- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੇਂ ਸਿਰ ਪਛਾਣ ਅਤੇ ਇਲਾਜ ਨਾਲ ਸਟ੍ਰੋਕ ਕਾਰਨ ਹੋਣ ਵਾਲੀ ਅਪੰਗਤਾ ਤੋਂ ਬਚਾਅ ਸੰਭਵ : ਡਾ. ਰਮਨਦੀਪ ਸਿੰਗਲਾ

ਜਗਮੀਤ ਸਿੰਘ ਪੰਜਾਬੀ ਜਾਗਰਣ ਫਰੀਦਕੋਟ : ਦਿਮਾਗੀ ਦੌਰੇ (ਸਟ੍ਰੋਕ) ਦੀ ਸਥਿਤੀ ਵਿੱਚ ਮਰੀਜ਼ ਨੂੰ ਤੁਰੰਤ ਡਾਕਟਰੀ ਸਹਾਇਤਾ ਮਿਲਣਾ ਬੇਹੱਦ ਜ਼ਰੂਰੀ ਹੈ। ਇਸ ਬਿਮਾਰੀ ਦੇ ਲੱਛਣਾਂ ਨੂੰ ਅਣਗੌਲਿਆਂ ਕਰਨ ਜਾਂ ਵਹਿਮਾਂ-ਭਰਮਾਂ ਦੇ ਚੱਕਰ ਵਿੱਚ ਪੈਣ ਨਾਲ ਮਰੀਜ਼ ਦੀ ਜਾਨ ਅਤੇ ਸਰੀਰਕ ਸਮਰੱਥਾ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਨੇ ਵਿਸ਼ਵ ਸਟ੍ਰੋਕ ਦਿਵਸ ਨੂੰ ਸਮਰਪਿਤ ਜਾਗਰੂਕਤਾ ਪਰਚਾ ਜਾਰੀ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਟ੍ਰੋਕ ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ ਅਤੇ ਇਸ ਕਾਰਨ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਆਪਣੀ ਜਾਨ ਗੁਆਉਂਦੇ ਹਨ, ਜਦਕਿ ਕਈ ਲੋਕ ਸਰੀਰਕ ਤੌਰ ’ਤੇ ਅਪੰਗ ਹੋ ਜਾਂਦੇ ਹਨ। ਇਸ ਬਿਮਾਰੀ ਦਾ ਖ਼ਤਰਾ ਵਧਾਉਣ ਵਾਲੇ ਮੁੱਖ ਕਾਰਨਾਂ ਵਿੱਚ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਤੰਬਾਕੂਨੋਸ਼ੀ, ਸ਼ਰਾਬ ਦਾ ਸੇਵਨ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਨਾਂ ਨੂੰ ਕਾਬੂ ਵਿੱਚ ਰੱਖ ਕੇ ਸਟ੍ਰੋਕ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਡਾ. ਸਿੰਗਲਾ ਨੇ ਕਿਹਾ ਕਿ ਸਟ੍ਰੋਕ ਦੇ ਮਾਮਲੇ ਵਿੱਚ ਚਿਹਰੇ ਦਾ ਇੱਕ ਪਾਸਾ ਟੇਢਾ ਹੋਣਾ, ਬਾਂਹ ਜਾਂ ਲੱਤ ਵਿੱਚ ਅਚਾਨਕ ਕਮਜ਼ੋਰੀ ਜਾਂ ਸੁੰਨਾਪਣ ਆਉਣਾ, ਬੋਲਣ ਜਾਂ ਗੱਲ ਸਮਝਣ ਵਿੱਚ ਮੁਸ਼ਕਲ ਹੋਣਾ, ਨਜ਼ਰ ਧੁੰਦਲੀ ਹੋਣਾ ਅਤੇ ਸਰੀਰ ਦਾ ਸੰਤੁਲਨ ਵਿਗੜਨਾ ਅਹਿਮ ਚਿਤਾਵਨੀ ਸੰਕੇਤ ਹਨ। ਅਜਿਹੇ ਲੱਛਣ ਦਿਖਾਈ ਦੇਣ ’ਤੇ ਘਰੇਲੂ ਨੁਸਖਿਆਂ, ਜਾਦੂ-ਟੂਣਿਆਂ ਅਤੇ ਨੀਮ ਹਕੀਮਾਂ ਦੇ ਚੱਕਰ ਵਿੱਚ ਸਮਾਂ ਬਰਬਾਦ ਕਰਨ ਦੀ ਬਜਾਏ ਤੁਰੰਤ ਹਸਪਤਾਲ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਟ੍ਰੋਕ ਦੀਆਂ ਦੋ ਮੁੱਖ ਕਿਸਮਾਂ ਹਨ। ਇੱਕ ਵਿੱਚ ਦਿਮਾਗ ਦੀ ਨਾੜੀ ਵਿੱਚ ਖੂਨ ਦਾ ਥੱਕਾ ਬਣਨ ਕਾਰਨ ਖੂਨ ਦੀ ਸਪਲਾਈ ਰੁਕ ਜਾਂਦੀ ਹੈ, ਜਦਕਿ ਦੂਜੀ ਕਿਸਮ ਵਿੱਚ ਦਿਮਾਗ ਦੀ ਨਾੜੀ ਫਟਣ ਕਾਰਨ ਖੂਨ ਦਾ ਰਿਸਾਅ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਟ੍ਰੋਕ ਦੇ ਕੁਝ ਮਾਮਲਿਆਂ ਵਿੱਚ ਪਹਿਲੇ ਸਾਢੇ ਚਾਰ ਘੰਟਿਆਂ ਅੰਦਰ ਵਿਸ਼ੇਸ਼ ਟੀਕਾ ਲਗਾਉਣ ਨਾਲ ਮਰੀਜ਼ ਨੂੰ ਗੰਭੀਰ ਅਪੰਗਤਾ ਤੋਂ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਲਈ ਲੱਛਣ ਸਾਹਮਣੇ ਆਉਣ ਤੋਂ ਬਾਅਦ ਹਰ ਮਿੰਟ ਕੀਮਤੀ ਹੁੰਦਾ ਹੈ। ਜ਼ਿਲ੍ਹਾ ਹਸਪਤਾਲਾਂ ਵਿੱਚ ਇਸ ਸਬੰਧੀ ਇਲਾਜ ਦੀ ਸਹੂਲਤ ਉਪਲਬਧ ਹੋਣ ਬਾਰੇ ਵੀ ਉਨ੍ਹਾਂ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਖੰਗੂਰਾ ਨੇ ਕਿਹਾ ਕਿ ਸਟ੍ਰੋਕ ਸਮੇਤ ਕਈ ਗੰਭੀਰ ਬਿਮਾਰੀਆਂ ਤੋਂ ਬਚਣ ਲਈ ਜੀਵਨਸ਼ੈਲੀ ਵਿੱਚ ਸੁਧਾਰ ਲਿਆਉਣਾ ਜ਼ਰੂਰੀ ਹੈ। ਹਰ ਰੋਜ਼ ਘੱਟੋ-ਘੱਟ 30 ਮਿੰਟ ਸੈਰ ਜਾਂ ਕਸਰਤ ਕਰਨੀ ਚਾਹੀਦੀ ਹੈ। ਨਮਕ, ਖੰਡ, ਫਾਸਟ ਫੂਡ ਅਤੇ ਤਲੀਆਂ ਹੋਈਆਂ ਚੀਜ਼ਾਂ ਦੀ ਵਰਤੋਂ ਘਟਾਉਣ ਦੇ ਨਾਲ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਸੰਤੁਲਿਤ ਖੁਰਾਕ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਪੈਦਲ ਚੱਲਣ ਦੀ ਆਦਤ ਪਾਉਣ, ਬੇਲੋੜੇ ਵਾਹਨਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ। 30 ਸਾਲ ਦੀ ਉਮਰ ਤੋਂ ਬਾਅਦ ਸਮੇਂ-ਸਮੇਂ ’ਤੇ ਸਿਹਤ ਜਾਂਚ ਕਰਵਾਉਣ ਨਾਲ ਕਈ ਬਿਮਾਰੀਆਂ ਦੀ ਸ਼ੁਰੂਆਤੀ ਪੜਾਅ ’ਤੇ ਪਛਾਣ ਕੀਤੀ ਜਾ ਸਕਦੀ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਹ ਜਾਂਚ ਸਹੂਲਤਾਂ ਮੁਫ਼ਤ ਉਪਲਬਧ ਹਨ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਅਫ਼ਸਰ ਡਾ. ਪ੍ਰਭਦੀਪ ਸਿੰਘ ਚਾਵਲਾ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਫਲੈਗ ਚਾਵਲਾ ਵੀ ਹਾਜ਼ਰ ਸਨ।