰਗ ਵਿੱਚ ਪਰਗਟ ਸਿੰਘ ਨੇ ਪਹਿਲਾ, ਪ੍ਰਭਜੋਤ ਸਿੰਘ ਨੇ ਦੂਜਾ ਅਤੇ ਰੋਹਿਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਰਚਨਾ ਮੁਕਾਬਲੇ ਵਿੱਚ ਰੀਨਾ ਕੌਰ, ਮੋਨਿਕਾ ਅਤੇ ਸੁਖਮਨ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਚੱਬਾ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਜਾਰੀ ਕੀਤੇ ਤਿੰਨ ਆਡੀਓ ਸੁਨੇਹੇ ਵੀ ਵਿਦਿਆਰਥੀਆਂ ਨੂੰ ਸੁਣਾਏ ਗਏ। ਪ੍ਰਿੰਸੀਪਲ ਮਨਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਪਰਾਲੀ ਨਾ ਸਾੜਨ ਅਤੇ ਪਟਾਕਿਆਂ ਤੋਂ ਰਹਿਤ ਗ੍ਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਵਿਦਿਆਰਥੀਆਂ ਨੇ ਵੀ ਪਟਾਕਿਆਂ ਨੂੰ ਨਾਂਹ ਕਹਿਣ ਅਤੇ ਪਰਾਲੀ ਨਾ ਸਾੜਨ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦਾ ਪ੍ਰਣ ਲਿਆ। ਸਮਾਗਮ ਉਪਰੰਤ ਪ੍ਰਿੰਸੀਪਲ ਮਨਿੰਦਰ ਕੌਰ ਨੇ ਹਰੀ ਝੰਡੀ ਦਿਖਾ ਕੇ ਜਾਗਰੂਕਤਾ ਰੈਲੀ ਨੂੰ ਰਵਾਨਾ ਕੀਤਾ। ਵਿਦਿਆਰਥੀਆਂ ਨੇ ਹੱਥਾਂ ਵਿੱਚ ਜਾਗਰੂਕਤਾ ਤਖ਼ਤੀਆਂ ਅਤੇ ਪਲੈਕਾਰਡ ਫੜ ਕੇ ਪਿੰਡ ਦੀਆਂ ਗਲੀਆਂ ਅਤੇ ਮੰਡੀਆਂ ਵਿੱਚ ਨਾਅਰੇ ਲਗਾਉਂਦਿਆਂ ਲੋਕਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਲਈ ਜਾਗਰੂਕ ਕੀਤਾ। ਸਮਾਗਮ ਦੇ ਅੰਤ ਵਿੱਚ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਨੋਡਲ ਅਧਿਆਪਕਾ ਅਮਨਦੀਪ ਕੌਰ ਨੇ ਨਿਭਾਈ, ਜਦਕਿ ਤਸਵੀਰਾਂ ਅਤੇ ਵੀਡੀਓਗ੍ਰਾਫੀ ਨਵਦੀਪ ਕੁਮਾਰ ਵੱਲੋਂ ਕੀਤੀ ਗਈ। ਇਸ ਮੌਕੇ ਕੁਲਦੀਪ ਕੌਰ, ਵਿਜੇ ਕੁਮਾਰੀ, ਲਖਬੀਰ ਕੌਰ, ਨਵਜੀਤ ਕੌਰ, ਗਗਨ ਸ਼ਰਮਾ, ਸੀਮਾ ਰਾਣੀ, ਚਾਂਦਨੀ, ਅਮਰਜੀਤ ਕੌਰ, ਹਰਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।